ਨਵੀਂ ਦਿੱਲੀ-ਦੁਨੀਆ ਦੇ ਕਈ ਛੋਟੇ ਦੇਸ਼ਾਂ ਦੀ ਕਰੰਸੀ ਦੇ ਸਾਹਮਣੇ ਪਾਕਿਸਤਾਨ ਦੀ ਕਰੰਸੀ ਬੇਹੱਦ ਕਮਜ਼ੋਰ ਦਿਖਾਈ ਦਿੰਦੀ ਹੈ। ਹੁਣ ਹਾਲ ਇਹ ਹੈ ਕਿ ਅਫਗਾਨਿਸਤਾਨ ਵਰਗੇ ਛੋਟੇ ਜਿਹੇ ਦੇਸ਼ ਦੇ ਸਾਹਮਣੇ ਵੀ ਪਾਕਿਸਤਾਨ ਦਾ ਰੁਪਇਆ ਬੇਹੱਦ ਕਮਜ਼ੋਰ ਨਜ਼ਰ ਆ ਰਿਹਾ ਹੈ। ਅਫਗਾਨਿਸਤਾਨ ਤੋਂ ਇਲਾਵਾ ਏਸ਼ੀਆ ਦੇ ਕਈ ਛੋਟੇ ਦੇਸ਼ਾਂ ਦੀ ਕਰੰਸੀ ਵੀ ਪਾਕਿਸਤਾਨ ਤੋਂ ਮਜ਼ਬੂਤ ਸਥਿਤੀ ’ਚ ਹੈ। ਪਾਕਿਸਤਾਨ ਲਗਾਤਾਰ ਆਰਥਿਕ ਤੰਗੀ ਦੀ ਮਾਰ ਝੱਲ ਰਿਹਾ ਹੈ। ਜੇ ਮੌਜੂਦਾ ਸਮੇਂ ਵਿਚ ਪਾਕਿਸਤਾਨ ਦੇ 1 ਰੁਪਏ ਦੀ ਤੁਲਨਾ ਅਮਰੀਕੀ ਡਾਲਰ ਨਾਲ ਕਰੀਏ ਤਾਂ ਇਕ ਡਾਲਰ ਪਾਕਿਸਤਾਨ ਦੇ 306.33 ਰੁਪਏ ਦੇ ਬਰਾਬਰ ਹੈ। ਪਾਕਿਸਤਾਨ ਦੀ ਕਰੰਸੀ ਨਾ ਸਿਰਫ ਅਮਰੀਕੀ ਡਾਲਰ ਦੇ ਮਾਮਲੇ ’ਚ ਘੱਟ ਹੈ ਸਗੋਂ ਏਸ਼ੀਆ ਦੇ ਕਈ ਅਜਿਹੇ ਦੇਸ਼ ਹਨ, ਜਿਨ੍ਹਾਂ ਦੇ ਮੁਕਾਬਲੇ ਪਾਕਿਸਤਾਨ ਦੀ ਕਰੰਸੀ ਬੇਹੱਦ ਕਮਜ਼ੋਰ ਹੈ। ਨੇਪਾਲ, ਅਫਗਾਨਿਸਤਾਨ, ਭੂਟਾਨ, ਬੰਗਲਾਦੇਸ਼, ਈਰਾਕ ਅਤੇ ਚੀਨ ਨਾਲੋਂ ਇਹ ਕਮਜ਼ੋਰ ਹੈ। ਇਸ ਦਾ ਮਤਲਬ ਪਾਕਿਸਤਾਨੀ ਰੁਪਇਆ ਨਾ ਸਿਰਫ ਆਪਣੇ ਤੋਂ ਵੱਡੇ ਦੇਸ਼ਾਂ ਦੇ ਮੁਕਾਬਲੇ ਕਮਜ਼ੋਰ ਹੈ ਸਗੋਂ ਕਈ ਛੋਟੇ ਦੇਸ਼ਾਂ ਦੀ ਕਰੰਸੀ ਤੋਂ ਵੀ ਕਮਜ਼ੋਰ ਹੈ।
ਪਾਕਿਸਤਾਨ ਵਿਚ ਲਗਾਤਾਰ ਵਧ ਰਹੀ ਮਹਿੰਗਾਈ
ਪਾਕਿਸਤਾਨ ਦੀ ਆਰਥਿਕ ਹਾਲਤ ਬੇਹੱਦ ਖਰਾਬ ਹੋ ਗਈ ਹੈ। ਪਾਕਿਸਤਾਨ ਵਿਚ ਮਹਿੰਗਾਈ ਰਿਕਾਰਡ ਪੱਧਰ ’ਤੇ ਪੁੱਜ ਗਈ ਹੈ। ਲੋਕਾਂ ਲਈ ਇੱਥੇ ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤਾਂ ਖਰੀਦਣਾ ਵੀ ਬੇਹੱਦ ਮੁਸ਼ਕਲ ਹੁੰਦਾ ਜਾ ਰਿਹਾ ਹੈ। ਆਟੇ ਅਤੇ ਚੌਲਾਂ ਦੀ ਕੀਮਤ ਵੀ ਇੱਥੇ ਕਈ ਗੁਣਾ ਵਧ ਚੁੱਕੀ ਹੈ। ਪਾਕਿਸਤਾਨ ਵਿਚ ਸਿਆਸੀ ਅਸਥਿਰਤਾ ਅਤੇ ਅੱਤਵਾਦ ਕਾਰਨ ਆਰਥਿਕ ਮੰਦੀ ਹੈ। ਉੱਥੇ ਹੀ ਅਫਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੇ ਭ੍ਰਿਸ਼ਟਾਚਾਰ ’ਤੇ ਰੋਕ ਲਾਉਣ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਕਦਮ ਉਠਾਏ ਹਨ। ਅਜਿਹੇ ’ਚ ਹੁਣ ਅਫਗਾਨਿਸਤਾਨ ਪਾਕਿਸਤਾਨ ਤੋਂ ਅੱਗੇ ਨਿਕਲਦਾ ਦਿਖਾਈ ਦੇ ਰਿਹਾ ਹੈ।
ਸਿਆਸੀ ਅਸਥਿਰਤਾ ਕਾਰਨ ਪਾਕਿਸਤਾਨੀ ਰੁਪਏ ਦਾ ਹਾਲ ਬੇਹਾਲ
ਪਾਕਿਸਤਾਨ ਦੀ ਕਰੰਸੀ ਦਾ ਹਾਲ ਬੇਹਾਲ ਹੋਣ ਦਾ ਇਕ ਕਾਰਨ ਸਿਆਸੀ ਅਸਥਿਰਤਾ ਹੈ। ਇਸ ਕਾਰਨ ਆਰਥਿਕ ਅਨਿਸ਼ਚਿਤਤਾ ਵਧ ਗਈ ਹੈ। ਇਸ ਨਾਲ ਨਿਵੇਸ਼ਕਾਂ ਨੂੰ ਪਾਕਿਸਤਾਨ ’ਚ ਪੈਸਾ ਲਗਾਉਣ ਵਿਚ ਦਿਲਚਸਪੀ ਘਟ ਰਹੀ ਹੈ। ਇਸ ਦੇ ਉਲਟ ਅਫਗਾਨਿਸਤਾਨ ’ਚ ਸਥਿਰਤਾ ਹੈ। ਤਾਲਿਬਾਨ ਸਰਕਾਰ ਨੇ ਭ੍ਰਿਸ਼ਟਾਚਾਰ ’ਤੇ ਰੋਕ ਲਾਉਣ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਕਈ ਕਦਮ ਉਠਾਏ ਹਨ। ਇਸ ਨਾਲ ਨਿਵੇਸ਼ਕਾਂ ਦੀ ਅਫਗਾਨਿਸਤਾਨ ਵਿਚ ਪੈਸਾ ਲਗਾਉਣ ’ਚ ਦਿਲਚਸਪੀ ਵਧੀ ਹੈ। ਇਸ ਨਾਲ ਅਫਗਾਨਿਸਤਾਨ ਦੀ ਕਰੰਸੀ ਮਜ਼ਬੂਤ ਹੋ ਰਹੀ ਹੈ।
ਅਫਗਾਨਿਸਤਾਨ ਦੀ ਕਰੰਸੀ ਦੇ ਸਾਹਮਣੇ ਅਜਿਹਾ ਹੋਇਆ ਹਾਲ
ਅਫਗਾਨਿਸਤਾਨ ਦੀ ਕਰੰਸੀ ਦੀ ਤੁਲਨਾ ਜੇ ਪਾਕਿਸਤਾਨ ਦੇ ਰੁਪਏ ਨਾਲ ਕਰੀਏ ਤਾਂ ਇਸ ਦਾ ਹਾਲ ਬੇਹਾਲ ਹੈ। ਅਫਗਾਨਿਸਤਾਨ ਦੀ ਕਰੰਸੀ ਦਾ ਨਾਂ ਅਫਗਾਨੀ ਹੈ। ਇਕ ਜ਼ਮਾਨੇ ਵਿਚ ਇੱਥੇ ਅਫਗਾਨ ਰੁਪਇਆ ਚਲਦਾ ਸੀ ਪਰ 1925 ’ਚ ਦੇਸ਼ ਵਿਚ ਨਵੀਂ ਕਰੰਸੀ ਅਫਗਾਨੀ ਸ਼ੁਰੂ ਹੋਈ। ਅੱਜ ਇਕ ਅਫਗਾਨੀ ਪਾਕਿਸਤਾਨ ਦੇ 4.17 ਰੁਪਏ ਦੇ ਬਰਾਬਰ ਹੈ। ਪਾਕਿਸਤਾਨ ਵਿਚ ਜਦੋਂ ਤੋਂ ਆਰਥਿਕ ਸੰਕਟ ਵਧਿਆ ਹੈ ਉਦੋਂ ਤੋਂ ਦੇਸ਼ ਦੀ ਕਰੰਸੀ ਵੀ ਡਾਊਨ ਜਾ ਰਹੀ ਹੈ। ਇਸ ਦੌਰਾਨ ਪਾਕਿਸਤਾਨੀ ਕਰੰਸੀ ਰਿਕਾਰਡ ਤੋੜ ਪੱਧਰ ’ਤੇ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਈ ਹੈ। ਪਾਕਿਸਤਾਨੀ ਰੁਪਏ ਦੇ ਮੁਕਾਬਲੇ ਅਫਗਾਨੀ ਰੁਪਇਆ ਮਜ਼ਬੂਤ ਹੈ।
Comment here