ਲੰਡਨ- ਹਾਲ ਹੀ ਵਿਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬ੍ਰਿਟੇਨ ਦੌਰੇ ਤੇ ਸਨ, ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਚਿੱਠੀ ਮੁਤਾਬਕ ਉਨ੍ਹਾਂ ‘ਤੇ ਕੋਰੋਨਾ ਪ੍ਰੋਟੋਕੋਲ ਤੋੜ ਕੇ ਸਮਾਗ਼ਮ ਵਿੱਚ ਸ਼ਾਮਿਲ ਹੋਣ ਤੇ ਗੁਰੂ ਘਰ ਨੂੰ ਦਸ ਹਜ਼ਾਰ ਪੌਂਡ ਜੁਰਮਾਨਾ ਲੱਗਣ ਦੀ ਗੱਲ ਸਾਹਮਣੇ ਆਈ। ਪਰ ਇਸ ਸਾਰੇ ਮਾਮਲੇ ਬਾਰੇ ਸੰਬੰਧਤ ਸ਼ਹਿਰ ਵੁਲਵਰਹੈਂਪਟਨ ਦੇ ਕੌਂਸਲਰ ਭੁਪਿੰਦਰ ਗਾਖ਼ਲ ਨੇ ਕਿਹਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਜਥੇਦਾਰ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਸੀ, ਬਕਾਇਦਾ ਉਨ੍ਹਾਂ ਦਾ ਟੈਸਟ ਵੀ ਹੋਇਆ ਸੀ ਅਤੇ ਉਨ੍ਹਾਂ ਦੀ ਵੈਕਸੀਨ ਦੀ ਡੋਜ਼ ਵੀ ਮੁਕੰਮਲ ਸੀ। ਗਿਆਨੀ ਹਰਪ੍ਰੀਤ ਸਿੰਘ 12 ਸਤੰਬਰ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਸਿੱਖ ਫੌਜੀਆਂ ਦੀ ਅਗਵਾਈ ਕਰਨ ਵਾਲੇ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਬ੍ਰਿਟੇਨ ਪਹੁੰਚੇ ਸਨ। ਇੰਗਲੈਂਡ ਦੇ ਵੁਲਵਰਹੈਂਪਟਨ ਵਿੱਚ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਦਨ ਕੀਤਾ ਗਿਆ। ਇਸ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਸੰਸਦ ਮੈਂਬਰ, ਸਥਾਨਕ ਕੌਂਸਲਰ ਅਤੇ ਫੌਜੀ ਅਫ਼ਸਰਾਂ ਸਮੇਤ ਸਥਾਨਕ ਇਲਾਕਾ ਵਾਸੀ ਵੀ ਮੌਜੂਦ ਸਨ। ਇਸ ਸਮਾਗ਼ਮ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਚਿੱਠੀ ਵਾਇਰਲ ਹੋਣ ਲੱਗੀ ਜਿਸ ਵਿੱਚ ਜਥੇਦਾਰ ਵੱਲੋਂ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਬਾਰੇ ਕਿਹਾ ਗਿਆ। ਇਸ ਕਥਿਤ ਚਿੱਠੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੁਲਵਰਹੈਂਪਟਨ ਦੀ ਵੇਡਨਸਫੀਲਡ ਗੁਰਦੁਆਰਾ ਕਮੇਟੀ ਨੂੰ ਉੱਥੇ ਦੇ ਸਿਹਤ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜੁਰਮਾਨਾ ਲਾਉਣ ਦੀ ਗੱਲ ਵੀ ਲਿਖੀ ਗਈ ਹੈ।ਪਰ ਮੀਡੀਆ ਨਾਲ ਗੱਲ ਕਰਦਿਆਂ ਵੁਲਵਰਹੈਂਪਟਨ ਦੇ ਕੌਂਸਲਰ ਭੁਪਿੰਦਰ ਗਾਖਲ ਨੇ ਕਿਹਾ ਕਿ ਚਿੱਠੀ ਫਰਜ਼ੀ ਹੈ।ਇਸ ਦੀ ਸਗੋਂ ਪੜਤਾਲ ਹੋ ਰਹੀ ਹੈ ਕਿ ਇਹ ਚਿੱਠੀ ਕਿਸ ਨੇ ਫੈਲਾਈ।
ਜਥੇਦਾਰ ਅਕਾਲ ਤਖਤ ਦੀ ਫੇਰੀ ਤੇ ਯੂ ਕੇ ਦੇ ਗੁਰੂਘਰ ਨੂੰ ਜੁਰਮਾਨੇ ਦੀ ਅਫਵਾਹ ਅੱਗ ਵਾਂਗ ਫੈਲੀ

Comment here