ਅਪਰਾਧਸਿਆਸਤਖਬਰਾਂ

ਚੰਨੀ ਸਰਕਾਰ ਦੀ ਸਖਤੀ, ਟੈਕਸ ਚੋਰੀ ਦੇ ਮਾਮਲੇ ਚ ਬਾਦਲਾਂ ਸਮੇਤ ਵੱਡੇ ਘਰਾਣਿਆਂ ਤੇ ਕਾਰਵਾਈ

ਔਰਬਿਟ ਸਮੇਤ ਪੰਦਰਾਂ ਬੱਸਾਂ ਜ਼ਬਤ

ਟਰਾਂਸਪੋਰਟ ਮੰਤਰੀ ਵਲੋੰ ਛੋਟੇ ਟਰਾਂਸਪਰੋਟਰਾਂ ਨੂੰ ਰਾਹਤ ਦਾ ਭਰੋਸਾ

ਬਠਿੰਡਾ- ਚੰਨੀ ਸਰਕਾਰ ਦੀ ਅਗਵਾਈ ਚ ਟਰਾਂਸਪੋਰਟ ਵਿਭਾਗ ਪੂਰਾ ਸਰਗਰਮ ਹੈ, ਨਵੇਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅਧਿਕਾਰੀਆਂ ਨੂੰ ਪੂਰੀ ਸਖਤੀ ਕਰਨ ਦੇ ਆਦੇਸ਼ ਦਿੱਤੇ ਹਨ।  ਵਿਭਾਗ ਨੇ ਸੂਬੇ ’ਚ ਬਿਨਾਂ ਟੈਕਸ ਦੇ ਚੱਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਨੂੰ ਜ਼ਬਤ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਬਿਨਾਂ ਟੈਕਸ ਦੇ ਨਿੱਜੀ ਬੱਸਾਂ ਦੇ ਚੱਲਣ ਦੀਆਂ ਸੂਚਨਾਵਾਂ ਲਗਾਤਾਰ ਮਿਲ ਰਹੀਆਂ ਸਨ। ਇਸ ਲਈ ਵਿਭਾਗ ਨੇ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ।ਉਨ੍ਹਾਂ ਕਿਹਾ ਕਿ ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ’ਚ ਛਾਪੇ ਮਾਰੇ ਕੇ 15 ਬੱਸਾਂ ਨੂੰ ਜ਼ਬਤ ਕੀਤਾ ਗਿਆ। ਫ਼ਰੀਦਕੋਟ ’ਚ ਇਕ ਜੁਝਾਰ ਬੱਸ ਸਰਵਿਸ ਤੇ ਦੂਜੀ ਨਿਊ ਦੀਪ ਬੱਸ ਸਰਵਿਸ ਦੀ ਬੱਸ ਜ਼ਬਤ ਕੀਤੀ ਗਈ ਹੈ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ’ਚ ਨਿਊ ਦੀਪ ਦੀਆਂ ਦੋ, ਆਰਬਿਟ ਏਵੀਏਸ਼ਨ, ਰਾਝਾਨੀ ਬੱਸ ਸਰਵਿਸ ਦੀ ਇਕ-ਇਕ, ਅੰਮ੍ਰਿਤਸਰ ਜ਼ਿਲ੍ਹੇ ’ਚ ਦੋ ਬੱਸਾਂ ਬਾਬਾ ਬੁੱਢਾ ਟਰਾਂਸਪੋਰਟ ਸਰਵਿਸ ਦੀਆਂ ਅਤੇ ਲੁਧਿਆਣਾ ਜ਼ਿਲ੍ਹੇ ’ਚ ਆਰਬਿਟ ਏਵੀਏਸ਼ਨ ਦੀ ਇਕ, ਜੁਝਾਰ ਬੱਸ ਸਰਵਿਸ ਦੀਆਂ ਦੋ, ਲਿਬੜਾ ਬੱਸ ਸਰਵਿਸ ਦੀ ਇਕ ਤੇ ਨਾਗਪਾਲ ਬੱਸ ਸਰਵਿਸ ਦੀ ਇਕ ਬੱਸ ਜ਼ਬਤ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਛੋਟੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਟੈਕਸਾਂ ਤੋਂ ਛੋਟ ਦੇਣ ਦਾ ਭਰੋਸਾ

ਪੰਜਾਬ ਦੇ ਸਮੂਹ ਛੋਟੇ ਪ੍ਰਾਈਵੇਟ ਬੱਸ ਆਪ੍ਰੇਟਰਾਂ, ਟੂਰਿਸਟ, ਮਿੰਨੀ ਤੇ ਸਕੂਲ ਬੱਸ ਆਪ੍ਰੇਟਰਾਂ ਅਤੇ ਟੈਕਸੀ ਯੂਨੀਅਨਾਂ ਨੇ  ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗਾਂ ਦੇ ਲੰਮੇ ਦੌਰ ਵਿੱਢ ਕੇ ਜਿੱਥੇ ਕੋਵਿਡ-19 ਦੇ ਸਮੇਂ ਦੌਰਾਨ ਟੈਕਸਾਂ ਤੋਂ ਛੋਟ ਦੀ ਮੰਗ ਕੀਤੀ, ਉਥੇ ਬੱਸ ਮਾਲਕਾਂ ਨੇ ਸੂਬੇ ਵਿੱਚ ਚੱਲ ਰਹੀ ਬੱਸਾਂ ਦੀ ਸਮਾਂ ਸਾਰਣੀ ਨੂੰ ਦਰੁਸਤ ਕਰਨ ਦੀ ਜ਼ੋਰਦਾਰ ਮੰਗ ਰੱਖੀ, ਜਿਸ ‘ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਪਾਰਦਰਸ਼ੀ ਤੇ ਢੁਕਵੀਂ ਸਮਾਂ ਸਾਰਣੀ ਬਣਾਈ ਜਾਵੇਗੀ।  ਪੰਜਾਬ ਭਵਨ ਵਿਖੇ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਿਲੇ ਛੋਟੇ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਭਲੀਭਾਂਤ ਜਾਣੂ ਹਨ ਕਿ ਛੋਟੀ ਬੱਸ ਸਨਅਤ ਨਾਲ ਡੇਢ ਲੱਖ ਤੋਂ ਵੱਧ ਵਿਅਕਤੀਆਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਅਤੇ ਸੂਬੇ ਵਿੱਚ ਕਰੀਬ 90 ਫ਼ੀਸਦੀ ਗਿਣਤੀ ਛੋਟੇ ਬੱਸ ਆਪ੍ਰੇਟਰਾਂ ਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬੱਸ ਸਨਅਤ ਨਾਲ ਜੁੜੇ ਵੱਡੇ ਮਾਫ਼ੀਆ ਨੂੰ ਕਰੜੇ ਹੱਥੀਂ ਨੱਥ ਪਾਈ ਜਾਵੇਗੀ, ਉਥੇ ਛੋਟੀ ਬੱਸ ਸਨਅਤ ਨੂੰ ਵੀ ਮਰਨ ਨਹੀਂ ਦਿੱਤਾ ਜਾਵੇਗਾ। ਟਰਾਂਸਪੋਰਟ ਮੰਤਰੀ ਨੇ ਬੱਸ ਆਪ੍ਰੇਟਰਾਂ ਦੀ ਕੋਵਿਡ ਦੌਰਾਨ ਟੈਕਸ ਤੋਂ ਛੋਟ ਦੀ ਮੰਗ ਬਾਰੇ ਕਿਹਾ ਕਿ ਵਿਭਾਗ ਵੱਲੋਂ ਅਗਲੇ ਕੁੱਝ ਦਿਨਾਂ ਵਿੱਚ ਟੈਕਸ ਮੁਆਫ਼ੀ ਲਈ ਕਿਲੋਮੀਟਰ ਵਾਰ ਸਕੀਮ ਉਲੀਕੀ ਜਾਵੇਗੀ ਅਤੇ ਇਸ ਦੇ ਨਾਲ-ਨਾਲ ਵਿਭਾਗ ਵੱਲੋਂ ਅਮਨੈਸਟੀ ਸਕੀਮ ਵਿੱਚ ਵੀ 31 ਮਾਰਚ, 2022 ਤੱਕ ਵਾਧਾ ਕਰਨ ਸਬੰਧੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਬੱਸ ਆਪ੍ਰੇਟਰਾਂ ਨੂੰ ਸੁਚੇਤ ਕੀਤਾ ਕਿ ਟੈਕਸਾਂ ਤੋਂ ਡਿਫ਼ਾਲਟਰ ਬੱਸ ਆਪ੍ਰੇਟਰਾਂ ਨੂੰ ਕੋਵਿਡ ਤੋਂ ਪਹਿਲਾਂ ਦੇ ਸਮੇਂ ਦੇ ਟੈਕਸ ਹਰ ਹਾਲ ਵਿੱਚ ਭਰਨੇ ਪੈਣਗੇ। ਟੈਕਸ ਨਾ ਭਰਨ ਵਾਲਿਆਂ ਨੂੰ ਅਮਨੈਸਟੀ ਸਕੀਮ `ਚ ਵਾਧੇ ਦਾ ਲਾਹਾ ਨਹੀਂ ਦਿੱਤਾ ਜਾਵੇਗਾ। ਵਿਧਾਇਕ ਢਿੱਲੋਂ ਨੇ ਬੱਸ ਆਪ੍ਰੇਟਰਾਂ ਦੀਆਂ ਮੰਗਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੂਬੇ ਵਿੱਚ ਛੋਟੇ ਬੱਸ ਆਪ੍ਰੇਟਰਾਂ ਦੀ ਗਿਣਤੀ ਜ਼ਿਆਦਾ ਹੈ, ਜਿਨ੍ਹਾਂ ਦਾ ਵੱਡਾ ਮਾਫ਼ੀਆ ਨਿਰੰਤਰ ਸ਼ੋਸ਼ਣ ਕਰਦਾ ਰਿਹਾ ਹੈ ਇਸ ਲਈ ਛੋਟੇ ਬੱਸ ਆਪ੍ਰੇਟਰਾਂ ਨੂੰ ਵੀ ਵੱਡੇ ਬੱਸ ਆਪ੍ਰੇਟਰਾਂ ਵਾਂਗ ਇਸ ਕਿੱਤੇ ਵਿੱਚ ਬਰਾਬਰ ਦਾ ਮੌਕਾ ਦਿੱਤਾ ਜਾਵੇਗਾ। ਟਰਾਂਸਪੋਰਟ ਮੰਤਰੀ ਨੇ ਪ੍ਰਾਈਵੇਟ ਬੱਸ ਆਪ੍ਰੇਟਰਾਂ, ਮਿੰਨੀ ਤੇ ਟੂਰਿਸਟ ਬੱਸ ਆਪ੍ਰੇਟਰ ਯੂਨੀਅਨਾਂ, ਸਕੂਲ ਬੱਸ ਆਪ੍ਰੇਟਰਾਂ ਅਤੇ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਤਿੰਨ ਮੈਂਬਰੀ ਕਮੇਟੀਆਂ ਬਣਾਉਣ ਲਈ ਕਿਹਾ ਤਾਂ ਜੋ ਘੱਟ ਸਮੇਂ ਵਿੱਚ ਮੰਗਾਂ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਸਮੂਹ ਯੂਨੀਅਨਾਂ ਨੂੰ ਭਰੋਸਾ ਦਿਵਾਇਆ ਕਿ ਕੋਵਿਡ ਦੇ ਅਣਸੁਖਾਵੇਂ ਸਮੇਂ ਦੌਰਾਨ ਜਿਥੇ ਪੂਰੇ ਵਿਸ਼ਵ ਵਿੱਚ ਅਰਥਚਾਰੇ ਨੂੰ ਨੁਕਸਾਨ ਪਹੁੰਚਿਆ, ਉਥੇ ਹਰ ਵਰਗ ਨੂੰ ਨੁਕਸਾਨ ਝੱਲਣਾ ਪਿਆ ਹੈ। ਇਸ ਪੱਖ `ਤੇ ਵਿਚਾਰ ਕਰਦਿਆਂ ਸਰਕਾਰ ਆਵਾਜਾਈ ਸੇਵਾਵਾਂ ਨਾਲ ਜੁੜੇ ਸਾਰੇ ਵਰਗਾਂ ਨੂੰ ਰਿਆਇਤ ਦੇਣ ‘ਤੇ ਵਿਚਾਰ ਕਰੇਗੀ।

Comment here