ਸਿਆਸਤਖਬਰਾਂਚਲੰਤ ਮਾਮਲੇ

ਚੰਨੀ ਮੰਤਰੀ ਮੰਡਲ ਤੇ ਭੜਕੇ ਸੁਖਬੀਰ ਬਾਦਲ, ਵੜਿੰਗ, ਰਾਣਾ ਤੇ ਲਾਏ ਗੰਭੀਰ ਦੋਸ਼

ਕਿਹਾ- ਸਰਕਾਰ ਬਣੀ ਤੋਂ ਕਮਿਸ਼ਨ ਬਣਾ ਕੇ ਕਾਂਗਰਸ ਦੀ ਕੁਰੱਪਸ਼ਨ ਦੀ ਕਰਾਂਗੇ ਜਾਂਚ

ਜਲੰਧਰ-  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨੇ ਗਏ ਨਵੇਂ ਕੈਬਨਿਟ ਮੰਤਰੀਆਂ ਨੂੰ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਰਾਜਾ ਵੜਿੰਗ ਅਤੇ ਰਾਣਾ ਗੁਰਜੀਤ ਨੂੰ ਲੰਬੇ ਹੱਥੀ ਲਿਆ ਅਤੇ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਹਨ। ਰਾਜਾ ਵੜਿੰਗ ਬਾਰੇ ਕਿਹਾ ਕਿ ਉਸ ‘ਤੇ ਫਰੀਦਕੋਟ ‘ਚ ਕਤਲ ਕੇਸ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਕਾਵਿਆ ਰੇਪ ਕੇਸ ਦਾ ਮੁਕਦਮਾ ਚੱਲ ਰਹੇ ਇਕ ਮੰਤਰੀ ਨੂੰ ਵੀ ਕੈਬਨਿਟ ‘ਚ ਜਗ੍ਹਾ ਦਿੱਤੀ ਗਈ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੇ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਕਿ ਰੇਤ ਮਾਫੀਆਂ ਵਾਲੇ ਮੇਰੇ ਕੋਲ ਨਾ ਆਉਣ ਅਤੇ ਹੁਣ ਰਾਣਾ ਗੁਰਜੀਤ ਸਿੰਘ ਜੋ ਕਿ ਰੇਤ ਮਾਫੀਆਂ ਕਾਰਨ ਮੰਤਰੀ ਦੇ ਅਹੁੱਦੇ ਤੋਂ ਬਰਖਾਸਤ ਕੀਤੇ ਗਏ ਸੀ, ਹੁਣ ਉਸ ਨੂੰ ਹੀ ਕੈਬਨਿਟ ਮੰਤਰੀ ਬਣਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭ੍ਰਿਸ਼ਟਾਚਾਰ ’ਚ ਡੁੱਬੇ ਕਾਂਗਰਸ ਦੇ ਸਾਰੇ ਮੰਤਰੀਆਂ ਨੂੰ ਕਿਹਾ ਕਿ 2022 ਵਿਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਉਨ੍ਹਾਂ ਦੇ ਗੁਨਾਹਾਂ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਕਮਿਸ਼ਨ ਗਠਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਨਾ ਸਮਝੇ ਕਿ ਕੁਝ ਭ੍ਰਿਸ਼ਟ ਮੰਤਰੀਆਂ ਨੂੰ ਬਾਹਰ ਕਰਨ ਨਾਲ ਉਸ ਦੇ ਗੁਨਾਹ ਧੋਤੇ ਜਾਣਗੇ ਤੇ ਕੈਬਨਿਟ ਦੇ ਬਾਕੀ ਸਾਥੀ ਦੁੱਧ ਧੋਤੇ ਹੋ ਜਾਣਗੇ। ਸੱਚਾਈ ਇਹ ਹੈ ਕਿ ਸਾਰੀ ਕਾਂਗਰਸ ਪਾਰਟੀ ਹੀ ਭ੍ਰਿਸ਼ਟਾਚਾਰ ’ਚ ਡੁੱਬੀ ਹੋਈ ਹੈ। ਕਾਂਗਰਸ ਦੇ ਮੰਤਰੀਆਂ ਨੇ ਹਜ਼ਾਰਾਂ ਕਰੋੜਾਂ ਰੁਪਏ ਦੇ ਸਕੈਂਡਲ ਕਰਵਾਏ ਹਨ। ਉਹ ਪੰਜਾਬੀਆਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਸੂਬੇ ’ਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਭ੍ਰਿਸ਼ਟਾਚਾਰ ਦੇ ਇਨ੍ਹਾਂ ਸਾਰੇ ਮਾਮਲਿਆਂ ਦੀ ਵਿਸ਼ੇਸ਼ ਕਮਿਸ਼ਨ ਤੋਂ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਪੰਜਾਬੀਆਂ ਤੇ ਸੂਬੇ ਨੂੰ ਲੁੱਟਣ ਦੇ ਦੋਸ਼ੀ ਹੋਣਗੇ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ. ਬਾਦਲ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਕਾਂਗਰਸ ਕਾਰਜਕਾਲ ਦੌਰਾਨ ਪਿਛਲੇ 3 ਮਹੀਨਿਆਂ ਵਿਚ ਲਏ ਗਏ ਸਾਰੇ ਫੈਸਲਿਆਂ ਦੀ ਸਮੀਖਿਆ ਕਰੇਗੀ। ਕਾਂਗਰਸੀਆਂ ਜਾਂ ਉਨ੍ਹਾਂ ਦੇ ਨੇੜਲਿਆਂ ਨੂੰ ਅਮੀਰ ਬਣਾਉਣ ਵੱਲ ਸੇਧਤ ਸਾਰੇ ਫੈਸਲੇ ਰੱਦ ਕੀਤੇ ਜਾਣਗੇ।ਅਕਾਲੀ ਦਲ ਨੇ ਤਾਂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਇਹ ਵੇਖ ਕੇ ਮਨ ਬਹੁਤ ਹੀ ਦੁਖੀ ਹੋ ਰਿਹਾ ਹੈ ਕਿ ਮੌਜੂਦਾ ਮੁੱਖ ਮੰਤਰੀ ’ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਪਰਛਾਵਾਂ ਭਾਰੂ ਕਰ ਲਿਆ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਚਲਾਉਣ ’ਚ ਚੰਨੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਚੰਨੀ ਦੇ ਸਾਹਮਣੇ ਫਾਈਲਾਂ ਸਿਰਫ ਉਨ੍ਹਾਂ ਦੇ ਹਸਤਾਖ਼ਰ ਵਾਸਤੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਹ ਸਰਵਉਚ ਅਹੁਦੇ ਦਾ ਮਾਣ ਤੇ ਸਤਿਕਾਰ ਨਹੀਂ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਚੰਨੀ ਨੂੰ ਉਨ੍ਹਾਂ ਨੂੰ ਮਿਲੇ ਫਤਵੇ ਅਨੁਸਾਰ ਫੈਸਲੇ ਲੈਣ ਦੇਣੇ ਚਾਹੀਦੇ ਹਨ ਨਾ ਕਿ ਉਨ੍ਹਾਂ ਨੂੰ ਰਬੜ ਦੀ ਮੋਹਰ ਸਮਝਣਾ ਚਾਹੀਦਾ ਹੈ।

Comment here