(ਜਪਾਨੀ ਲੋਕ ਕਥਾ)
ਸਦੀਆਂ ਪਹਿਲਾਂ ਦੀ ਗੱਲ ਹੈ ਕਿ ਜਾਪਾਨ ਵਿੱਚ ਕਿਸੇ ਜਗ੍ਹਾ ਲੂੰਬੜ, ਬਾਂਦਰ ਅਤੇ ਖ਼ਰਗੋਸ਼ ਰਹਿੰਦੇ ਸਨ। ਉਨ੍ਹਾਂ ਦੀ ਆਪਸ ਵਿੱਚ ਬਹੁਤ ਗਹਿਰੀ ਦੋਸਤੀ ਸੀ। ਜੇਕਰ ਉਨ੍ਹਾਂ ਵਿਚੋਂ ਕਿਸੇ ਇੱਕ ਨੂੰ ਖਾਣ ਲਈ ਕੁੱਝ ਨਾ ਮਿਲਦਾ ਤਾਂ ਬਾਕ਼ੀ ਦੋ ਉਸ ਨੂੰ ਖਾਣ ਲਈ ਕੁੱਝ ਦਿੰਦੇ। ਇਸ ਤਰ੍ਹਾਂ ਉਹ ਖ਼ੁਸ਼ੀਆਂ ਭਰੀ ਜ਼ਿੰਦਗੀ ਬਸਰ ਕਰ ਰਹੇ ਸਨ। ਇੱਕ ਦਿਨ ਚੰਨ`ਤੇ ਰਹਿਣ ਵਾਲੇ ਬੁੱਢੇ ਨੇ ਜ਼ਮੀਨ ਵੱਲ ਵੇਖਿਆ। ਉਸਨੇ ਸ਼ਹਿਰ, ਪਿੰਡ, ਪਹਾੜ ਅਤੇ ਜੰਗਲ ਵੇਖੇ। ਜਦੋਂ ਉਸ ਦੀ ਨਜ਼ਰ ਇਨ੍ਹਾਂ ਤਿੰਨਾਂ ਉੱਤੇ ਪਈ ਤਾਂ ਉਹ ਬਹੁਤ ਖ਼ੁਸ਼ ਹੋਇਆ ਅਤੇ ਦਿਲ ਹੀ ਦਿਲ ਵਿੱਚ ਕਹਿਣ ਲਗਾ, ਕਿੰਨੇ ਚੰਗੇ ਹਨ ਉਹ ਜੋ ਪਿਆਰ ਅਤੇ ਮੁਹੱਬਤ ਨਾਲ ਜ਼ਿੰਦਗੀ ਗੁਜ਼ਾਰਦੇ ਹਨ। ਇਹ ਤਿੰਨੋਂ ਬਹੁਤ ਡੂੰਘੇ ਦੋਸਤ ਹਨ, ਪਰ ਵੇਖਿਆ ਜਾਵੇ ਕਿ ਉਨ੍ਹਾਂ ਵਿੱਚ ਸਭ ਤੋਂ ਰਹਿਮਦਿਲ ਕੌਣ ਹੈ। ਉਨ੍ਹਾਂ ਦਾ ਇਮਤੀਹਾਨ ਲੈਣਾ ਚਾਹੀਦਾ ਹੈ।
ਇਹ ਸੋਚ ਕੇ ਦੂਜੇ ਦਿਨ ਉਹ ਫ਼ਕੀਰ ਦੇ ਭੇਸ ਵਿੱਚ ਉਸ ਜਗ੍ਹਾ ਪੁੱਜ ਗਿਆ ਜਿੱਥੇ ਬਾਂਦਰ, ਲੂੰਬੜ ਅਤੇ ਖ਼ਰਗੋਸ਼ ਰਹਿੰਦੇ ਸਨ। ਉਸਨੇ ਕਿਹਾ, “ਮੈਂ ਤਿੰਨ ਦਿਨ ਤੋਂ ਭੁੱਖਾ ਹਾਂ। ਰੱਬ ਦੇ ਵਾਸਤੇ ਮੈਨੂੰ ਕੁੱਝ ਖਾਣ ਨੂੰ ਦੋ ਦਿਓ।”
“ਬਾਬਾ ਤੁਸੀ ਇੱਥੇ ਬੈਠੋ। ਅਸੀਂ ਤੁਹਾਡੇ ਲਈ ਖਾਣ ਦਾ ਇੰਤਜ਼ਾਮ ਕਰਦੇ ਹਾਂ,” ਖ਼ਰਗੋਸ਼, ਬਾਂਦਰ ਅਤੇ ਲੂੰਬੜ ਇਕੱਠੇ ਬੋਲੇ। ਥੋੜ੍ਹੀ ਦੇਰ ਬਾਅਦ ਬਾਂਦਰ ਬਹੁਤ ਸਾਰੇ ਫਲ ਅਤੇ ਲੂੰਬੜ ਇੱਕ ਵੱਡੀ ਮੱਛੀ ਫੜ ਲਿਆਇਆ, ਪਰ ਖ਼ਰਗੋਸ਼ ਨੂੰ ਅਜਿਹੀ ਕੋਈ ਚੀਜ਼ ਨਜ਼ਰ ਨਾ ਮਿਲੀ ਜੋ ਉਹ ਚੰਨ ਦੇ ਬੁੱਢੇ ਦੇ ਖਾਣ ਲਈ ਲਿਆ ਦਿੰਦਾ।
ਖ਼ਰਗੋਸ਼ ਨੇ ਬਾਂਦਰ ਨੂੰ ਕਿਹਾ, “ਬਾਂਦਰ ਭਾਈ ਮੇਰੇ ਲਈ ਕੁੱਝ ਲਕੜੀਆਂ ਤਾਂ ਇਕਠੀਆਂ ਕਰੋ।”
ਬਾਂਦਰ ਬਹੁਤ ਸਾਰੀਆਂ ਲਕੜੀਆਂ ਲੈ ਆਇਆ। ਫਿਰ ਉਸਨੇ ਲੂੰਬੜ ਨੂੰ ਕਿਹਾ, “ਭਾਈ ਤੁਸੀਂ ਇਨ੍ਹਾਂ ਨੂੰ ਅੱਗ ਲਗਾ ਦਿਓ।”
ਲੂੰਬੜ ਨੇ ਲੱਕੜੀਆਂ ਨੂੰ ਅੱਗ ਲਗਾ ਦਿੱਤੀ। ਖ਼ਰਗੋਸ਼ ਨੇ ਰੋਂਦੇ ਹੋਏ ਚੰਨ ਦੇ ਬੁੱਢੇ ਨੂੰ ਕਿਹਾ, “ਫ਼ਕੀਰ ਬਾਬਾ, ਮੈਂ ਤੁਹਾਡੇ ਅੱਗੇ ਬਹੁਤ ਸ਼ਰਮਿੰਦਾ ਹਾਂ। ਬਾਂਦਰ ਅਤੇ ਲੂੰਬੜ ਤੁਹਾਡੇ ਲਈ ਕੁੱਝ ਨਾ ਕੁੱਝ ਲਿਆਏ, ਪਰ ਮੈਂ ਤੁਹਾਡੇ ਲਈ ਕੁੱਝ ਨਹੀਂ ਲਿਆ ਸਕਿਆ। ਇਸ ਲਈ ਮੈਂ ਆਪਣੇ ਆਪ ਨੂੰ ਅਗਨੀ ਦੇ ਹਵਾਲੇ ਕਰ ਰਿਹਾ ਹਾਂ। ਜਦੋਂ ਖ਼ੂਬ ਪੱਕ ਜਾਂਵਾਂ ਤਾਂ ਕੱਢ ਕੇ ਖਾ ਲੈਣਾ।”
ਇਹ ਕਹਿ ਕੇ ਖ਼ਰਗੋਸ਼ ਅੱਗ ਵੱਲ ਭੱਜਿਆ, ਪਰ ਚੰਨ ਦੇ ਬੁੱਢੇ ਨੇ ਉਸਨੂੰ ਫੜ ਲਿਆ ਅਤੇ ਤਿੰਨਾਂ ਨੂੰ ਕਹਿਣ ਲੱਗਿਆ, “ਪਿਆਰੇ ਦੋਸਤੋ, ਮੈਂ ਤੁਹਾਡਾ ਇਮਤਿਹਾਨ ਲੈਣ ਆਇਆ ਸੀ। ਮੈਨੂੰ ਖੁਸ਼ੀ ਹੋਈ ਹੈ ਕਿ ਤੁਸੀਂ ਤਿੰਨੋਂ ਇਮਤਿਹਾਨ ਵਿੱਚ ਕਾਮਯਾਬ ਹੋ ਗਏ, ਪਰ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ ਰਹਿਮਦਿਲ ਨਿੱਕਾ ਖ਼ਰਗੋਸ਼ ਨਿਕਲਿਆ। ਇਸ ਲਈ ਮੈਂ ਉਸਨੂੰ ਆਪਣੇ ਨਾਲ ਚੰਨ ਉੱਤੇ ਲੈ ਜਾਂਦਾ ਹਾਂ।”
ਇਹ ਕਹਿ ਕੇ ਬੁੱਢਾ ਖ਼ਰਗੋਸ਼ ਨੂੰ ਚੰਨ ਉੱਤੇ ਲੈ ਗਿਆ। ਜੇਕਰ ਅੱਜ ਵੀ ਤੁਸੀਂ ਚਮਕਦੇ ਚੰਨ ਨੂੰ ਗ਼ੌਰ ਨਾਲ ਵੇਖੋਗੇ ਤਾਂ ਤੁਹਾਨੂੰ ਇੱਕ ਖ਼ਰਗੋਸ਼ ਨਜ਼ਰ ਆਵੇਗਾ ਜੋ ਸਦੀਆਂ ਪਹਿਲਾਂ ਚੰਨ ਦੇ ਬੁੱਢੇ ਦੇ ਨਾਲ ਗਿਆ ਸੀ।
Comment here