ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਚੰਨੀ ਨੇ ਯੂਕ੍ਰੇਨ ’ਚ ਫਸੇ ਪੰਜਾਬੀਆਂ ਦੀ ਵਾਪਸੀ ਲਈ ਲਿਖੀ ਕੇਂਦਰ ਨੂੰ ਚਿੱਠੀ

ਜਲੰਧਰ- ਯੂਕਰੇਨ ਵਿੱਚ ਗੰਭੀਰ ਹਾਲਾਤਾਂ ਦੇ ਚਲਦੇ ਭਾਰਤੀ ਵਿਦਿਆਰਥੀਆਂ ਦਾ ਉਥੇ ਫਸੇ ਹੋਣਾ ਚਿੰਤਾ ਦਾ ਵਿਸ਼ਾ ਬਣਇਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਅਤੇ ਹੋਰ ਪੰਜਾਬੀਆਂ ਦੀ ਵਤਨ ਵਾਪਸੀ ਨੂੰ ਲੈ ਕੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਉਨ੍ਹਾਂ ਜੈਸ਼ੰਕਰ ਨੂੰ ਮੰਗ ਕੀਤੀ ਹੈ ਕਿ ਯੂਕ੍ਰੇਨ ’ਚ ਫਸੇ ਵਿਦਿਆਰਥੀ ਅਤੇ ਹੋਰ ਪੰਜਾਬੀਆਂ ਦੀ ਉਥੋਂ ਵਤਨ ਵਾਪਸੀ ਲਈ ਢੁੱਕਵੇਂ ਕਦਮ ਚੁੱਕੇ ਜਾਣ। ਜ਼ਿਕਰਯੋਗ ਹੈ ਕਿ ਯੂਕ੍ਰੇਨ ’ਤੇ ਰੂਸੀ ਫ਼ੌਜ ਵੱਲੋ ਦੂਜੇ ਦਿਨ ਵੀ ਹਮਲੇ ਜਾਰੀ ਰਹੇ। ਹਮਲੇ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਰਾਜਧਾਨੀ ਕੀਵ ’ਚ ਹੋਏ ਕਈ ਹਮਲਿਆਂ ਤੋਂ ਬਾਅਦ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਨੂੰ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ। ਬੀ. ਬੀ. ਸੀ. ਨੇ ਯੂਕ੍ਰੇਨੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਰਾਜਧਾਨੀ ’ਤੇ ਰੂਸੀ ਫ਼ੌਜ ਨੇ ਕਈ ਮਿਜ਼ਾਈਲਾਂ ਦਾਗ਼ੀਆਂ। ਇਸ ਜ਼ਬਰਦਸਤ ਹਮਲੇ ’ਚ ਘੱਟੋ-ਘੱਟ ਇਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਅਤੇ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਕਿ ਇਸ ਹਮਲੇ ’ਚ ਤਿੰਨ ਲੋਕ ਜ਼ਖ਼ਮੀ ਹੋਏ ਹਨ। ਜ਼ੇਲੇਂਸਕੀ ਨੇ ਦੇਸ਼ ਨੂੰ ਦਿੱਤੇ ਸੰਦੇਸ਼ ’ਚ ਰੂਸ ਨੂੰ ਜੰਗਬੰਦੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੱਛਮੀ ਦੇਸ਼ਾਂ ਤੋਂ ਵੀ ਰੂਸੀ ਹਮਲੇ ਨੂੰ ਰੋਕਣ ਲਈ ਹੋਰ ਕਦਮ ਚੁੱਕਣ ਦੀ ਫਰਿਆਦ ਕੀਤੀ। ਬੀ. ਬੀ. ਸੀ. ਨੇ ਕੀਵ ’ਚ ਤੜਕੇ 4 ਵਜੇ ਹੋਏ ਹਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੀਵ ਵੱਲ ਰੂਸੀ ਫ਼ੌਜ ਦੇ ਵਧਣ ਦੌਰਾਨ ਪੋਜ਼ਿੰਆਕੀ ਖੇਤਰ ’ਚ ਧਮਾਕੇ ਹੋਏ। ਬੀ. ਬੀ. ਸੀ. ਦੇ ਪੱਤਰਕਾਰ ਨੇ ਟਵੀਟ ਕੀਤਾ, ‘‘ਕੀਵ ’ਚ ਦੋ ਛੋਟੇ ਧਮਾਕੇ ਸੁਣੇ ਗਏ। ਫਿਲਹਾਲ ਇਹ ਦੱਸਣਾ ਸੰਭਵ ਨਹੀਂ ਹੈ ਕਿ ਇਸ ਦਾ ਕੀ ਮਤਲਬ ਹੈ ਪਰ ਅਫ਼ਵਾਹ ਹੈ ਕਿ ਰੂਸੀ ਫ਼ੌਜ ਰਾਜਧਾਨੀ ’ਚ ਦਾਖ਼ਲ ਹੋ ਗਈ ਹੈ।’’ ਯੂਕ੍ਰੇਨੀ ਫ਼ੌਜ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਯੂਕ੍ਰੇਨੀ ਬਲ ਰਾਜਧਾਨੀ ਕੀਵ ਦੇ ਬਾਹਰਵਾਰ ਦਿਮੇਰ ਅਤੇ ਇਵਾਨਕੀਵ ’ਚ ਰੂਸੀ ਬਲਾਂ ਉੱਤੇ ਹਮਲਾ ਕਰ ਰਹੇ ਹਨ।

Comment here