ਸਿਆਸਤਖਬਰਾਂਚਲੰਤ ਮਾਮਲੇ

ਚੰਨੀ ਮੁੱਖ ਮੰਤਰੀ ਚਿਹਰਾ ਰਹਿਣਗੇ, ਬਣਨਗੇ ਨਹੀਂ: ਮਜੀਠੀਆ

ਅੰਮ੍ਰਿਤਸਰ : ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਦਾ ਚਿਹਰਾ ਐਲਾਨ ਕੀਤੇ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸੀਐੱਮ ਦਾ ਚਿਹਰਾ ਹੀ ਘੋਸ਼ਿਤ ਹੋਏ ਹਨ, ਚਿਹਰਾ ਹੀ ਰਹਿ ਜਾਣਗੇ। ਪੰਜਾਬ ਦਾ ਸੀਐੱਮ ਚਿਹਰਾ ਨਹੀਂ ਬਣ ਪਾਉਣਗੇ ਕਿਉਂਕਿ ਲੋਕਾਂ ਨੇ 20 ਸੀਟਾਂ ਵੀ ਕਾਂਗਰਸ ਨੂੰ ਨਹੀਂ ਦੇਣੀਆਂ ਹਨ। ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਬੜਾਵਾ ਦੇ ਕੇ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਨੇ ਘੁਟਾਲਿਆਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਨੁਕਸਾਨ ਕਰਨ ਵਾਲੇ ਲੋਕ ਚੰਨੀ ਤੇ ਸਿੱਧੂ ਦੀ ਕਾਂਗਰਸ ਵਿਚ ਅੱਗੇ ਰਹਿਣਗੇ। ਦਿੱਲੀ ਵਿਚ ਪੱਪੂ ਨਹੀਂ ਰਹੇਗਾ ਤੇ ਪੰਜਾਬ ਵਿਚ ਗੱਪੂ ਨਹੀਂ ਰਹੇਗਾ। ਸਿੱਧੂ ਦੇ ਸੀਐੱਮ ਚਿਹਰਾ ਨਾ ਬਣਨ ’ਤੇ ਉਨ੍ਹਾਂ ਦੇ ਪਾਕਿਸਤਾਨ ਦਾ ਰੁਖ਼ ਕਰਨ ਦੀ ਮਜੀਠੀਆ ਪਹਿਲਾਂ ਗੱਲ ਕਰਦੇ ਰਹੇ ਹਨ, ਇਸ ’ਤੇ ਅੱਜ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਪੂਰਬੀ ਵਿਚ ਹੀ ਲੋਕ ਕਹਿ ਰਹੇ ਹਨ ‘ਭਾਗ ਸਿੱਧੂ ਭਾਗ, ਸਿੱਧੂ ਹੁਣ ਬਹਾਨਾ ਲਗਾ ਕੇ ਭੱਜੇਗਾ’। ਸਿੱਧੂ ਪਹਿਲਾਂ ਵੀ ਨਾ ਤਾਂ ਲੋਕਾਂ ਲਈ ਹਾਜ਼ਰ ਸਨ ਅਤੇ ਨਾ ਹੀ ਉਨ੍ਹਾਂ ਦਾ ਫੋਨ ਚੁੱਕਦੇ ਸਨ। ਕਿਸੇ ਦੇ ਸੁੱਖ ਦੁੱਖ ਵਿਚ ਨਹੀਂ ਗਏ। ਇਹ ਹਲਕਾ 117 ਹਲਕਿਆਂ ਵਿਚੋਂ ਸਭ ਤੋਂ ਪੱਛੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਜਿਥੋਂ ਦੇ ਵਿਧਾਇਕ ਰਹੇ ਹਨ ਉਥੇ ਵੀ ਉਸ ਹਲਕੇ ਦਾ ਬੇੜਾ ਗਰਕ ਕੀਤਾ ਹੋਇਆ ਹੈ। ਚੰਨੀ ’ਤੇ ਸਰਕਾਰੀ ਖਜ਼ਾਨੇ ਵਿਚ ਲੁੱਟ ਦੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਚੰਨੀ ਨੇ ਪੰਜਾਬ ਨੂੰ ਲੁੱਟਿਆ ਤੇ ਲੁੱਟ ਦੇ ਪੈਸੇ ਦਿੱਲੀ ਭੇਜੇ। ਰਾਹੁਲ ਗਾਂਧੀ ਦੁਆਰਾ ਗ਼ਰੀਬ ਘਰ ਦੇ ਮੁੰਡੇ ਨੂੰ ਸੀਐੱਮ ਚਿਹਰਾ ਬਣਾਏ ਜਾਣ ਦੀ ਗੱਲ ’ਤੇ ਉਨ੍ਹਾਂ ਕਿਹਾ ਕਿ ਕਿਸੇ ਗ਼ਰੀਬ ਘਰ ਦੇ ਬੱਚੇ ਤੋਂ ਦਸ ਕਰੋੜ ਦੀ ਰਿਕਵਰੀ ਨਹੀਂ ਹੁੰਦੀ। ਉਸ ਦੇ ਕੋਲ 12 ਲੱਖ ਦੀ ਘੜੀ, 56 ਕਰੋੜ ਦੀ ਜਾਇਦਾਦ ਨਹੀਂ ਹੁੰਦੀ। ਉਹ ਗ਼ਰੀਬ ਘਰ ਦਾ ਪੁੱਤਰ ਨਹੀਂ, ਕਾਂਗਰਸ ਦੇ ਲੁਟੇਰਿਆਂ ਦਾ ਪਰਿਵਾਰ ਹੈ।

Comment here