ਵਿਸ਼ੇਸ਼ ਲੇਖ

ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ

– ਗਿਆਨੀ ਜੀਵਨ ਸਿੰਘ

ਸੰਸਾਰ ਦੇ ਇਤਿਹਾਸ ਵਿਚ ਕਲਗੀਧਰ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਵਰਗੀ ਹੋਰ ਕੋਈ ਘਟਨਾ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ ਜਰਨੈਲ ਨੇ ਕੁਰਾਨ ਦੀ ਅਤੇ ਪਹਾੜੀ ਰਾਜਿਆਂ ਨੇ ਗੀਤਾ ਦੀ ਕਸਮ ਖਾ ਕੇ ਆਖਿਆ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਛੱਡ ਜਾਣ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਕਿਲ੍ਹਿਆਂ ਦੇ ਅੰਦਰਲੇ ਹਾਲਾਤ ਅਤੇ ਨਗਰ ਵਾਸੀਆਂ ਦੀਆਂ ਬੇਨਤੀਆਂ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਨੇ ਸੰਨ 1704 ਦਸੰਬਰ ਦੀ 20/21 ਤਾਰੀਖ ਦੀ ਵਿਚਕਾਰਲੀ ਬਰਫਾਨੀ ਰਾਤ ਨੂੰ ਡੇਢ ਹਜ਼ਾਰ ਘੋੜਸਵਾਰ ਤੇ ਪੈਦਲ ਸਿੰਘਾਂ ਨਾਲ ਗੁਰੂ ਪਰਿਵਾਰ ਸਮੇਤ ਅਨੰਦਪੁਰੀ ਨੂੰ ਛੱਡਕੇ ਕੀਰਤਪੁਰ ਵੱਲ੍ਹ ਨੂੰ ਚਾਲੇ ਪਾ ਦਿੱਤੇ। ਸਰਸਾ ਨਦੀ ਤੱਕ ਪੁੱਜਣ ਤੋਂ ਪਹਿਲਾਂ ਹੀ ਲੱਖਾਂ ਮੁਗਲ ਤੇ ਪਹਾੜੀ ਫੌਜਾਂ ਨੇ ਖਾਧੀਆਂ ਕਸਮਾਂ ਦੇ ਉਲਟ ਸਿੰਘਾਂ ਵਹੀਰ ਪਰ ਹੱਲਾ ਬੋਲ ਦਿੱਤਾ। ਕੁਝ ਸਮੇਂ ਲਈ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘਾਂ ਨੇ ਦੁਸ਼ਮਣ ਫੌਜਾਂ ਨੂੰ ਰੋਕੀ ਰੱਖਿਆ। ਇਸ ਯੁੱਧ ਵਿਚ ਭਾਈ ਉਦੈ ਸਿੰਘ ਤੇ ਭਾਈ ਜੀਵਨ ਸਿੰਘ ਰੰਘਰੇਟੇ ਅਤੇ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆਂ ਸੀ। ਨਿਤਨੇਮ ਕਰਨ ਉਪਰੰਤ ਗੁਰੂ ਜੀ ਸਮੇਤ ਸਿੰਘਾਂ ਨੇ ਘੋੜੇ ਸ਼ੂਕਦੀ ਨਦੀ ਵਿਚ ਦੀ ਠੇਲ੍ਹ ਦਿੱਤੇ। ਬਹੁਤ ਸਾਰੇ ਸਿੰਘ ਅਤੇ ਧਾਰਮਿਕ ਗ੍ਰੰਥ ਸਰਸਾ ਨਦੀ ਦੀ ਭੇਂਟ ਚੜ੍ਹ ਗਏ। ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰੇ, ਦੋਵੇਂ ਸਾਹਿਬਜ਼ਾਦੇ ਤੇ ਡੇਢ ਕੋ ਸੌ ਘੋੜ ਸਵਾਰ ਸਰਸਾ ਪਾਰ ਕਰਕੇ ਇੱਕ ਜਥੇ ਦੇ ਰੂਪ ਵਿਚ ਇਕੱਠੇ ਹੋ ਕੇ ਰੋਪੜ ਵੱਲ੍ਹ ਨੂੰ ਹੋ ਤੁਰੇ।
ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਭਾਈ ਮਨੀ ਸਿੰਘ ਜੀ ਦੇ ਜਥੇ ਵਿਚ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਦੋ ਟਹਿਲਣਾਂ ਅਤੇ ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਜੋ ਦਿੱਲੀ ਦੇ ਰਹਿਣ ਵਾਲੇ ਸਨ, ਸਰਸਾ ਪਾਰ ਕਰਕੇ ਦਿੱਲੀ ਨੂੰ ਹੋ ਤੁਰੇ। ਮਾਤਾ ਗੁਜਰੀ ਜੀ ਨਾਲ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਰਸਾ ਪਾਰ ਕਰਦੇ ਵਹੀਰ ਨਾਲੋਂ ਵਿਛੜ ਗਏ। ਇਹਨਾਂ ਨੂੰ ਗੰਗਾ ਰਾਮ ਬ੍ਰਾਹਮਣ ਮਿਲ ਗਿਆ ਜੋ ਗੁਰੂ ਘਰ ਦਾ ਟਹਿਲੂਣੀਆ ਅਤੇ ਸਹੇੜੀ ਦਾ ਰਹਿਣ ਵਾਲਾ ਸੀ। ਕਵੀ ਦੂਨਾ ਸਿੰਘ ਹੰਡੂਰੀਆ ਆਪਣੀ ਹੱਥ ਲਿਖਤ ਕਥਾ “ਗੁਰੂ ਸੁਤਲਕੀ ਵਿਚ ਲਿਖਦਾ ਹੈ ਕਿ ਪਰਿਵਾਰ ਵਿਛੜਨ ਸਮੇਂ ਮੈਂ ਖੁਦ ਮਾਤਾ ਜੀ ਤੇ ਸਾਹਿਬਜ਼ਾਦਿਆਂ ਨਾਲ ਸੀ ਕਵੀ ਅਨੁਸਾਰ:

ਸ੍ਰੀ ਫਤਿਹ ਸਿੰਘ ਜ਼ੋਰਾਵਰ ਸਿੰਘ ਬਹੁਰ ਮਾਤਾ ਜੀਤਨੰ
ਦੂਨਾ ਸਿੰਘ ਤਖਾਣ ਸਿੱਖ ਹੰਡੂਰ ਵਾਸੀ ਤਾ ਗੰਨੂੰ॥
ਸਭ ਏਕ ਦਾਸੀ ਦਾਸੀ ਪੰਜ ਥੇ ਚਮਕੌਰ ਤੇ ਦੈ ਹਟੈ,
ਦੂਨਾ ਸਿੰਘ ਜੋ ਇੱਕ ਦਾ ਸੀਤਿਸੀ ਭਾਜੜ ਮੈਂ ਸਟੈ॥

ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨਾਲ ਚਮਕੌਰ ਨੂੰ ਜਾਣਾ ਚਾਹੁੰਦੇ ਸਨ ਐਪਰ ਨਾਲ ਅਸਬਾਬ ਨਾਲ ਭਰੀ ਖੁਰਜੀ ਵੇਖ ਕੇ ਗੰਗੂ ਬ੍ਰਾਹਮਣ ਦੀ ਨੀਅਤ ਫਿੱਟ ਗਈ। ਉਸ ਨੇ ਆਪਣੇ ਪਿੰਡ ਸਹੇੜੀ(ਖੇੜੀ) ਨੂੰ ਚੱਲਣ ਲਈ ਕਿਹਾ। ਪਿੰਡ ਸਹੇੜੀ ਲਿਜਾ ਕੇ ਉਸ ਨੇ ਮਾਤਾ ਜੀ ਤੇ ਗੁਰੂ ਸੁਤਾਂ ਨੂੰ ਬਹੁਤ ਘਟੀਆਂ ਭੋਜਨ ਛੱਕਣ ਨੂੰ ਦਿੱਤਾ। ਅੱਧੀ ਰਾਤ ਅਸ਼ਰਫੀਆਂ ਵਾਲੀ ਖੁਰਜੀ ਚੁਰਾ ਕੇ ਦੂਰ ਦੋਏ ਵਿਚ ਗਡ ਦਿੱਤੀ। ਸਵੇਰੇ ਜਦੋਂ ਮਾਤਾ ਜੀ ਨੇ ਗੰਗੂ ਨੂੰ ਪੁੱਛਿਆ ਕਿ ਜੇਕਰ ਮਾਇਆ ਦੀ ਲੋੜ ਸੀ ਤਾਂ ਮੰਗ ਕੇ ਲੈ ਲੈਂਦਾ ਚੋਰੀ ਕਰਨ ਵਾਲਾ ਬੁਰਾ ਕੰਮ ਕਿਉਂ ਕੀਤਾ। ਮਾਤਾ ਜੀ ਦੀ ਇਹ ਗੱਲ ਸੁਣ ਕੇ ਗੰਗੂ ਲੋਹਾ ਲਾਖਾ ਹੋ ਕੇ ਕਹਿਣ ਲੱਗਾ ਕਿ ਇੱਕ ਤਾਂ ਮੈਂ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਹੈ। ਦੂਜੇ ਤੁਸੀਂ ਮੇਰੇ ਪਰ ਚੋਰੀ ਦੀ ਤੋਹਮਤ ਲਗਾ ਰਹੇ ਹੋ। ਨਮਕ ਹਰਾਮੀ ਗੰਗੂ ਗੁਰੂ ਘਰ ਦਾ 20/21 ਸਾਲ ਨਮਕ ਖਾ ਕੇ “ਇੱਕ ਚੋਰ ਦੂਜਾ ਚਤਰ” ਵਾਲਾ ਡਰਾਮਾ ਕਰ ਰਿਹਾ ਸੀ। ਮਾਇਆ ਦੇ ਲਾਲਚ ਵਿਚ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੋਰਿੰਡੇ ਜਾ ਕੇ ਥਾਣੇ ਦੱਸਿਆ ਕਿ ਮਾਤਾ ਗੁਜਰੀ ਅਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਜ਼ਾਦੇ ਮੇਰੇ ਕਬਜ਼ੇ ਵਿਚ ਪਿੰਡ ਵਿਚ ਹਨ। ਆਪ ਉਹਨਾਂ ਨੂੰ ਫੜਾਉਣ ਬਦਲੇ ਰੱਖਿਆ ਇਨਾਮ ਦੇ ਦੇਵੋ। ਤੁਰੰਤ ਮੋਰਿੰਡੇ ਦੇ ਥਾਣੇਦਾਰ ਜਾਨੀ ਖਾਂ ਮਾਨੀ ਖਾਂ ਨੇ ਸਹੇੜੀ ਜਾ ਕੇ ਬਿਰਧ ਮਾਤਾ ਗੁਜਰੀ ਤੇ ਗੁਰੂ ਜੀ ਦੇ ਨਿੱਕੇ ਲਾਲਾਂ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹਿੰਦ ਵਜੀਰ ਖਾਂ ਦੇ ਪਾਸ ਭੇਜ ਦਿੱਤਾ। ਜਿੱਥੇ ਉਹਨਾਂ ਨੂੰ ਸਿਆਲਾਂ ਦੀ ਬਰਫ ਵਰਗੀ ਠੰਡੀ ਰਾਤ ਨੂੰ ਕਿਲ੍ਹੇ ਦੇ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ। ਠੰਡੇ ਬੁਰਜ ਵਿਚ ਬੈਠੀ ਮਾਤਾ ਗੁਜਰੀ ਅਕਾਲ ਪੁਰਖ ਨੂੰ ਧਿਆਉਂਦੀ ਰਹੀ। ਕਵੀ ਦੂਨਾ ਸਿੰਘ ਮੋਰਿੰਡੇ ਦੇ ਥਾਣੇਦਾਰ ਵਲੋਂ ਗੁਰੂ ਪਰਿਵਾਰ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਘਲਣ ਦਾ ਵਰਤਾਂਤ ਇੳਂ ਲਿਖਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿਚ ਬੰਨ੍ਹਕੇ ਘੋੜੇ ਉਪਰ ਲਦਿਆ ਗਿਆ ਅਤੇ ਮਾਤਾ ਜੀ ਨੂੰ ਇੱਕ ਘੋੜੇ ਉੱਪਰ ਬੰਨਿਆ ਗਿਆ। ਕਵੀ ਅਨੁਸਾਰ :

ਫਿਰ ਫੜ੍ਹੇ ਸਿੰਘ ਜੋਰਾਵਰ ਸਿੰਘ ਤਹਿੰ ਪਾਇ ਬੋਰੀ ਮੇ ਲੀਏ। ਉਪਰ ਤੁ ਘੋੜੇ ਲੱਦ ਕੇ ਬਹੁਰ ਆਗੇ ਕਰ ਲੀਏ॥ (ਕਥਾ ਗੁਰ ਸੰਤ ਕੀ)

ਬੰਦੀਖਾਨੇ ਵਿਚ ਦਾਦੀ ਮਾਂ ਸਾਹਿਬਜ਼ਾਦਿਆਂ ਨੂੰ ਜਗਾ ਕੇ ਸਮਝਾਉਣ ਲਗੀ ‘ਪਤਾ ਜੇ ਤੁਸੀਂ ਉਸ ਗੋਬਿੰਦ ਸਿੰਘ ਸ਼ੇਰ ਗੁਰੂ ਦੇ ਸਪੁੱਤਰ ਹੋ, ਜਿਸ ਜਾਲਮਾਂ ਤੋਂ ਕਦੀ ਈਨ ਨਹੀਂ ਮੰਨੀ। ਧਰਮ ਦੀ ਆਨ ਤੇ ਸ਼ਾਨ ਬਦਲੇ ਆਪਣਾ ਸਭ ਕੁਝ ਦਾਅ ਤੇ ਲਾ ਦਿੱਤਾ,ਧਰਮ ਬਦਲੇ ਆਪਣੇ ਪੂਜਨੀਕ ਪਿਤਾ ਨੂੰ ਸ਼ਹੀਦ ਕਰਵਾਉਣਾ ਮੰਨ ਲਿਆ। ਦੇਖਿੳ ਕਿਤੇ ਵਜ਼ੀਰ ਖਾਂ ਦੇ ਦਿੱਤੇ ਲਾਲਚ ਡਰਾਵੇ ਕਾਰਨ ਧਰਮ ਵੱਲੋਂ ਕਮਜ਼ੋਰੀ ਨਾ ਦਿਖਾ ਬਹਿਣਾ। ਆਪਣੇ ਪਿਤਾ ਦੀ ਸ਼ਾਨ ਨੂੰ ਜਾਨਾਂ ਵਾਰ ਕੇ ਵੀ ਕਾਇਮ ਰੱਖਣਾ”। ਸਾਹਿਬਜ਼ਾਦਿਆਂ ਨੇ ਉੱਤਰ ਵਿਚ ਕਿਹਾ ‘ਮਾਤਾ ਜੀ, ਸਾਡੇ ਵਰਗਾ ਖੁਸ਼ ਕਿਸਮਤ ਕੌਣ ਹੋਵੇਗਾ ਜੇ ਸਾਡਾ ਸੀਸ ਧਰਮ ਹੇਠ ਲੱਗ ਜਾਵੇ।

ਧੰਨ ਭਾਗ ਹੰਮ ਕੇ ਹੈ ਮਾਈ।
ਧਰਮ ਹੇਤਿ ਤਨ ਜੇਕਰ ਜਾਈ॥

ਜਿਸ ਸਮੇਂ ਵਜ਼ੀਰ ਖਾਂ ਦੇ ਸਿਪਾਹੀ ਦੋਹਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਲਿਜਾਣ ਲਈ ਆਏ ਤਾਂ ਉਹਨਾਂ ਨੂੰ ਕੇਸਰੀ ਬਸਤਰ ਪਹਿਨਾ ਕੇ ਤਿਆਰ ਕਰ ਕੇ ਪਿਆਰ ਸਹਿਤ ਥਾਪੜਾ ਦੇ ਕੇ ਸਿਪਾਹੀਆਂ ਨਾਲ ਘੱਲ ਦਿੱਤਾ। ਕਚਹਿਰੀ ਵਿਚ ਨਵਾਬ ਵਜ਼ੀਰ ਖਾਨ ਦੇ ਨਾਲ ਹੋਰ ਵੀ ਵੱਡੇ-ਵੱਡੇ ਦਰਬਾਰੀ ਬੈਠੇ ਹੋਏ ਸਨ। ਦੋਵੇਂ ਗੁਰੂ ਕੇ ਲਾਲਾਂ ਨੇ ਦਰਬਾਰ ਵਿਚ ਜਾਂਦਿਆਂ ਹੀ ਗੱਜਕੇ ਕਿਹਾ

“ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ”

ਸਾਹਿਬਜ਼ਾਦਿਆਂ ਨੇ ਨਿਰਭੈ ਹੋ ਕੇ ਫਤਿਹ ਦੇ ਜੈਕਾਰੇ ਨੂੰ ਸੁਣ ਕੇ ਸਾਰੇ ਦਰਬਾਰੀ ਦੰਗ ਰਹਿ ਗਏ। ਦੀਵਾਨ ਸੁੱਚਾ ਨੰਦ (ਜਿਸ ਨੂੰ ਖਾਲਸਾ ਝੂਠਾ ਨੰਦ ਮੰਨਦਾ ਹੈ) ਨੇ ਕਿਹਾ ਕਿ ਓ ਬੱਚਿੳ! ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰੋ। ਸਾਹਿਬਜ਼ਾਦਿਆਂ ਉੱਤਰ ਦਿੱਤਾ “ਅਸੀਂ ਗੁਰੂ ਅਤੇ ਰੱਬ ਤੋਂ ਛੁੱਟ ਕਿਸੇ ਅੱਗੇ ਸੀਸ ਨਹੀਂ ਨਿਵਾਉਂਦੇ। ਇਹੀ ਸਿੱਖਿਆ ਸਾਨੂੰ ਸਾਡੇ ਪਿਤਾ ਗੁਰੂ ਜੀ ਨੇ ਦਿਤੀ ਹੈ” ਸੂਬੇਦਾਰ ਬੱਚਿਆਂ ਨੂੰ ਸਮਝਾਉਣ ਲੱਗਿਆ ਕਿ ਤੁਹਾਡੇ ਪਿਤਾ ਤੇ ਦੋਵੇਂ ਵੱਡੇ ਵੀਰ ਮਾਰ ਦਿੱਤੇ ਹਨ ਤੁਸੀਂ ਸਿੱਖੀ ਤੋਂ ਕੀ ਲੈਣਾ ਹੈ। ਸਿੱਖ ਧਰਮ ਨੂੰ ਤਾਂ ਅਸੀਂ ਮੂਲੋਂ ਹੀ ਖਤਮ ਕਰ ਦੇਣਾ ਹੈ, ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲਵੋ। ਜੇਕਰ ਮੁਸਲਮਾਨ ਬਣਨਾ ਕਬੂਲ ਨਹੀਂ ਕਰੋਗੇ ਤਾਂ ਕਸ਼ਟ ਦੇ ਦੇ ਕੇ ਮਾਰ ਦਿੱਤੇ ਜਾਉਗੇ। ਤੁਹਾਡੀ ਸਰੀਰਾਂ ਦੇ ਟੁੱਕੜੇ ਟੁੱਕੜੇ ਕਰ ਦਿੱਤੇ ਜਾਣਗੇ। ਦੋਵੇਂ ਸਾਹਿਬਜ਼ਾਦਿਆਂ ਗਰਜ ਕੇ ਉੱਤਰ ਦਿੱਤਾ “ੳਇ ਸੂਬਿਆ! ਸਾਨੂੰ ਸਿੱਖੀ ਜਾਨ ਨਾਲੋਂ ਪਿਆਰੀ ਹੈ। ਦੁਨੀਆਂ ਦਾ ਕੋਈ ਲਾਲਚ ਸਾਨੂੰ ਸਿੱਖੀ ਸਿਦਕ ਤੋਂ ਡੁਲ੍ਹਾ ਨਹੀਂ ਸਕਦਾ। ਅਸੀਂ ਦਸਮੇਸ਼ ਪਿਤਾ ਦੇ ਸ਼ੇਰ ਬੱਚੇ ਹਾਂ ਅਤੇ ਕਿਸੇ ਪਾਸੋਂ ਡਰਦੇ ਨਹੀਂ, ਅਸੀਂ ਉਸ ਦਾਦੇ ਦੇ ਪੋਤੇ ਹਾਂ ਜਿਸਨੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਪਰ ਧਰਮ ਨਹੀਂ ਹਾਰਿਆ। ਸੱਤ ਸਾਲ ਤੇ ਨੌ ਸਾਲ ਦੇ ਛੋਟੇ ਬੱਚਿਆਂ ਦੇ ਬਹਾਦਰਾਂ ਵਾਲੇ ਬਚਨ ਸੁਣਕੇ ਦਰਬਾਰ ਵਿਚ ਚੁੱਪ ਵਰਤ ਗਈ, ਪਾਪੀ ਸੁੱਚਾ ਨੰਦ ਨਵਾਬ ਵਜ਼ੀਰ ਖਾਨ ਨੂੰ ਭੜਕਾਉਣ ਖਾਤਰ ਬੋਲ ਉੱਠਿਆ ਕਿ ਇੰਨੀ ਛੋਟੀ ਉਮਰ ਵਿਚ ਇਹ ਦਰਬਾਰ ਵਿਚ ਐਨੀ ਅੱਗ ਉੱਗਲ ਰਹੇ ਹਨ ਤਾਂ ਵੱਡੇ ਹੋ ਕੇ ਹਕੂਮਤ ਲਈ ਵਖਤ ਪਾ ਦੇਣਗੇ। ਇਹਨਾਂ ਦਾ ਤਾਂ ਹੁਣੇ ਹੀ ਮੋਕੂ ਠੱਪ ਦੇਣਾ ਚਾਹੀਦਾ ਹੈ।

ਸੂਬਾ ਸਰਹਿੰਦ ਬੱਚਿਆਂ ਨੂੰ ਮਾਰਨ ਦੀ ਥਾਂ ਇਸਲਾਮ ‘ਚ ਲਿਆਉਣਾ ਲੋਚਦਾ ਸੀ। ਉਹ ਜਗਤ ਨੂੰ ਦੱਸਣਾ ਚਾਹੁੰਦਾ ਸੀ ਕਿ ਗੁਰੂ ਦੇ ਪੁੱਤਰਾਂ ਨੇ ਸਿੱਖੀ ਤੋਂ ਇਸਲਾਮ ਨੂੰ ਚੰਗਾ ਜਾਣਿਆ। ਬੱਚਿਆਂ ਨੂੰ ਦਾਦੀ ਨਾਲ ਸਲਾਹ ਕਰਨ ਖਾਤਰ ਕਚਹਿਰੀ ਅਗਲੇ ਦਿਨ ਲਈ ਉੱਠ ਗਈ। ਸਿਪਾਹੀ ਦੋਵੇਂ ਬੱਚਿਆਂ ਨੂੰ ਮਾਤਾ ਗੁਜਰੀ ਪਾਸ ਵਾਪਸ ਲੈ ਆਏ। ਗੁਰੂ ਦੇ ਲਾਲਾਂ ਨੁੰ ਸਿੱਖੀ ਸਰੂਪ ਵਿਚ ਸਹੀ ਸਲਾਮਤ ਆਉਂਦੇ ਵੇਖ ਕੈ ਦਾਦੀ ਮਾਂ ਨੇ ਅਕਾਲ ਪੁਰਖ ਦਾ ਦਿਲੋਂ ਧੰਨਵਾਦ ਕੀਤਾ। ਕਾਫੀ ਸਮਾਂ ਗਲਵੱਕੜੀ ਵਿਚ ਲਏ ਬੱਚੇ ਦਾਦੀ ਮਾਂ ਦੇ ਪਿਆਰ ਦਾ ਅਨੰਦ ਮਾਣਦੇ ਰਹੇ। ਬੱਚਿਆਂ ਨੂੰ ਅਗਲੇ ਦਿਨ ਫਿਰ ਕਚਹਿਰੀ ਵਿਚ ਹੋਰ ਵੀ ਵਧੇਰੇ ਲਾਲਚ ਡਰਾਵੇ ਦਿੱਤੇ ਗਏ। ਐਪਰ ਸਾਹਿਬਜ਼ਾਦੇ ਧਰਮ ਤੋਂ ਨਹੀਂ ਡੋਲੇ। ਦਾਦੀ ਮਾਂ ਨੇ ਕਚਹਿਰੀ ਤੋਂ ਵਾਪਸ ਸਾਬਤ ਸੂਰਤ ਆਉਂਦੇ ਸਾਹਿਬਜ਼ਾਦਿਆਂ ਨੂੰ ਤੱਕ ਕੇ ਅਕਾਲ ਪੁਰਖ ਦਾ ਲੱਖ-ਲੱਖ ਧੰਨਵਾਦ ਕੀਤਾ।

ਤੀਜੇ ਦਿਨ ਕਚਹਿਰੀ ਵੱਲ ਭੇਜਣ ਲੱਗਿਆਂ ਫਿਰ ਲਾਲਾਂ ਨੂੰ ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਾਕੇ ਸੁਣਾਏ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਤੇ ਉਹਨਾਂ ਵਾਂਗੂ ਸਿੱਖੀ ਧਰਮ ਅਤੇ ਸਿਦਕ ਪਰ ਡਟ ਕੇ ਪਹਿਰਾ ਦੇਣ ਦੀ ਸਿੱਖਿਆ ਦਿੱਤੀ। ਦਾਦੀ ਮਾਂ ਨੂੰ ਸੰਦੇਹ ਸੀ ਕਿ ਸ਼ਾਇਦ ਅੱਜ ਦਾ ਲਾਲਾਂ ਦਾ ਵਿਛੋੜਾ ਸਦਾ ਲਈ ਵਿਛੋੜਾ ਬਣ ਜਾਵੇ। ਮਾਸੂਮ ਨਿੱਕੀਆਂ ਜਿੰਦਾਂ ਨੂੰ ਰਜ-ਰਜ ਮੱਥੇ ਚੁਮ ਚੁਮ ਬਾਵਾਰਦੀ ਸਿਪਾਹੀਆਂ ਨਾਲ ਕਚਿਹਰੀ ਤੋਰ ਦਿੱਤਾ। ਜਦੋਂ ਸੂਬਾ ਸਰਹਿੰਦ ਦੇ ਸਾਹਿਬਜ਼ਾਦਿਆਂ ਨੂੰ ਇਸਲਾਮ ਧਾਰਨ ਕਰਵਾਉਣ ਦੇ ਸਾਰੇ ਯਤਨ ਨਾਕਾਮ ਹੋ ਗਏ ਅਤੇ ਦੀਵਾਨ ਸੁੱਚਾ ਨੰਦ ਦੀ ਲਾਈ ਅੱਗ ਭਾਂਬੜ ਦਾ ਰੂਪ ਧਾਰਨ ਕਰ ਗਈ ਤਾਂ ਸੂਬਾ ਸਰਹਿੰਦ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮਹੁੰਮਦ ਖਾਨ ਨੂੰ ਸਾਹਿਬਜ਼ਾਦਿਆਂ ਨੁੰ ਸਜਾਏ ਮੌਤ ਦੇਣ ਲਈ ਆਖਿਆ ਤਾਂ ਜੋ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਕਤਲ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲਵੇ।(ਨਵਾਬ ਮਲੇਰਕੋਟਲੇ ਦਾ ਭਰਾ ਨਾਹਰ ਖਾਨ ਚਮਕੌਰ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਸੀ) ਨਵਾਬ ਮਲੇਰਕੋਟਲਾ ਨੇ ਮਰਦਾਨਵੀ ਜੁਰੱਅਤ ਨਾਲ ਕਿਹਾ –

ਬਦਲਾ ਹੀ ਲੇਨਾ ਹੋਗਾ, ਤੋ ਹਮ ਲੇਂਗੇ ਬਾਪ ਸੇ। ਮਹਿਫੂਜ ਰਖੇ ਖੁਦਾ

ਦੀਵਾਨ ਸੁੱਚਾ ਨੰਦ ਦੀ ‘ਕੁਚੱਜੀ ਸਲਾਹ ਤੋਂ ਪ੍ਰਭਾਵਿਤ ਹੋ ਕੇ ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਜਿਬਾਹ (ਕਤਲ ) ਕਰਨ ਦਾ ਹੁਕਮ ਕਰ ਦਿੱਤਾ। ਨਵਾਬ ਮਲੇਰਕੋਟਲਾ ਜੋ ਕਚਹਿਰੀ ਵਿਚ ਹਾਜਰ ਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਸਲਾਮੀ ਸ਼ਰ੍ਹਾ ਅਨੁਸਾਰ ਮਾਸੂਮਾਂ ਤੇ ਨਿਰਦੋਸ਼ ਬੱਚਿਆਂ ਨੂੰ ਕਤਲ ਕਰਨਾ ਭਾਰੀ ਗੁਨਾਹ ਹੈ ਤੇ ਪਾਪ ਹੈ। ਇਹ ਕਹਿ ਕੇ ਕਚਹਿਰੀ ਵਿਚੋਂ ਉੱਠ ਕੇ ਚਲਾ ਗਿਆ। ਬਹੁਤੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਦੋਹਾਂ ਗੁਰੂ ਪੁੱਤਰਾਂ ਨੂੰ ਇੱਕ ਥਾਂ ਖੜਾ ਕਰਕੇ ਉਹਨਾਂ ਦੇ ਇਰਦ ਗਿਰਦ ਇੱਟਾਂ ਨਾਲ ਦੀਵਾਰ ਚਿਣੀ ਗਈ ਜਦੋਂ ਦੋਹਾਂ ਸਾਹਿਜ਼ਾਦਿਆਂ ਦੀ ਛਾਤੀ ਤੱਕ ਦੀਵਾਰ ਪੁੱਜੀ ਤਾਂ ਇੱਕਦਫਾ ਫੇਰ ਉਹਨਾਂ ਨੂੰ ਇਸਲਾਮ ਕਬੂਲਣ ਦੀ ਗੱਲ ਪੁੱਛੀ ਗਈ ਐਪਰ ਕਲਗੀਧਰ ਦੇ ਦੁਲਾਰਿਆਂ ਕੜਖਵਾਂ ਉੱਤਰ ਦਿੱਤਾ ਕਿ ਅਸੀਂ ਉਸ ਦਸਮੇਸ਼ ਪਿਤਾ ਦੇ ਲਾਲ ਹਾਂ ਜਿਸ ਪਾਸੋਂ ਸ਼ਾਹੀ ਮੁਗਲ ਸਰਕਾਰ ਕੰਬ ਰਹੀ ਹੈ। ਕਦੇ ਵੀ ਜ਼ਬਰ ਅੱਗੇ ਸਬਰ ਨੇ ਝੁਕਣਾ ਨਹੀਂ। ਸਾਹਿਬਜ਼ਾਦੇ ਕਾਜ਼ੀ ਨੂੰ ਕਹਿ ਰਹੇ ਸਨ। ਸਾਨੂੰ ਇਹੀ ਸਿੱਖਿਆ ਸਾਡੇ ਪਿਤਾ ਗੁਰੂ ਜੀ ਨੇ ਦਿੱਤੀ ਹੈ” ਆਖਰ ਵਿਚ ਜਦੋਂ ਦੀਵਾਰ ਬਾਬਾ ਫਤਿਹ ਸਿੰਘ ਦੇ ਗਲੇ ਤੱਕ ਪੁੱਜੀ ਤਾਂ ਕਾਜ਼ੀ ਦੇ ਇਸ਼ਾਰੇ ਨਾਲ ਸਮਾਣੇ ਦੇ ਜਲਾਦ ਸ਼ਾਸ਼ਲ ਬੇਗ ਨੇ ਬਾਬਾ ਫਤਿਹ ਸਿੰਘ ਜੀ ਦਾ ਸੀਸ ਤਲਵਾਰ ਦੇ ਇੱਕੋ ਵਾਰ ਨਾਲ ਧੜ ਤੋਂ ਅਲੱਗ ਕਰ ਦਿੱਤਾ। ਅਖੀਰ ਨੂੰ ਮਾਤਾ ਗੁਜਰੀ ਜੀ ਨੂੰ ਵੀ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ। ਦਸਮੇਸ਼ ਪਿਤਾ ਦੇ ਸੂਰਵੀਰ ਧਰਮੀ ਦੁਲਾਰਿਆਂ ਨੂੰ ਮੁਗਲੀ ਹਕੂਮਤ ਦੇ ਲਾਲਚ ਤੇ ਡਰਾਵੇ ਸਿੱਖੀ ਧਰਮ ਤੋਂ ਨਾ ਡਰਾ ਸਕੇ। ਜਦੋਂ ਰਾਏ ਕੱਲ੍ਹੇ ਦੇ ਘਲੇ ਹਰਕਾਰੇ ਨੂਰੇ ਮਾਹੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸਰਹਿੰਦ ਤੋਂ ਖਬਰ ਲਿਆਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਦੇ ਲਾਲਾਂ ਦੀ ਹਿਰਦੇ-ਬੇਧਕ ਸ਼ਹੀਦੀ ਦੀ ਧਰਮ ਭਰੀ ਦਾਸਤਾਨ ਸੁਣਾਈ ਤਾਂ ਗੁਰੂ ਸਾਹਿਬ ਨੇ ਕਾਹੀ ਦਾ ਬੂਟਾ ਤੀਰ ਨਾਲ ਪੁੱਟਕੇ ਬਚਨ ਕੀਤਾ ਕਿ ਅਬਦੁਲ ਗਨੀ ਲਿਖਦਾ ਹੈ ਕਿ ਸਤਿਗੁਰ ਬਚਨ ਕੀਤਾ :

ਦੁਸ਼ਟਨ ਬਾਲ ਮਾਰੇ ਅਤਿ ਪਾਪੀ ਉਖੜੀ ਜੜ ਤੁਰਕਾ ਸਭ ਧਾਂਪੀ॥
ਕਲਗੀਧਰ ਪਿਤਾ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਵਾਹਿਗੁਰੂ ਦੀ ਅਮਾਨਤ ਉਸ ਪਾਸ ਸਹੀ ਸਲਾਮਤ ਪੁੱਜ ਗਈ ਹੈ।

ਇਹ ਉਹ ਸ਼ਹੀਦੀ ਵਿਰਸਾ ਹੈ ਜੋ ਸਿੰਘਾਂ ਸੂਰਿਆਂ ਅਤੇ ਗੁਰੂਆਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਕੌਮ ਨੂੰ ਦਿੱਤਾ। ਕੌਮੀ ਪ੍ਰਵਾਨਿਆਂ ਦੀਆਂ ਲਾਸਾਨੀ ਕੁਰਬਾਨੀਆਂ ਸਾਨੂੰ ਚੇਤਾਵਨੀ ਦਿੰਦੀਆਂ ਹਨ ਕਿ ਵੇਖਣਾ ਕਿਤੇ ਧਰਮ ਦਾ ਸੌਦਾ ਨਾ ਕਰ ਬੈਠਣਾ। ਸਿੱਖੀ ਅਮੋਲਕ ਵਸਤੂ ਹੈ। ਜੇਕਰ ਅੱਜ ਸਾਡੇ ਬੱਚੇ ਗੁਰਬਾਣੀ ਅਤੇ ਆਪਣੇ ਸੁਨਹਿਰੀ ਇਤਿਹਾਸ ਨਾਲ ਜੁੜੇ ਰਹਿਣਗੇ ਅਤੇ ਸਾਹਿਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਪ੍ਰੇਰਣਾ ਲੈਣਗੇ ਤਾਂ ਸਿੱਖੀ ਧਰਮ ਵੱਧਦਾ ਫੁੱਲਦਾ ਰਹੇਗਾ।

ਸਿੱਖੀ ਸਿਧਾਂਤ ਹੈ ਕਿ “ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ” ਗਿਆਨੀ ਲਾਲ ਸਿੰਘ ਗੁਰੂ ਖਾਲਸਾ ਤਵਾਰੀਖ ਵਿਚ ਲਿਖਦੇ ਹਨ ਕਿ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਕੇ ਸਾਹਿਜ਼ਾਦਿਆਂ ਤੇ ਮਾਤਾ ਜੀ ਦੀਆਂ ਲੋਥਾਂ ਆਮ ਬਜ਼ਾਰ ਵਿਚ ਸੁੱਟਵਾਈਆਂ ਗਈਆਂ ਸਨ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ 13 ਪੋਹ 1761 ਬਿ: ਮੁਤਾਬਕ 27 ਦਸੰਬਰ ਸੰਨ 1704 ਈ ਨੂੰ ਹੋਈ ਸੀ। ਛੋਟੇ ਸਾਹਿਬਜ਼ਾਦਿਆਂ ਦੀ ਉਮਰਾਂ- ਬਾਬਾ ਜ਼ੋਰਾਵਰ ਸਿੰਘ ਨੌ ਸਾਲ ਅਤੇ ਬਾਬਾ ਫਤਿਹ ਸਿੰਘ ਸੱਤ ਸਾਲ ਸਨ।  ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜ਼ੁਲਮੀ ਸੂਬਾ ਸਰਹਿੰਦ ਵਜ਼ੀਰ ਖਾਨ ਨੂੰ ਸੋਧਣ ਲਈ ਸਰਹਿੰਦ ਪਾਰ ਚੜ੍ਹਾਈ ਕਰਕੇ ਆਇਆ ਤਾਂ ਘਮਸਾਨ ਦੇ ਯੁੱਧ ਵਿਚ ਭਾਈ ਫਤਿਹ ਸਿੰਘ ਨੇ ਇੱਕੋ ਤਲਵਾਰ ਦੇ ਵਾਰ ਨਾਲ ਵਜ਼ੀਰ ਖਾਨ ਦਾ ਸਿਰ ਗਾਜਰ ਵਾਗੋਂ ਧੜ ਨਾਲੋਂ ਵੱਖ ਕਰ ਦਿੱਤਾ। ਜਿਸ ਨਾਲ ਮੁਗਲੀ ਫੌਜਾਂ ਵਿਚ ਭਗਦੜ ਮੱਚ ਗਈ। ਖਾਲਸਾਈ ਫੌਜਾਂ ਵਲੋਂ ਜ਼ੁਲਮੀ ਪਾਪੀਆਂ ਨੂੰ ਉਹਨਾਂ ਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਗਈ। ਸੁੱਚਾ ਨੰਦ ਦਾ ਘਰ ਢੈਅ ਢੇਰੀ ਕਰ ਦਿੱਤਾ ਗਿਆ।ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਗਈ। ਜ਼ੁਲਮੀ ਰਾਜ ਦਾ ਭੋਗ ਪੈ ਗਿਆ। ਜਦੋਂ ਦਮਦਮਾ ਸਾਹਿਬ (ਤਲਵੰਡੀ ਸਾਬੋ), ਵਿਖੇ ਗੁਰੂ ਦੇ ਮਹਿਲਾਂ ਦਿੱਲੀ ਤੋਂ ਆ ਕੇ ਚਾਰੇ ਲਾਲਾਂ ਦੇ ਨਜ਼ਰ ਨਾ ਆਉਣ ਬਾਰੇ ਪੁੱਛ ਕੀਤੀ ਤਾਂ ਗੁਰੂ ਸਾਹਿਬ ਦਰਬਾਰ ਵਿਚ ਸਜੀ ਸੰਗਤ ਵਲੋਂ ਹੱਥ ਕਰਕੇ ਕਹਿਣ ਲੱਗੇ;

“ਅਮਰ ਰਹਿੰਦੀਆਂ ਜਹਾਨ ਤੇ ਉਹ ਕੌਮਾਂ, ਵੀਰ ਜਿੰਨ੍ਹਾਂ ਦੇ ਘਾਲਾਂ ਘਾਲਦੇ ਨੇ ਛੰਨੇ ਖੋਪਰੀ ਦੇ ਫੜਕੇ ਪੁੱਤ ਜਿਸ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਲਾਵਦੇ ਨੇ”

ਇਹਨਾਂ ਅਮਰ ਸ਼ਹੀਦਾਂ ਦੀ ਯਾਦ ਵਿਚ ਫਤਿਹਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ ਮੇਲਾ ਹੁੰਦਾ ਹੈ। ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਲੰਮੇ ਲੰਮੇ ਪੈਂਡੇ ਮਾਰ ਕੇ ਲੱਖਾਂ ਦੀ ਗਿਣਤੀ ਵਿਚ ਪੁੱਜਦੀਆਂ ਹਨ। ਜੋੜ ਮੇਲੇ ਦੇ ਆਖਰੀ ਦਿਨ ਨਗਰ ਕੀਰਤਨ ਕਰਦੀਆਂ ਸੰਗਤਾਂ ਜੋਤੀ ਸਰੂਪ ਪੁੱਜ ਕੇ ਅੰਤਮ ਵਿਦਾਇਗੀ ਲੈਂਦੀਆਂ ਹਨ।

Comment here