ਸਿਆਸਤਖਬਰਾਂ

ਛੋਟੇਪੁਰ ਮੁੜ ਆਪਕਿਆਂ ਚ ਜਾਣਗੇ!!!

ਗੁਰਦਾਸਪੁਰ-ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਬਾਰੇ ਇਕ ਐਸੀ ਖਬਰ ਆ ਰਹੀ ਹੈ, ਜਿਸ ਤੇ ਛੇਤੀ ਯਕੀਨ ਨਹੀਂ ਹੋ ਰਿਹਾ, ਪਰ ਸਿਆਸਤ ਚ ਕੁਝ ਵੀ ਜਾਇਜ਼ ਹੁੰਦਾ ਹੈ। ਚਰਚਾ ਹੋ ਰਹੀ ਹੈ ਕਿ ਮਾਝੇ ਦੇ ਸਿਆਸੀ ਆਗੂ ਸੁੱਚਾ ਸਿੰਘ ਛੋਟੇਪੁਰ ਮੁੜ ਆਮ ਆਦਮੀ ਪਾਰਟੀ ਦਾ ਝਾੜੂ ਫੜ ਸਕਦੇ ਹਨ।  ਛੋਟੇਪੁਰ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੇ ਸੰਪਰਕ ਵਿੱਚ ਹਨ ਅਤੇ ਜਲਦ ਹੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਛੋਟੇਪੁਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸਨ ਪਰ  ਗੁਰਦਾਸਪੁਰ ਦੀ ਜਿਸ ਸੀਟ ‘ਤੋਂ ਸੁੱਚਾ ਸਿੰਘ ਛੋਟੇਪੁਰ ਚੋਣ ਲੜਨਾ ਚਾਹੁੰਦੇ ਸਨ ਉਸ ‘ਤੇ ਦੋਹਾਂ ਧਿਰਾਂ ਵਿਚਕਾਰ ਸਹਿਮਤੀ ਨਹੀਂ ਬਣ ਪਾਈ ਸੀ।  2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਤੋਂ ਵੱਖ ਹੋ ਗਏ ਸਨ। ਛੋਟੇਪੁਰ ਉਸ ਸਮੇਂ ਪਾਰਟੀ ਦੇ ਸੂਬਾ ਕਨਵੀਨਰ ਸਨ। ਪਾਰਟੀ ਨਾਲ ਹੋਏ ਮਤਭੇਦਾਂ ਕਾਰਨ ‘ਆਪ’ ਅਤੇ ਛੋਟੇਪੁਰ ਦੇ ਰਾਹ ਵੱਖ-ਵੱਖ ਹੋ ਗਏ ਸਨ। ਆਮ ਆਦਮੀ ਪਾਰਟੀ ਤੋਂ ਵੱਖ ਹੋਣ ਮਗਰੋਂ ਛੋਟੇਪੁਰ ਨੇ ‘ਆਪਣਾ ਪੰਜਾਬ’ ਨਾਮ ਦੀ ਇੱਕ ਵੱਖਰੀ ਪਾਰਟੀ ਬਣਾਈ ਸੀ। ਉਹ ਗੁਰਦਾਸਪੁਰ ਤੋਂ ਚੋਣ ਵੀ ਲੜੇ ਸਨ ਪਰ ਉਨ੍ਹਾਂ ਨੂੰ ਸਫ਼ਲਤਾ ਹਾਸਲ ਨਹੀਂ ਹੋ ਸਕੀ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਮਾਝੇ ਵਿੱਚ ‘ਆਪ’ ਆਪਣਾ ਮਜਬੂਤ ਆਧਾਰ ਬਣਾਉਣ ਲਈ ਕਿਸੇ ਵੱਡੇ ਸਿਆਸੀ ਆਗੂ ਦੀ ਭਾਲ ਵਿੱਚ ਹੈ ਅਤੇ ਮੁੜ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚ ਸ਼ਾਮਲ ਕਰ ਸਕਦੀ ਹੈ।ਜੇਕਰ ਛੋਟੇਪੁਰ ‘ਆਪ’ ਵਿੱਚ ਮੁੜ ਸ਼ਾਮਲ ਹੁੰਦੇ ਹਨ ਤਾਂ ਸੂਬੇ ਦੀ ਰਾਜਨੀਤੀ ਦੇ ਨਾਲ ਹੀ ਉਨ੍ਹਾਂ ਦੇ ਆਪਣੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਸਿਆਸੀ ਸਮੀਕਰਨ ਵੀ ਬਦਲਣਗੇ। ਉਧਰ ਪੰਜਾਬ ਦੀ ਰਾਜਨੀਤੀ ਵਿੱਚ ਜਿੱਥੇ ਅਕਾਲੀ ਦਲ-ਬਸਪਾ ਗਠਜੋੜ ਨੇ ਵਿਧਾਨ ਸਭਾ ਚੋਣਾਂ ਲਈ 70 ਤੋਂ ਵੱਧ ਉਮੀਦਵਾਰ ਐਲਾਨ ਦਿੱਤੇ ਹਨ ਤਾਂ ਉਥੇ ਹੀ ਕਾਂਗਰਸ ਕੈਪਟਨ ਦੇ ਅਸਤੀਫ਼ੇ ਮਗਰੋਂ ਵੀ ਨਵਜੋਤ ਸਿੱਧੂ ਦੇ ਨਿੱਤ ਆਪਣੀ ਹੀ ਸਰਕਾਰ ਖ਼ਿਲਾਫ਼ ਉਠਾਏ ਜਾ ਰਹੇ ਸਵਾਲਾਂ ਕਾਰਨ ਚਰਚਾ ਵਿੱਚ ਰਹਿੰਦੀ ਹੈ।ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦੀ ਭਾਲ ਵਿੱਚ ਹੈ। ਅਜਿਹੇ ਵਿੱਚ ਜੇਕਰ ਸੁੱਚਾ ਸਿੰਘ ਛੋਟੇਪੁਰ ਮੁੜ ‘ਆਪ’ ਵਿੱਚ ਜਾਂਦੇ ਹਨ ਤਾਂ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਵੇਖਣ ਨੂੰ ਮਿਲਣਗੇ।

Comment here