ਚੰਨੀ ਦਾ ਸੱਤਾ ਦੇ ਨਸ਼ੇ ’ਚ ਵਿਗੜਿਆ ਮਾਨਸਿਕ ਸੰਤੁਲਨ : ਅਸ਼ਵਨੀ ਸ਼ਰਮਾ
ਵਿਸ਼ੇਸ਼ ਰਿਪੋਰਟ (ਗੁਰਲੀਨ ਕੌਰ)-ਬੀਤੇ ਦਿਨੀਂ ਪੰਜਾਬ ਦੇ ਵਿਧਾਨ ਸਭਾ ਇਜਲਾਸ ’ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਅਤੇ ਭਾਜਪਾ ਵਿਰੁੱਧ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਬਿਆਨ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦੀਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਕਿਹਾ ਕਿ ਚੰਨੀ ਦਾ ਸੱਤਾ ਦੇ ਨਸ਼ੇ ਵਿੱਚ ਮਾਨਸਿਕ ਸੰਤੁਲਨ ਵਿਗੜ ਗਿਆ ਹੈ, ਇਸੇ ਕਰਕੇ ਉਹ ਆਰਐਸਐਸ ਖ਼ਿਲਾਫ਼ ਬੇਹੂਦੇ ਤੇ ਬੇਤੁਕੇ ਬਿਆਨ ਦੇ ਰਹੇ ਹਨ। ਅਜਿਹੇ ਘਟੀਆ ਨਫਰਤ ਭਰੇ ਭਾਸ਼ਣ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਿਸੇ ਪਾਰਟੀ ਦਾ ਨਾਮ ਲੈ ਕੇ ਕਹਿ ਰਹੇ ਹਨ ਕਿ ਤੁਸੀਂ ਆਰ.ਐਸ.ਐਸ. ਨੂੰ ਪੰਜਾਬ ਵਿਚ ਲੈ ਕੇ ਆਏ ਹੋ, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਜਪਾ ਨੂੰ ਪੰਜਾਬ ਵਿਚ ਕੋਈ ਵੜਨ ਨਹੀਂ ਦਿੰਦਾ, ਚੰਨੀ ਨੇ ਜਾਂ ਤਾਂ ਇਤਿਹਾਸ ਪੜਿ੍ਹਆ ਹੀ ਨਹੀਂ ਜਾਪਦਾ ਹੈ ਜਾਂ ਫੇਰ ਉਹਨਾਂ ਨੂੰ ਇਤਿਹਾਸ ਦਾ ਬਹੁਤ ਘੱਟ ਗਿਆਨ ਹੈ। ਸ਼ਰਮਾ ਨੇ ਕਿਹਾ ਕਿ ਮੈਂ ਚੰਨੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਪੰਜਾਬ ’ਚ ਉਦੋਂ ਤੋਂ ਕੰਮ ਕਰ ਰਿਹਾ ਹੈ, ਜਦੋਂ ਦੇਸ਼ ਦੀ ਵੰਡ ਵੀ ਨਹੀਂ ਹੋਈ ਸੀ ਅਤੇ ਉਦੋਂ ਤੁਹਾਡਾ ਜਨਮ ਵੀ ਨਹੀਂ ਹੋਇਆ ਸੀ।
ਚੰਨੀ ਨੇ ਕਿਹਾ ਹੈ ਕਿ ਆਰ ਐਸ ਐਸ ਦੁਸ਼ਮਣ ਟੋਲਾ ਹੈ, ਤੁਸੀਂ ਠੀਕ ਕਹਿ ਰਹੇ ਹੋ, ਆਰ ਐਸ ਐਸ ਉਹਨਾਂ ਦੀ ਦੁਸ਼ਮਣ ਜਮਾਤ ਹੈ, ਜੋ ਦੇਸ਼ ਦਾ ਵਿਰੋਧ ਕਰਦੇ ਹਨ, ਜੋ ਧਰਮ ਪਰਿਵਰਤਨ ਕਰਵਾਉਂਦੇ ਹਨ ਅਤੇ ਧਰਮ ਪਰਿਵਰਤਨ ਕਰਨ ਵਾਲਿਆਂ ਦਾ ਸਾਥ ਦਿੰਦੇ ਹਨ, ਜੋ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਨੂੰ ਪਨਾਹ ਦਿੰਦੇ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਤੁਹਾਡੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਆਰ.ਐਸ.ਐਸ. ਦਾ ਸਰਟੀਫਿਕੇਟ ਲੋਕਾਂ ਦਾ ਅਥਾਹ ਪਿਆਰ ਅਤੇ ਭਰੋਸਾ ਹੈ, ਜੋ ਲੋਕ ਬਿਨਾਂ ਸ਼ੱਕ ਆਰ.ਐਸ.ਐਸ. ‘ਤੇ ਕਰਦੇ ਹਨੀ ਤੁਸੀਂ ਆਰ ਐਸ ਐਸ ਬਾਰੇ ਟਿੱਪਣੀ ਕਰਦੇ ਹੋ, ਪਰ ਗੁਰਦਾਸਪੁਰ ਵਿੱਚ ਦੇਸ਼ ਵਿਰੋਧੀ ਨਾਅਰੇ ਲਾਉਣ ਵਾਲਿਆਂ ਵਿਰੁੱਧ ਨਾ ਤਾਂ ਤੁਹਾਡੇ ਅਤੇ ਨਾ ਹੀ ਤੁਹਾਡੇ ਕਿਸੇ ਕਾਂਗਰਸੀ ਵਿਧਾਇਕ ਜਾਂ ਮੰਤਰੀ ਦੇ ਮੂੰਹੋਂ ਕੁੱਝ ਨਿਕਲਿਆ। ਪੰਜਾਬ ਵਿੱਚ ਅੱਤਵਾਦ ਦਾ ਸ਼ਿਕਾਰ ਹੋਏ 32000 ਤੋਂ ਵੱਧ ਹਿੰਦੂਆਂ ਲਈ ਅੱਜ ਤੱਕ ਪੰਜਾਬ ਦੇ ਕਿਸੇ ਕਾਂਗਰਸੀ ਮੰਤਰੀ ਜਾਂ ਵਿਧਾਇਕ ਦੇ ਮੂੰਹੋਂ ਤਸੱਲੀ ਦਾ ਇੱਕ ਵੀ ਸ਼ਬਦ ਨਹੀਂ ਨਿਕਲਿਆ। ਤੁਸੀਂ ਆਪਣੀ ਟਿੱਪਣੀ ਨਾਲ ਨਾ ਸਿਰਫ ਆਰ.ਐਸ.ਐਸ. ਬਲਕਿ ਸਮੁੱਚੇ ਹਿੰਦੂ ਸਮਾਜ ਅਤੇ ਦੇਸ਼ ਭਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਹੈ, ਜਿਸ ਲਈ ਚੰਨੀ ਅਤੇ ਸਮੁੱਚੀ ਪੰਜਾਬ ਕਾਂਗਰਸ ਨੂੰ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਪਵੇਗੀ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ, ਉਹ ਸਭ ਸਮਝਦੇ ਹਨ ਕਿ ਕਾਂਗਰਸ ਦਾ ਮੁੱਖ ਟੀਚਾ ਕੀ ਹੈ? ਚੰਨੀ ਦਾ ਮੁੱਖ ਮਨੋਰਥ ਪੰਜਾਬ ਵਿੱਚ 1984 ਦੇ ਕਾਲੇ ਦੌਰ ਨੂੰ ਮੁੜ ਸੁਰਜੀਤ ਕਰਨਾ ਜਾਪਦਾ ਹੈ। ਸ਼ਰਮਾ ਨੇ ਕਿਹਾ ਕਿ ਕਿਹਾ ਕਿ ਪੰਜਾਬ ਦੇ ਲੋਕ ਦੇਸ਼, ਪੰਜਾਬ ਅਤੇ ਹਿੰਦੂ ਹਿੱਤ ਵਿੱਚ ਢੁੱਕਵੇਂ ਸਮੇਂ ’ਤੇ ਆਪਣਾ ਫੈਸਲਾ ਦੇ ਕੇ ਇਨ੍ਹਾਂ ਭ੍ਰਿਸ਼ਟ, ਦੇਸ਼ ਵਿਰੋਧੀ ਕਾਂਗਰਸੀਆਂ ਦੇ ਮੂੰਹ ’ਤੇ ਕਰਾਰੀ ਚਪੇੜ ਮਾਰਣਗੇ।
ਮਲਿਕ ਨੇ ਚੰਨੀ ਨੂੰ ਦੱਸਿਆ ਪਾਕਿਸਤਾਨ ਸਮਰਥਕ
ਰਾਜ ਸਭਾ ਸਾਂਸਦ ਸ਼ਵੇਤ ਮਲਿਕ ਨੇ ਕਾਂਗਰਸ ਪਾਰਟੀ ਨੂੰ ਪਾਕਿਸਤਾਨ ਦਾ ਸੱਭ ਤੋਂ ਵੱਡਾ ਸਮਰਥਕ ਦੱਸਦਿਆਂ ਹੋਈਆਂ ਕਿਹਾ ਕਿ ਇੱਕ ਵਾਰ ਮੁੱਖ ਮੰਤਰੀ ਚੰਨੀ ਨੇ ਫਿਰ ਇਸ ਗੱਲ ਦਾ ਸਬੂਤ ਦਿੱਤਾ ਕਿ ਆਰ ਐਸ ਐਸ ਨੂੰ ਪੰਜਾਬ ਵਿੱਚ ਲਿਆਉਣ ਵਾਲੇ ਅਕਾਲੀ ਹਨ, ਜਦਕਿ ਰਾਸ਼ਟਰੀ ਸਵੈ ਸੇਵਕ ਸੰਘ 1947 ਤੋਂ ਪਹਿਲਾਂ ਦਾ ਹੀ ਲੋਕ ਭਲਾਈ ਅਤੇ ਸਮਾਜ ਸੇਵਾ ਲਈ ਕੰਮ ਕਰਦਾ ਰਿਹਾ ਹੈ। ਮੇਰੇ ਪਿਤਾ ਜੀ ਖੁਦ ਸੰਘ ਦੇ ਪ੍ਰਚਾਰਕ ਦੇ ਤੌਰ ਤੇ ਸੇਵਾਵਾਂ ਨਿਭਾਉਂਦੇ ਰਹੇ ਹਨ।
ਮਲਿਕ ਨੇ ਕਿਹਾ ਕਿ ਇੱਕ ਪਾਸੇ ਤਾਂ ਇਨ੍ਹਾਂ ਦੇ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਮੰਗ ਕਰਦੇ ਹਨ ਕਿ ਪੰਜਾਬ ਦੀਆਂ ਸਰਹੱਦਾਂ ਨੂੰ ਸੀਲ ਕੀਤਾ ਜਾਵੇ ਕਿਉਂਕਿ ਪਾਕਿਸਤਾਨ ਵਾਲੇ ਪਾਸਿਓਂ ਆਉਣ ਵਾਲਾ ਨਸ਼ਾ ਅਤੇ ਅੱਤਵਾਦ ਪੰਜਾਬ ਲਈ ਖਤਰਾ ਹੈ, ਪਰ ਜਦੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ ਜਾਂਦਾ ਹੈ ਤਾਂ ਇਹ ਲੋਕ ਇਸ ਫ਼ੈਸਲੇ ਨੂੰ ਪੰਜਾਬ ਦੇ ਹੱਕਾਂ ਟੇ ਡਾਕਾ ਦੱਸ ਰਹੇ ਹਨ। ਅਜਿਹਾ ਕਰਕੇ ਇਹ ਲੋਕ ਪਾਕਿਸਤਾਨ ਅਤੇ ਅੱਤਵਾਦ ਆ ਸਮਰਥਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕੱਲ੍ਹ ਜੋ ਕੁੱਝ ਵਿਧਾਨਸਭਾ ਵਿੱਚ ਕਿਹਾ ਉਸ ਤੋਂ ਸਾਫ ਹੈ ਕਿ ਕਾਂਗਰਸ ਦਾ ਪਾਕਿਸਤਾਨ ਸਮਰਥਕ ਚਿਹਰਾ ਨੰਗਾ ਹੋ ਚੁੱਕਿਆ ਹੈ।
ਇਸਦੇ ਨਾਲ ਹੀ ਮਲਿਕ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਦੇ ਮਾਲੀ ਹਾਲਾਤਾਂ ਬਾਰੇ ਦਿੱਤੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੂ ਦਾ ਬਿਆਨ ਸਪਸ਼ਟ ਕਰਦਾ ਹੈ ਕਿ ਮੁੱਖਮੰਤਰੀ ਚੰਨੀ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਵਾਧੇ ਸਿਰਫ ਇੱਕ ਚੁਣਾਵੀ ਜੁਮਲਾ ਹਨ। ਜੇਕਰ ਪੰਜਾਬ ਸਰਕਾਰ ਦੇ ਕੋਲ ਖਜਾਨਾ ਭਰਨ ਲਈ ਕੋਈ ਜ਼ਰੀਆ ਨਹੀਂ ਹੈ ਤਾਂ ਉਹ ਲੋਕਾਂ ਨਾਲ ਕੀਤੇ ਵਾਧੇ ਕਿਸ ਤਰਾਂ ਪੂਰੇ ਕਰ ਸਕਦੇ ਹਨ।
ਇਤਿਹਾਸ ਤੇ ਰਾਜਨੀਤੀ ਦੀ ਜਾਣਕਾਰੀ ਨਾ ਹੋਣਾ ਚੰਨੀ ਦਾ ਮਾਨਸਿਕ ਦੀਵਾਲੀਆਪਣ
ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਸੈਸ਼ਨ ਵਿੱਚ ਆਪਣੇ ਭਾਸ਼ਣ ਦੌਰਾਨ ਕਈ ਇਤਿਹਾਸਕ ਗਲਤੀਆਂ ਕੀਤੀਆਂ ਹਨ।
ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਨਾ ਤਾਂ ਇਤਿਹਾਸ ਦੀ ਜਾਣਕਾਰੀ ਹੈ ਅਤੇ ਨਾ ਹੀ ਰਾਜਨੀਤੀ ਦੀ ਜਾਣਕਾਰੀ ਹੈ, ਜੋ ਕਿ ਮਾਨਸਿਕ ਦੀਵਾਲੀਆਪਣ ਹੈ। ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਕਾਲੀ ਦਲ, ਆਰਐਸਐਸ ਨੂੰ ਪੰਜਾਬ ਵਿੱਚ ਲੈ ਕੇ ਆਇਆ ਹੈ, ਉਨ੍ਹਾਂ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਆਰਐਸਐਸ 1931 ਤੋਂ ਕੰਮ ਕਰ ਰਹੀ ਹੈ, ਜਦੋਂ ਚੰਨੀ ਸਾਬ੍ਹ, ਪੈਦਾ ਵੀ ਨਹੀਂ ਹੋਏ ਸਨ। ਉਨ੍ਹਾਂ ਕਿਹਾ ਕਿ 1947 ਦੇਸ਼ ਦੀ ਵੰਡ ਕਾਂਗਰਸ ਨੇ ਕੀਤੀ ਅਤੇ ਕਾਂਗਰਸ ਦੀ ਬੁੱਕਲ ’ਚ ਚੰਨੀ ਬੈਠ ਕੇ ਰਾਜਨੀਤੀ ਕਰ ਰਹੇ ਹਨ। ਵੰਡ ਦੌਰਾਨ ਆਰਐਸਐਸ ਨੇ ਇਥੇ ਆਈ ਲੋਕਾਂ ਦੀ ਆਪਣੀ ਜਾਨ ਦਾਅ ’ਤੇ ਲਾ ਕੇ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਣਕਾਰੀ ਲਈ ਮੁੱਖ ਮੰਤਰੀ ਚੰਨੀ ਨੂੰ ਛੇਤੀ ਹੀ ਇੱਕ ਕਿਤਾਬ ਭੇਜਣਗੇ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕਹਿ ਰਹੇ ਹਨ ਆਰ ਐਸ ਐਸ ਪੰਜਾਬ ਦੀ ਦੁਸ਼ਮਣ ਹੈ, ਮੈਂ ਪੁੱਛਣਾ ਚਾਹੁੰਦਾ ਹਾਂ ਕਿ 1984 ਵਿੱਚ ਦਰਬਾਰ ਸਾਹਿਬ ’ਤੇ ਹਮਲਾ ਕਾਂਗਰਸ ਨੇ ਕੀਤਾ, ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਂਗਰਸ ਨੇ ਢਾਹਿਆ, 1984 ਵਿੱਚ ਸਿੱਖ ਦੰਗੇ ਕਾਂਗਰਸ ਨੇ ਕਰਵਾਏ, ਦੰਗਿਆਂ ਦੇ ਦੋਸ਼ੀਆਂ ਨੂੰ ਮੰਤਰੀ ਵੀ ਕਾਂਗਰਸ ਨੇ ਬਣਾਇਆ, ਇਹ ਸਾਰੇ ਪਾਪ ਕਰਨ ਵਾਲੇ ਗਾਂਧੀ ਪਰਿਵਾਰ ਦੀ ਗੋਦੀ ਵਿੱਚ ਬੈਠ ਕੇ ਚੰਨੀ ਕਹਿ ਰਹੇ ਹਨ।
ਭਾਜਪਾ ਜਨਰਲ ਸਕੱਤਰ ਨੇ ਕਿਹਾ ਕਿ ਅਸੀਂ ਕੁਰਬਾਨੀਆਂ ਦੇ ਕੇ ਪੰਜਾਬ ਵਿੱਚ ਹਿੰਦੂ-ਸਿੱਖ ਭਾਈਚਾਰੇ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਜਿਹੜੀ ਸਿਆਸਤ ਹੋ ਰਹੀ ਹੈ, ਇਸਦਾ ਜਵਾਬ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਨੂੰ ਸੂਬੇ ਦੇ ਲੋਕਾਂ ਨੂੰ ਦੇਣਾ ਪਵੇਗਾ। ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਹ ਵੱਡਾ ਮੁੱਦਾ ਹੋਵੇਗਾ, ਪਰੰਤੂ ਜਵਾਬ ਅਸੀਂ ਨਹੀਂ ਸਗੋਂ ਕਾਂਗਰਸ ਦੇਵੇਗੀ।
ਚੰਨੀ ਵੱਲੋਂ ਆਰ ਐਸ ਐਸ ਵਿਰੁੱਧ ਬਿਆਨ ’ਤੇ ਪੰਜਾਬ ਭਾਜਪਾ ਭੜਕੀ

Comment here