ਤਰਨ ਤਾਰਨ-ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅੰਮ੍ਰਿਤਸਰ ਸਥਿਤ ਰਣਜੀਤ ਐਵਨਿਊ ਦੀ ਕੋਠੀ ਦਾ ਬਿੱਲ 19.85 ਲੱਖ ਰੁਪਏ ਮਾਫ ਹੋ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦੋ ਕਿਲੋਵਾਟ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਦੇ ਬਿੱਲ ਮਾਫ ਕਰਨ ਦੇ ਐਲਾਨ ਤੋਂ ਬਾਅਦ ਹੋਇਆ। ਦਰਅਸਲ, ਵਿਧਾਇਕ ਗਿੱਲ ਨੇ ਜਦੋਂ ਇਹ ਕੋਠੀ ਖਰੀਦੀ ਸੀ, ਤਾਂ ਉਸ ਦਾ ਬਿਜਲੀ ਮੀਟਰ (ਖਾਤਾ ਨੰ. 3002263840) ਦਾ ਰਿਕਾਰਡ ਜਸਵਿੰਦਰ ਸਿੰਘ ਦੇ ਨਾਂ ’ਤੇ ਹੈ। ਗਿੱਲ ਨੇ 30 ਸਤੰਬਰ 2010 ਨੂੰ ਪਾਵਰਕਾਮ ਨੂੰ ਬਿਨੈ ਪੱਤਰ ਦੇ ਕੇ ਬਿਜਲੀ ਮੀਟਰ (ਖਾਤਾ ਨੰ. 3002263840) ਨੂੰ ਆਪਣੇ ਨਾਂ ਕਰਵਾਉਣ ਲਈ 17 ਹਜ਼ਾਰ 130 ਰੁਪਏ ਦੀ ਫੀਸ ਭਰੀ ਸੀ। ਨਾਲ ਹੀ ਲੋਡ ਨੂੰ ਇਕ ਕਿਲੋਵਾਟ ਤੋਂ ਵਧਾ ਕੇ 11 ਕਿਲੋਵਾਟ ਕਰਨ ਲਈ ਲਿਖਿਆ ਸੀ ਪਰ ਪਾਵਰਕਾਮ ਨੇ ਫੀਸ ਵਸੂਲਣ ਤੋਂ ਬਾਅਦ ਨਾ ਤਾਂ ਲੋਡ ਵਧਾਇਆ ਅਤੇ ਨਾ ਹੀ ਬਿਜਲੀ ਮੀਟਰ ਗਿੱਲ ਦੇ ਨਾਂ ’ਤੇ ਕੀਤਾ। 11 ਸਾਲਾਂ ਤਕ ਕੋਈ ਕਾਰਵਾਈ ਨਾ ਕਰਨ ਵਾਲੇ ਪਾਵਰਕਾਮ ਦੀ ਲਾਪਰਵਾਹੀ ਦਾ ਫਾਇਦਾ ਹੁਣ ਵਿਧਾਇਕ ਗਿੱਲ ਨੂੰ ਮਿਲ ਗਿਆ ਅਤੇ ਸਰਕਾਰੀ ਖਜ਼ਾਨੇ ’ਤੇ ਇਸ ਦਾ ਬੋਝ ਪੈ ਗਿਆ ਕਿਉਂਕਿ ਇਹ ਬਿੱਲ ਹੁਣ ਸਰਕਾਰ ਭਰੇਗੀ। ਮੁੱਖ ਮੰਤਰੀ ਚੰਨੀ ਦੇ ਐਲਾਨ ਤੋਂ ਬਾਅਦ ਵਿਧਾਇਕ ਗਿੱਲ ਦੇ ਘਰ ਦਾ 12 ਅਕਤੂਬਰ 2021 ਨੂੰ ਜੋ ਬਿਨਾਂ ਬਿੱਲ ਆਇਆ, ਉਸ ਮੁਤਾਬਕ ਬਿਜਲੀ ਦਾ ਬਿੱਲ ਅਦਾ ਕਰਨ ਦੀ ਆਖ਼ਰੀ ਤਰੀਕ 15 ਨਵੰਬਰ 2021 ਹੈ। ਇਸ ਵਿਚ ਪਿਛਲਾ ਬਕਾਇਆ 19.85 ਲੱਖ ਰੁਪਏ ਦਾ ਜੋ ਮਾਫ਼ ਹੋ ਗਿਆ ਹੈ। ਹੁਣ ਉਨ੍ਹਾਂ ਕੇਵਲ 1.60 ਲੱਖ ਰੁਪਏ ਬਿੱਲ ਹੀ ਅਦਾ ਕਰਨਾ ਹੈ।
ਵਿਭਾਗ ਨੇ ਕਾਰਵਾਈ ਨਹੀਂ ਕੀਤੀ ਤਾਂ ਮੇਰੀ ਕੀ ਗਲਤੀ : ਗਿੱਲ
ਇਸ ਸਬੰਧੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਬਿਜਲੀ ਮੀਟਰ ਜਸਵਿੰਦਰ ਸਿੰਘ ਦੇ ਨਾਂ ਤੋਂ ਆਪਣੇ ਨਾਂ ਕਰਵਾਉਣ ਤੇ ਲੋਡ ਵਧਾਉਣ ਲਈ 2010 ’ਚ ਬਿਨੈ ਪੱਤਰ ਦਿੱਤਾ ਸੀ। ਬਾਕਾਇਦਾ ਮੰਗੀ ਗਈ ਫੀਸ ਵੀ ਜਮ੍ਹਾਂ ਕਰਵਾਈ ਗਈ। ਵਿਭਾਗ ਨੇ ਫੀਸ ਲੈ ਕੇ ਜੇ ਲੋਡ ਨਹੀਂ ਵਧਾਇਆ ਤਾਂ ਇਸ ਵਿਚ ਉਨ੍ਹਾਂ ਦੀ ਕੋਈ ਗਲਤੀ ਨਹੀਂ।
Comment here