ਅਪਰਾਧਸਿਆਸਤਖਬਰਾਂ

ਚੰਨੀ ਬੋਲੇ, ‘ਰੈਲੀ ’ਚ ਲੋਕ ਨਹੀਂ ਪਹੁੰਚੇ, ਮੇਰਾ ਕੀ ਕਸੂਰ?’

ਮੋਦੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼
ਚੰਨੀ ਬੋਲੇ, ‘ਕਿਸਾਨ ਭਾਜਪਾ ਤੋਂ ਗੁੱਸੇ, ਮੇਰਾ ਕੀ ਕਸੂਰ’
ਮਾਛੀਵਾੜਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ’ਤੇ ਭਾਜਪਾ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਜਪਾ ਇਸ ਮੁੱਦੇ ’ਤੇ ਸਿਆਸਤ ਕਰ ਰਹੀ ਹੈ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੋਈ ਵੀ ਕੁਤਾਹੀ ਨਹੀਂ ਵਰਤੀ ਗਈ। ਚੰਨੀ ਨੇ ਕਿਹਾ ਕਿ ਰਾਤ 3 ਵਜੇ ਤੱਕ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਮਝਾਇਆ ਗਿਆ ਸੀ ਅਤੇ ਕਿਸਾਨ ਮੰਨ ਵੀ ਗਏ ਸਨ। ਉਨ੍ਹਾਂ ਕਿਹਾ ਕਿ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਸਾਨ ਭਾਜਪਾ ਤੋਂ ਗੁੱਸੇ ਹਨ, ਇਸ ’ਚ ਮੇਰਾ ਕੀ ਕਸੂਰ ਹੈ? ਰੈਲੀ ’ਚ ਲੋਕ ਨਹੀਂ ਪਹੁੰਚੇ ਤਾਂ ਇਸ ’ਚ ਮੇਰਾ ਕੀ ਕਸੂਰ ਹੈ? ਜੇ ਤੁਹਾਨੂੰ ਲੋਕ ਅੱਜ ਨਹੀਂ ਪੰਸਦ ਕਰਦੇ ਹਨ ਤਾਂ ਇਸ ’ਚ ਮੇਰਾ ਕੀ ਕਸੂਰ ਹੈ? ਤੁਸੀਂ ਉਨ੍ਹਾਂ ’ਤੇ ਪਰਚੇ ਦਰਜ ਕੀਤੇ, ਉਹ ਵਾਪਸ ਲੈ ਲਵੋ।
ਪ੍ਰਧਾਨ ਮੰਤਰੀ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਪਰ ਰਾਜਨੀਤੀ ਕਰਨੀ ਸਾਨੂੰ ਮਨਜ਼ੂਰ ਨਹੀਂ। ਸਾਨੂੰ ਮਨਜ਼ੂਰ ਨਹੀਂ, ਇਸ ਮੁੱਦੇ ’ਤੇ ਕੋਈ ਵੀ ਰਾਜਨੀਤੀ ਹੋਵੇ। ਉਨ੍ਹਾਂ ਮੋਦੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਕਿ ਤੁਸੀਂ ਕਹਿ ਰਹੇ ਹੋ ਮੈਂ ਜ਼ਿੰਦਾ ਵਾਪਸ ਜਾ ਰਿਹਾ ਹਾਂ। ਇਕ ਕਿਲੋਮੀਟਰ ਤੱਕ ਤਾਂ ਮੋਦੀ ਦੇ ਨੇੜੇ ਕੋਈ ਬੰਦਾ ਨਹੀਂ ਪੁੱਜਾ ਸੀ। ਪੂਰਾ ਸੂਬਾ ਅਤੇ ਪੰਜਾਬੀਅਤ ਨੂੰ ਬਦਨਾਮ ਕਰਨਾ ਬਰਦਾਸ਼ਤ ਤੋਂ ਬਾਹਰ ਹੈ। ਸਾਡੇ ਵੱਲੋਂ ਕੋਈ ਕਮੀ ਨਹੀਂ ਸੀ, ਉਨ੍ਹਾਂ ਦੀ ਸਕਿਓਰਿਟੀ ਵੱਲੋਂ ਰੂਟ ਬਦਲਿਆ ਗਿਆ ਸੀ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੀਵਾਂ ਚਾਹੇ ਮਰਾਂ, ਸਰਕਾਰ ਟੁੱਟ ਭਾਵੇਂ ਰਹੇ ਪਰ ਚਰਨਜੀਤ ਸਿੰਘ ਚੰਨੀ ਨੇ ਰਹਿਣਾ ਪੰਜਾਬ ਦੇ ਲੋਕਾਂ ਦੇ ਨਾਲ ਹੈ। ਤਿੰਨ ਮਹੀਨੇ ਰਹਿ ਗਏ ਹਨ ਸਰਕਾਰ ਨੂੰ ਚੰਨੀ ਅਤੇ ਪੰਜਾਬ ਦੇ ਲੋਕ ਹਮੇਸ਼ਾ ਦੇਸ਼ ਦੇ ਨਾਲ ਰਹਿਣਗੇ ਹਰ ਗੱਲ ਦਾ ਜਵਾਬ ਦੇਣਗੇ।
ਮੁੱਖ ਮੰਤਰੀ ਚੰਨੀ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਡਾਇਰੈਕਟਰ ਕਰਨਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਾਛੀਵਾੜਾ ਅਨਾਜ ਮੰਡੀ ’ਚ ਕਾਂਗਰਸ ਦੀ ਭਰਵੀਂ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਵਿਚ ਜਾਨ ਦਾ ਖ਼ਤਰਾ ਖੜ੍ਹਾ ਹੋ ਗਿਆ ਸੀ, ਜੋਕਿ ਬਿਲਕੁਲ ਬੇਬੁਨਿਆਦ ਹਨ ਕਿਉਂਕਿ ਸੂਬੇ ਵਿਚ ਕੋਈ ਉਨ੍ਹਾਂ ਉੱਪਰ ਹਮਲਾ ਕਰੇਗਾ ਤਾਂ ਪਹਿਲੀ ਗੋਲ਼ੀ ਉਹ ਆਪਣੀ ਛਾਤੀ ਵਿਚ ਖਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਕਿਵੇਂ ਹੋ ਸਕਦਾ ਹੈ ਕਿਉਂਕਿ ਨਾ ਉਨ੍ਹਾਂ ਦੀ ਗੱਡੀ ਕੋਲ ਕੋਈ ਪ੍ਰਦਰਸ਼ਨਕਾਰੀ ਪੁੱਜ ਸਕਿਆ ਅਤੇ ਨਾ ਹੀ ਕਿਸੇ ਨੇ ਕੋਈ ਹਮਲਾ ਕੀਤਾ ਸਗੋਂ ਕਿਸਾਨ ਤਾਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਕਿਉਂਕਿ ਉਨ੍ਹਾਂ ਉੱਪਰ ਦਿੱਲੀ ਸੰਘਰਸ਼ ਦੌਰਾਨ ਪਰਚੇ ਹੋਏ ‘ਤੇ ਜ਼ੁਲਮ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਸੁਰੱਖਿਆ ਪ੍ਰਬੰਧਾਂ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਰਹਿ ਰਹੇ ਹਨ ਜਦਕਿ 5 ਦਿਨ ਪਹਿਲਾਂ ਹੀ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਸਾਰੇ ਪ੍ਰਬੰਧ ਆਪਣੀ ਨਿਗਰਾਨੀ ਹੇਠ ਲੈ ਲਏ ਸਨ ਅਤੇ ਕਿਸ ਰੂਟ ’ਤੇ ਪ੍ਰਧਾਨ ਮੰਤਰੀ ਨੇ ਆਉਣਾ-ਜਾਣਾ ਹੈ, ਉਹ ਵੀ ਤੈਅ ਕਰ ਲਿਆ ਸੀ ਪਰ ਹੁਣ ਫਲਾਪ ਰੈਲੀ ਦਾ ਭਾਂਡਾ ਭੰਨਣ ਲਈ ਉਹ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰ ਸੌੜੀ ਰਾਜਨੀਤੀ ਕਰ ਰਹੇ ਹਨ।
ਇਸ ਰੈਲੀ ਵਿਚ ਮੁੱਖ ਮੰਤਰੀ ਦੇ ਪੁੱਜਣ ’ਤੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਇਸ ਹਲਕੇ ਨੂੰ ਆਪਣੇ ਪਰਿਵਾਰ ਵਾਂਗ ਰੱਖਿਆ ਹੈ ਅਤੇ ਅੱਜ ਦਾ ਇਹ ਵਿਸ਼ਾਲ ਇਕੱਠ ਇਸ ਗੱਲ ਦਾ ਸਬੂਤ ਹੈ। ਕਰਨਵੀਰ ਸਿੰਘ ਢਿੱਲੋਂ ਨੇ ਹਲਕਾ ਸਮਰਾਲਾ ਦੀਆਂ ਕੁਝ ਮੰਗਾਂ ਵੀ ਮੁੱਖ ਮੰਤਰੀ ਅੱਗੇ ਰੱਖੀਆਂ ਜਿਸ ’ਤੇ ਉਨ੍ਹਾਂ ਇਨ੍ਹਾਂ ਨੂੰ ਜਲਦ ਪ੍ਰਵਾਨ ਕਰਨ ਦੀ ਗੱਲ ਕਹੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਹਲਕਾ ਸਮਰਾਲਾ ’ਚ ਰੈਲੀ ਸਮੇਂ ਵੀ ਮੌਸਮ ਅੱਜ ਵੀ ਖ਼ਰਾਬ ਹੈ ਅਤੇ ਕੱਲ੍ਹ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਫਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਰੈਲੀ ’ਚ ਵੀ ਖ਼ਰਾਬ ਸੀ ਪਰ ਹਾਲਾਤ ਇਹ ਹਨ ਕਿ ਮੋਦੀ ਰੈਲੀ ’ਚ 70000 ਕੁਰਸੀ ਲਗਾਈ ਗਈ ਪਰ ਵਰਕਰ 700 ਵੀ ਨਹੀਂ ਪਹੁੰਚੇ ਜਦਕਿ ਸਮਰਾਲਾ ਦੀ ਕਾਂਗਰਸ ਰੈਲੀ ’ਚ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਹਨ ਕਿ ਲੋਕ ਹੁਣ ਭਾਜਪਾ ਨੂੰ ਚੰਗਾ ਨਹੀਂ ਸਮਝਦੇ ਅਤੇ ਮੁੜ ਕਾਂਗਰਸ ਸਰਕਾਰ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਕਿਹਾ ਕਿ ਉਹ ਵੀ ਫਿਰੋਜ਼ਪੁਰ ਰੈਲੀ ’ਚ ਖ਼ਾਲੀ ਕੁਰਸੀਆਂ ਨੂੰ ਸੰਬੋਧਨ ਕਰਕੇ ਤੁਰਦੇ ਬਣੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਆਪਣੀ ਵਿਰੋਧੀ ਸਿਆਸੀ ਪਾਰਟੀਆਂ ’ਤੇ ਚੰਗੇ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਕੋਰੋਨਾ’ ਵਰਗਾ ਹੈ ਕਿਉਂਕਿ ਇਹ ਬਾਹਰਲੇ ਸੂਬੇ ਦਾ ਹੋ ਕੇ ਪੰਜਾਬ ਉੱਪਰ ਅੱਖ ਰੱਖੀ ਬੈਠਾ ਹੈ, ਇਸ ਲਈ ਲੋਕ ਆਪਣੇ ਇਲਾਕੇ ਵਿਚ ਨਾ ਵੜ੍ਹਨ ਦੇਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੋ ਲੋਕ ਹਿੱਤਾਂ ਲਈ ਕੰਮਾਂ ਦੀਆਂ ਗਰੰਟੀਆਂ ਦਿੰਦਾ ਹੈ ਉਹ ਤੁਹਾਡਾ ਮੁੱਖ ਮੰਤਰੀ ਚੰਨੀ ਵਾਅਦੇ ਨਹੀਂ ਸਗੋਂ ਉਸ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਉਨ੍ਹਾਂ ਭਗਵੰਤ ਮਾਨ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕੇਜਰੀਵਾਲ ਪਿੱਛੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਮੀਦਵਾਰ ਬਣਨ ਲਈ ਬੱਕਰੀ ਦੇ ਲੇਲੇ ਵਾਂਗ ਪਿੱਛੇ-ਪਿੱਛੇ ਘੁੰਮ ਰਿਹਾ ਹੈ। ਚੰਨੀ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਦਾ ਪੈਸਾ ਲੁੱਟ ਕੇ ਖਾ ਲਿਆ ਜਦਕਿ ਮੈਂ ਲੋਕਾਂ ਤੋਂ ਟੈਕਸ ਵਜੋਂ ਵਸੂਲਿਆ ਪੈਸਾ ਉਨ੍ਹਾਂ ਨੂੰ ਵਾਪਸ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾ ਰਿਹਾ ਹਾਂ।

Comment here