ਸਿਆਸਤਖਬਰਾਂਚਲੰਤ ਮਾਮਲੇ

ਚੰਨੀ ਹੀ ਹੋਣਗੇ ਕਾਂਗਰਸ ਵੱਲੋਂ ਮੁੱਖ ਮੰਤਰੀ

ਲੁਧਿਆਣਾ- ਆਖਰ ਕਾਂਗਰਸ ਨੇ ਵੱਡਾ ਫੈਸਲਾ ਸੂਬਾ ਵਾਸੀਆਂ ਨੂੰ ਸੁਣਾ ਹੀ ਦਿੱਤਾ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਦਿੱਤਾ ਗਿਆ ਹੈ। ਇਸ ਲਈ ਬਕਾਇਦਾ ਰਾਹੁਲ ਗਾਂਧੀ ਅੱਜ ਲੁਧਿਆਣਾ ਪਹੁੰਚੇ ਅਤੇ ਵਰਚੁਅਲ ਰੈਲੀ ਕੀਤੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ, ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ।ਇਸ ਉਪਰੰਤ ਰਾਹੁਲ ਗਾਂਧੀ ਰੈਲੀ ਵਾਲੀ ਥਾਂ ’ਤੇ ਪਹੁੰਚੇ ਅਤੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਦਾ ਐਲਾਨ ਕੀਤਾ।

ਰਾਹੁਲ ਗਾਂਧੀ ਦੇ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਬਿਨਾਂ ਕਿਸੇ ਫ਼ੈਸਲੇ ਦੇ ਕੁਝ ਵੱਡਾ ਨਹੀਂ ਕੀਤਾ ਜਾ ਸਕਦਾ। ਪੰਜਾਬ ਨੂੰ ਸਪੱਸ਼ਟਤਾ ਦੇਣ ਆਏ ਸਾਡੇ ਮੋਹਰੀ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਹੈ। ਰਾਹੁਲ ਗਾਂਧੀ ਜਿਹੜਾ ਵੀ ਫ਼ੈਸਲਾ ਲੈਣਗੇ ਉਸ ਦੀ ਪਾਲਣਾ ਕੀਤੀ ਜਾਵੇਗੀ। ਸਿੱਧੂ ਨੇ ਇਹ ਵੀ ਆਖਿਆ ਸੀ ਕਿ ਉਸ ਸ਼ਖਸ ਨੂੰ ਹੀ ਮੁੱਖ ਮਤੰਰੀ ਬਣਾਇਆ ਜਾਣਾ ਚਾਹੀਦਾ ਹੈ ਜੋ 60 ਵਿਧਾਇਕ ਬਣਾ ਸਕਣ ਦੇ ਸਮਰੱਥ ਹੋਵੇ ਅਤੇ ਜਿਸ ਕੋਲ ਵਿਕਾਸ ਲਈ ਰੋਡ ਮੈਪ ਅਤੇ ਲੋਕਾਂ ਦਾ ਵਿਸ਼ਵਾਸ ਹੋਵੇ।

ਸਿੱਧੂ ਵਾਅਦਾ ਨਿਭਾਵੇ-ਚੰਨੀ

 ਅਗਲੀ ਚੋਣ ਲਈ ਵੀ ਮੁੱਖ ਮੰਤਰੀ ਐਲਾਨੇ ਗਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸਿੱਧੂ ਨੂੰ ਆਪਣੀ ਗੱਲ ਰੱਖਣੀ ਪਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਇਸ ਅਹੁਦੇ ਲਈ ਹਮੇਸ਼ਾ ਹੀ ਜੋਰਦਾਰ ਢੰਗ ਨਾਲ ਆਪਣੀ ਦਾਅਵੇਦਾਰੀ ਜਤਾ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ, ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਦਾ ਜਾਂ ਪਾਰਟੀ ਦਾ ਨੁਕਸਾਨ ਹੋਵੇ। ਪ੍ਰਾਣ ਜਾਏ ਪਰ ਬਚਨ ਨਾ ਜਾਈ’ ਵਾਲੀ ਤੁਕ ਉੱਤੇ ਜੋਰ ਦਿੰਦਿਆਂ ਚੰਨੀ ਨੇ ਕਿਹਾ, ‘ਮੈਂ ਅਤੇ ਸਿੱਧੂ ਨੇ ਰਾਹੁਲ ਗਾਂਧੀ ਦੇ ਸਾਹਮਣੇ ਹੱਥ ਉਠਾ ਕੇ ਸਹੁੰ ਚੁੱਕੀ ਸੀ ਕਿ ਕਾਂਗਰਸ ਦੀ ਜਿੱਤ ਅਤੇ ਪੰਜਾਬ ਦੀ ਬਿਹਤਰੀ ਲਈ ਸਾਨੂੰ ਜਿੰਨੀ ਵੀ ਕੁਰਬਾਨੀ ਕਰਨੀ ਪਵੇਗੀ, ਅਸੀਂ ਦੇਵਾਂਗੇ ਅਤੇ ਅੱਜ ਵੀ ਦੇਵਾਂਗੇ। ਹੁਣ ਸਮਾਂ ਆ ਗਿਆ ਹੈ, ਜਦੋਂ ਅਸੀਂ ਰਾਮਾਇਣ ਦੇ ਇਸ ਚੌਗਿਰਦੇ ਵਿੱਚ ਕਹੇ ਸ਼ਬਦਾਂ ਨੂੰ ਅਰਥ ਦੇ ਸਕਦੇ ਹਾਂ। ਸਿੱਧੂ ਮੇਰੇ ਵੱਡੇ ਭਰਾ ਹਨ, ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ ਅਤੇ ਸਾਡੇ ਰਿਸ਼ਤੇ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ। ਅਸੀਂ ਵਾਅਦਾ ਕੀਤਾ ਸੀ ਕਿ ਹਾਈਕਮਾਂਡ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਵੇ। ਅਸੀਂ ਦੋਵੇਂ ਉਸ ਫੈਸਲੇ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਸਵੀਕਾਰ ਕਰਾਂਗੇ।

Comment here