ਸਿਆਸਤਚਲੰਤ ਮਾਮਲੇ

ਛਾਅ ਗਏ ਗੁਰੂ…!

ਪੰਜਾਬ ਦੇ ਨਵਜੋਤ ਸਿੰਘ ਸਿੱਧੂ ਕੀ ਕਰ ਰਹੇ ਹਨ ਅਤੇ ਕਾਂਗਰਸ ਦੀ ਹਾਈਕਮਾਨ ਉਨ੍ਹਾਂ ਨੂੰ ਕੀ ਕਰਨ ਦੇ ਰਹੀ ਹੈ ਜਾਂ ਉਨ੍ਹਾਂ ਤੋਂ ਕੀ ਕਰਵਾ ਰਹੀ ਹੈ? ਮੇਰੇ ਇਕ ਪੱਤਰਕਾਰ ਮਿੱਤਰ ਦਾ ਮੰਨਣਾ ਹੈ ਕਿ ਸਿੱਧੂ ਦੇ ਰੂਪ ‘ਚ ਕਾਂਗਰਸ ਦੀ ਹਾਈਕਮਾਨ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਮੁੱਖ ਮੰਤਰੀ ਦੇ ਅਹੁਦੇ ਦਾ ਇਕ ਬਦਲਵਾਂ ਉਮੀਦਵਾਰ ਤਿਆਰ ਕਰ ਰਹੀ ਹੈ। ਇਸ ਰਾਏ ‘ਚ ਦਮ ਲਗਦਾ ਹੈ। ਕਾਰਨ ਇਹ ਹੈ ਕਿ ਜੇਕਰ ਸਿੱਧੂ ਨੂੰ ਸਿਰਫ਼ ਸੰਗਠਨ ਦੀ ਕਮਾਨ ਦੇਣ ਦਾ ਇਰਾਦਾ ਹੁੰਦਾ ਤਾਂ ਫਿਰ ਉਹ ਵਿਧਾਇਕਾਂ ਦਾ ਸਮਰਥਨ ਆਪਣੇ ਪੱਖ ‘ਚ ਜੁਟਾਉਣ ਦੀ ਮੁਹਿੰਮ ਕਿਉਂ ਚਲਾਉਂਦੇ? ਸਿੱਧੂ ਦੀਆਂ ਸਰਗਰਮੀਆਂ ਦੇਖ ਕੇ ਅਜਿਹਾ ਲਗਦਾ ਹੈ ਜਿਵੇਂ ਵਿਧਾਇਕ ਦਲ ਦੇ ਨੇਤਾ ਦੀ ਚੋਣ ਹੋ ਰਹੀ ਹੋਵੇ। ਜੋ ਵਿਧਾਇਕ ਸਿੱਧੂ ਦੇ ਨਾਲ ਜੱਫੀਆਂ ਪਾਉਂਦੇ ਦਿਸ ਰਹੇ ਹਨ, ਉਨ੍ਹਾਂ ਨੂੰ ਇਹ ਪੱਕੀ ਉਮੀਦ ਹੋਵੇਗੀ ਕਿ ਅਜਿਹਾ ਕਰਕੇ ਉਹ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਇਕ ਵਾਰ ਫਿਰ ਟਿਕਟ ਮਿਲਣ ਦੀ ਗਾਰੰਟੀ ਹਾਸਲ ਕਰ ਰਹੇ ਹਨ।
ਦਰਅਸਲ, ਉਹ ਸਿੱਧੂ ‘ਚ ਇਕੱਠੀਆਂ ਤਿੰਨ ਖ਼ੂਬੀਆਂ ਦੇਖ ਰਹੇ ਹਨ। ਪਹਿਲੀ, ਉਹ ਕਾਂਗਰਸ ਹਾਈਕਮਾਨ ਦੇ ਖ਼ਾਸਮ ਖ਼ਾਸ ਹਨ। ਉਨ੍ਹਾਂ ਦੇ ਤਾਰ ਸਿੱਧੇ ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨਾਲ ਜੁੜੇ ਹੋਏ ਹਨ। ਦੂਜਾ ਪ੍ਰਧਾਨ ਦੇ ਰੂਪ ‘ਚ ਪਾਰਟੀ ਦਾ ਚੋਣ ਚਿੰਨ੍ਹ ਕਿਸੇ ਵੀ ਉਮੀਦਵਾਰ ਨੂੰ ਸਿੱਧੂ ਦੀ ਮੋਹਰ ਅਤੇ ਦਸਤਖ਼ਤਾਂ ਤੋਂ ਬਿਨਾਂ ਨਹੀਂ ਮਿਲੇਗਾ। ਤੀਜਾ ਜੇਕਰ ਕਾਂਗਰਸ ਫਿਰ ਤੋਂ ਚੋਣਾਂ ਜਿੱਤਦੀ ਹੈ ਤਾਂ ਪਾਰਟੀ ਅੰਦਰ ਅਮਰਿੰਦਰ ਸਿੰਘ ਨੂੰ ਵਿਧਾਇਕ ਦਲ ਦੇ ਨੇਤਾ ਸਿੱਧੂ ਦੇ ਜ਼ਰੀਏ ਹੀ ਚੁਣੌਤੀ ਦਿਵਾਈ ਜਾਵੇਗੀ। ਜਿਸ ਤਰ੍ਹਾਂ ਦਾ ਹਾਈਕਮਾਨ ਸੱਭਿਆਚਾਰ ਕਾਂਗਰਸ ‘ਚ ਹੈ, ਉਸ ਤੋਂ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਅਗਲੀ ਵਾਰ ਅਮਰਿੰਦਰ ਸਿੰਘ ਲਈ ਸਿੱਧੂ ਨੂੰ ਰੋਕਣਾ ਬਹੁਤ ਮੁਸ਼ਕਿਲ ਹੋਵੇਗਾ। ਇਹ ਸਹੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਕਾਂਗਰਸੀ ਸੰਸਦ ਮੈਂਬਰ ਸਿੱਧੂ ਦੇ ਨਾਲ ਨਹੀਂ ਹਨ। ਪਰ ਸਿੱਧੂ ਨੂੰ ਇਸ ਦੀ ਪ੍ਰਵਾਹ ਨਹੀਂ ਹੈ। ਲੋਕ ਸਭਾ ਚੋਣਾਂ ਅਜੇ ਬਹੁਤ ਦੂਰ ਹਨ। ਜਦੋਂ ਆਉਣਗੀਆਂ, ਉਦੋਂ ਦੇਖੀ ਜਾਵੇਗੀ।
ਰਾਜਨੀਤਕ ਸਮੀਖਿਆਕਾਰਾਂ ਨੂੰ ਇਹ ਦੇਖ ਕੇ ਅਫ਼ਸੋਸ ਦੇ ਨਾਲ-ਨਾਲ ਹੈਰਾਨੀ ਹੋ ਰਹੀ ਹੋਵੇਗੀ ਕਿ ਜੋ ਕਾਂਗਰਸ ਰਾਸ਼ਟਰੀ ਪੱਧਰ ‘ਤੇ ਲੰਬੇ ਅਰਸੇ ਤੋਂ ਇਕ ਪ੍ਰਧਾਨ ਨਹੀਂ ਬਣਾ ਸਕੀ, ਉਸ ਨੇ ਪੰਜਾਬ ‘ਚ ਇਕ ਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨ ਬਣਾ ਦਿੱਤੇ ਹਨ।
ਪੰਜਾਬ ਨੂੰ ਜੇਕਰ ਹਾਂਡੀ ਦੇ ਇਕ ਚੌਲ ਦੀ ਤਰ੍ਹਾਂ ਦੇਖਿਆ ਜਾਵੇ ਤਾਂ ਪਤਾ ਲੱਗ ਸਕਦਾ ਹੈ ਕਿ ਕਾਂਗਰਸ ਦੇ ਅੰਦਰ ਕੀ ਪੱਕ ਰਿਹਾ ਹੈ। ਕਾਂਗਰਸ ਦੇ ਅੰਦਰ ਆਪਣੇ ਹੀ ਜ਼ਖ਼ਮਾਂ ‘ਤੇ ਮੱਲ੍ਹਮ ਲਗਾਉਣ ਦਾ ਰੁਝਾਨ ਹੈ। ਖ਼ੁਸ਼ਕਿਸਮਤੀ ਹੈ ਕਿ ਬੇਰੋਕ-ਟੋਕ ਚੱਲ ਰਹੇ ਅੰਦਰੂਨੀ ਕਲੇਸ਼ ਦੇ ਬਾਵਜੂਦ ਇਸ ਸਮੇਂ ਕਾਂਗਰਸ ਅਕਾਲੀ ਦਲ ਤੋਂ ਬਹੁਤ ਅੱਗੇ ਹੈ, ਨਹੀਂ ਤਾਂ ਪਾਰਟੀ ਦੀ ਹਾਈਕਮਾਨ ਨੇ ਆਪਣੀ ਹੀ ਸਰਕਾਰ ਤੇ ਸੰਗਠਨ ਦਾ ਕਬਾੜਾ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦਾ ਇਹ ਅੰਦਰੂਨੀ ਕਲੇਸ਼ ਕਿੱਥੋਂ ਆਇਆ? ਇਸ ਦਾ ਨਿਰਮਾਣ ਪੰਜਾਬ ‘ਚ ਨਹੀਂ, ਬਲਕਿ ਦਿੱਲੀ ਤੋਂ ਹੋਇਆ ਹੈ। ਕੌਣ ਨਹੀਂ ਜਾਣਦਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਹਮਣੇ ਇਕ ਪਲ ਨਹੀਂ ਟਿਕ ਸਕਦੇ ਜੇਕਰ ਉਨ੍ਹਾਂ ਦੀ ਪਿੱਠ ‘ਤੇ ਰਾਹੁਲ, ਪ੍ਰਿਅੰਕਾ ਤੇ ਸੋਨੀਆ ਗਾਂਧੀ ਦਾ ਹੱਥ ਨਾ ਹੋਵੇ। ਸਿੱਧੂ ਜਦੋਂ ਅੰਮ੍ਰਿਤਸਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨ, ਤਾਂ ਉਨ੍ਹਾਂ ਦੀ ਹੈਸੀਅਤ ਕੀ ਸੀ? ਕੀ ਉਹ ਪੰਜਾਬ ਭਾਜਪਾ ਦੇ ਕੋਈ ਵੱਡੇ ਨੇਤਾ ਸਨ? ਉਹ ਸਿਰਫ਼ ਇਕ ਮੁੱਖ ਨੇਤਾ ਸਨ ਜੋ ਆਕਰਸ਼ਕ ਸ਼ਬਦਾਵਲੀ ਰਾਹੀਂ ਆਪਣੇ ਵੱਲ ਧਿਆਨ ਖਿੱਚਦੇ ਸਨ। ਉਨ੍ਹਾਂ ਦਾ ਇਕ ਹੋਰ ਆਕਰਸ਼ਨ ਉਨ੍ਹਾਂ ਦਾ ਸਾਬਕਾ ਕ੍ਰਿਕਟਰ ਹੋਣਾ ਅਤੇ ਟੀ.ਵੀ. ‘ਤੇ ਹਿੰਦੀ-ਅੰਗਰੇਜ਼ੀ ‘ਚ ਦਿਲਚਸਪ ਕੁਮੈਂਟਰੀ ਕਰਨਾ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਕੋਈ ਰਾਜਨੀਤਕ ਪੂੰਜੀ ਨਹੀਂ ਸੀ।
ਭਾਜਪਾ ਨੇ ਜਦੋਂ ਉਨ੍ਹਾਂ ਦਾ ਟਿਕਟ ਕੱਟਿਆ, ਤਾਂ ਸਿੱਧੂ ਨਾਰਾਜ਼ ਹੋ ਗਏ। ਉਨ੍ਹਾਂ ਨੇ ਇਹ ਪ੍ਰਵਾਹ ਵੀ ਨਹੀਂ ਕੀਤੀ ਕਿ ਇਹ ਟਿਕਟ ਉਸ ਵਿਅਕਤੀ ਨੂੰ ਦਿੱਤੀ ਗਈ ਹੈ ਜਿਸ ਨੂੰ ਉਹ ਆਪਣਾ ਰਾਜਨੀਤਕ ਗੁਰੂ ਮੰਨਦੇ ਸਨ ਭਾਵ ਅਰੁਣ ਜੇਤਲੀ ਨੂੰ। ਇਸ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਚ ਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਉੱਥੇ ਵੀ ਉਨ੍ਹਾਂ ਦੀ ਗੱਲ ਨਹੀਂ ਬਣੀ ਤਾਂ ਉਹ ਕਾਂਗਰਸ ‘ਚ ਚਲੇ ਗਏ। ਕਾਂਗਰਸ ਦੀ ਹਾਈਕਮਾਨ ਅਮਰਿੰਦਰ ਸਿੰਘ ਦੀ ਖ਼ੁਦਮੁਖ਼ਤਿਆਰੀ ਤੋਂ ਔਖੀ ਹੈ। ਇਸ ਲਈ ਉਸ ਨੇ ਸਿੱਧੂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਸਿੱਧੂ ਪ੍ਰਿਅੰਕਾ ਗਾਂਧੀ ਦੀ ਨਿੱਜੀ ਪਸੰਦ ਹਨ। ਇਹ ਦੇਖ ਕੇ ਅਮਰਿੰਦਰ ਸਿੰਘ ਵਿਰੋਧੀ ਖੇਮਾ ਵੀ ਸਿੱਧੂ ਦੇ ਨਾਲ ਜੁੜ ਗਿਆ (ਇਹ ਵੱਖਰੀ ਗੱਲ ਹੈ ਕਿ ਨਵੇਂ ਹਾਲਾਤ ‘ਚ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਨਾਲ ਖੜ੍ਹੇ ਹੋ ਗਏ ਹਨ)। ਹੁਣ ਹਾਲਤ ਇਹ ਹੈ ਕਿ ਸਿੱਧੂ ਦਿੱਲੀ ਜਾਂਦੇ ਹਨ, ਗਾਂਧੀ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਪ੍ਰੈੱਸ ਨਾਲ ਗੱਲ ਕਰਦੇ ਹਨ ਤੇ ਮਿਲਣ ਤੋਂ ਬਾਅਦ ਫਿਰ ਪ੍ਰੈੱਸ ਨਾਲ ਗੱਲ ਕਰਦੇ ਹਨ। ਇਹ ਰਾਜਨੀਤਕ ਚੱਕਰ ਲਗਾਤਾਰ ਚੱਲ ਰਿਹਾ ਹੈ। ਕਾਂਗਰਸ ਆਪਣੀਆਂ ਸੰਭਾਵਨਾਵਾਂ ਕਮਜ਼ੋਰ ਕਰ ਰਹੀ ਹੈ। ਪੰਜਾਬ ਦੇ ਵੋਟਰ ਹੈਰਾਨ ਹਨ ਕਿ ਇਹ ਕੀ ਹੋ ਰਿਹਾ ਹੈ? ਜੇਕਰ ਪੰਜਾਬ ਦੀਆਂ ਚੋਣਾਂ ‘ਚ ਕਾਂਗਰਸ ਜਿੱਤਦੀ-ਜਿੱਤਦੀ ਰਹਿ ਗਈ ਤਾਂ ਇਸ ਦਾ ਠੀਕਰਾ ਅਮਰਿੰਦਰ ਸਿੰਘ ਦੇ ਦਰ ‘ਤੇ ਨਹੀਂ ਸਗੋਂ ਹਾਈਕਮਾਨ ਦੇ ਦਰ ‘ਤੇ ਭੱਜੇਗਾ।
ਇਸ ਹਾਲਾਤ ਨੂੰ ਦੇਖਣ ਤੋਂ ਬਾਅਦ ਇਹ ਵੀ ਲੱਗਦਾ ਹੈ ਕਿ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਦੇ ਰੂਪ ‘ਚ ਸੋਨੀਆ ਗਾਂਧੀ ਪੂਰੀ ਤਰ੍ਹਾਂ ਆਪਣੀ ਬੇਟੀ ਤੇ ਬੇਟੇ ਦੀ ਰਾਏ ‘ਤੇ ਚੱਲ ਰਹੀ ਹੈ। ਕੌਣ ਨਹੀਂ ਜਾਣਦਾ ਕਿ ਅਮਰਿੰਦਰ ਸਿੰਘ ਅਤੇ ਸੋਨੀਆ ਵਿਚਾਲੇ ਬਹੁਤ ਚੰਗੇ ਸਬੰਧ ਰਹੇ ਹਨ। 2014 ‘ਚ ਜਦੋਂ ਅਰੁਣ ਜੇਤਲੀ ਨੂੰ ਸਿੱਧੂ ਦੀ ਜਗ੍ਹਾ ਅੰਮ੍ਰਿਤਸਰ ਤੋਂ ਟਿਕਟ ਮਿਲੀ ਤਾਂ ਸੋਨੀਆ ਨੇ ਅਮਰਿੰਦਰ ਸਿੰਘ ਨੂੰ ਫ਼ੋਨ ਕੀਤਾ ਕਿ ਉਹ ਉਥੋਂ ਲੋਕ ਸਭਾ ਚੋਣ ਲੜਨ। ਹਾਲਾਂਕਿ ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਲੋਕ ਸਭਾ ਦੀ ਚੋਣ ਨਾ ਲੜਨ ਦਾ ਮਨ ਬਣਾ ਚੁੱਕੇ ਸਨ, ਫਿਰ ਵੀ ਸੋਨੀਆ ਦੀ ਅਪੀਲ ਦਾ ਆਦਰ ਕਰਦਿਆਂ ਹੋਇਆਂ ਉਹ ਤਿਆਰ ਹੋ ਗਏ ਅਤੇ ਜੇਤਲੀ ਨੂੰ ਹਰਾ ਦਿੱਤਾ। ਪਰ ਹੁਣ ਉਨ੍ਹਾਂ ਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੋਨੀਆ ਵੀ ਉਸ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਨਹੀਂ ਰਹਿ ਗਈ। ਦਿੱਲੀ ‘ਚ ਸੋਨੀਆ ਨੂੰ ਮਿਲਣ ਤੋਂ ਬਾਅਦ ਹੀ ਉਹ ਇਹ ਸਮਝ ਗਏ ਸਨ ਕਿ ਹੁਣ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਨ ਤੋਂ ਨਹੀਂ ਰੋਕਿਆ ਜਾ ਸਕਦਾ। ਜੋ ਵੀ ਹੋਵੇ, ਅਮਰਿੰਦਰ ਸਿੰਘ ਨੂੰ ਇਸ ਸਮੇਂ ਇਹ ਨਹੀਂ ਪਤਾ ਕਿ ਚੋਣਾਂ ਤੋਂ ਬਾਅਦ ਹਾਈਕਮਾਨ ਵਲੋਂ ਉਨ੍ਹਾਂ ਦੇ ਪੱਖ ‘ਚ ਸੰਦੇਸ਼ ਆਵੇਗਾ ਜਾਂ ਉਨ੍ਹਾਂ ਦਾ ਤਾਜ ਸਿੱਧੂ ਨੂੰ ਪਹਿਨਾ ਦਿੱਤਾ ਜਾਵੇਗਾ।
ਇਕ ਅਜਿਹੇ ਸਮੇਂ ‘ਚ ਜਦੋਂ ਹਰ ਚੋਣ ਵਾਲੇ ਸੂਬੇ ‘ਚ ਕਾਂਗਰਸ ਦੀਆਂ ਸ਼ਕਤੀਆਂ ਨੂੰ ਪੂਰੀ ਤਰ੍ਹਾਂ ਨਾਲ ਇਕਜੁੱਟ ਹੋਣਾ ਚਾਹੀਦਾ ਹੈ, ਪੰਜਾਬ ‘ਚ ਉਸ ਦੇ ਉਲਟ ਹੋ ਰਿਹਾ ਹੈ। ਜਿਸ ਹਰੀਸ਼ ਰਾਵਤ ਨੂੰ ਉੱਤਰਾਖੰਡ ‘ਚ ਕਾਂਗਰਸ ਲਈ ਉੱਜਲ ਸੰਭਾਵਨਾਵਾਂ ਤਲਾਸ਼ਣ ‘ਚ ਲੱਗੇ ਹੋਣਾ ਚਾਹੀਦਾ ਹੈ, ਉਹ ਪੰਜਾਬ ‘ਚ ਮੱਚ ਰਹੀ ਅੱਗ ‘ਤੇ ਪਾਣੀ ਪਾਉਣ ‘ਚ ਰੁੱਝੇ ਹੋਏ ਹਨ। ਕਾਂਗਰਸ ਜੇਕਰ ਆਪਣੇ ਦਾਅ ਠੀਕ ਤਰ੍ਹਾਂ ਖੇਡੇ ਤਾਂ ਇਨ੍ਹਾਂ ਸੂਬਿਆਂ ‘ਚ ਚੰਗਾ ਪ੍ਰਦਰਸ਼ਨ ਕਰਕੇ ਆਪਣਾ ਆਤਮ-ਵਿਸ਼ਵਾਸ ਵਧਾ ਸਕਦੀ ਹੈ। ਗੁਜਰਾਤ, ਉੱਤਰਾਖੰਡ, ਪੰਜਾਬ, ਹਿਮਾਚਲ ਅਤੇ ਗੋਆ ‘ਚ ਉਹ ਦੋ ਮੁੱਖ ਤਾਕਤਾਂ ‘ਚੋਂ ਇਕ ਹੈ। ਇਨ੍ਹਾਂ ‘ਚੋਂ ਉਨ੍ਹਾਂ ਨੂੰ ਚਾਰ ਚੋਣਾਂ ਜਿੱਤਣ ਦਾ ਟੀਚਾ ਮਿੱਥਣਾ ਚਾਹੀਦਾ ਹੈ। ਗੁਜਰਾਤ ‘ਚ ਸਖ਼ਤ ਚੁਣੌਤੀ ਪੇਸ਼ ਕਰਨੀ ਚਾਹੀਦੀ ਹੈ। ਉੱਤਰ ਪ੍ਰਦੇਸ਼ ‘ਚ ਉਹ ਬਹੁਤ ਪਿੱਛੇ ਹੈ, ਪਰ ਚਲਾਕ ਰਣਨੀਤੀ ਰਾਹੀਂ ਉਹ ਭਾਜਪਾ ਦੇ ਉੱਚੀਆਂ ਜਾਤੀਆਂ ਦੇ ਆਧਾਰ ਨੂੰ ਖਿੱਚ ਕੇ ਉਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕਾਂਗਰਸ ਕਰੋ ਜਾਂ ਮਰੋ ਦੇ ਦੌਰ ‘ਚ ਪਹੁੰਚ ਚੁੱਕੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੋ ਲੋਕ ਭਾਜਪਾ ‘ਚ ਜਾਣਾ ਚਾਹੁੰਦੇ ਹਨ, ਉਹ ਚਲੇ ਜਾਣ। ਇਹ ਗੱਲ ਠੀਕ ਹੈ। ਪਰ ਜੋ ਲੋਕ ਭਾਜਪਾ ‘ਚ ਨਹੀਂ ਜਾਣਾ ਚਾਹੁੰਦੇ, ਪਾਰਟੀ ‘ਚ ਹੀ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਸੰਗਠਨ ਦੇ ਅਣ-ਐਲਾਨੇ ਮੁਖੀ ਦੇ ਰੂਪ ‘ਚ ਰਾਹੁਲ ਗਾਂਧੀ ਦੇ ਕੋਲ ਕੀ ਹੈ? ਇਸ ਸਵਾਲ ਦਾ ਜਵਾਬ ਕੌਣ ਦੇਵੇਗਾ?
ਪੰਜਾਬ ਦੀਆਂ ਚੋਣਾਂ ਕਿਸਾਨ ਅੰਦੋਲਨ ਸਾਹਮਣੇ ਵੀ ਦੁਬਿਧਾ ਪੇਸ਼ ਕਰਨ ਵਾਲੀਆਂ ਹਨ। ਇਸ ਅੰਦੋਲਨ ਨੇ ਪੰਜਾਬ ‘ਚ ਭਾਜਪਾ ਨੂੰ ਪੂਰੀ ਤਰ੍ਹਾਂ ਨਾਲ ਸਿਫ਼ਰ ਕਰ ਦਿੱਤਾ ਹੈ, ਪਰ ਦੋਵਾਂ ਮੁੱਖ ਪਾਰਟੀਆਂ (ਕਾਂਗਰਸ ਤੇ ਅਕਾਲੀ ਦਲ) ਖ਼ੁਦ ਨੂੰ ਇਸ ਅੰਦੋਲਨ ਦੇ ਸਮਰਥਕ ਦੇ ਰੂਪ ‘ਚ ਪੇਸ਼ ਕਰਦੀਆਂ ਹਨ। ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ‘ਚ ਤਾਂ ਕਿਸਾਨ ਭਾਜਪਾ ਦਾ ਵਿਰੋਧ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਉਣਗੇ, ਪਰ ਪੰਜਾਬ ‘ਚ ਭਾਜਪਾ ਕੋਈ ਤਾਕਤ ਹੀ ਨਹੀਂ ਹੈ। ਇਸ ਤਰ੍ਹਾਂ ਸਮਰਥਨ ਦੇਣ ਦੇ ਸਵਾਲ ‘ਤੇ ਅੰਦੋਲਨ ‘ਚ ਕੁਝ ਮਤਭੇਦ ਵੀ ਪੈਦਾ ਹੋ ਸਕਦੇ ਹਨ।

-ਅਭੈ ਕੁਮਾਰ ਦੂਬੇ

Comment here