ਬਰਨਾਲਾ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵਲੋਂ ਅੱਜ ਭਦੌੜ ਹਲਕੇ ਤੋਂ ਨਾਮਜ਼ਦਗੀ ਪੱਤਰ ਭਰਿਆ ਹੈ। ਉਹ ਚਮਕੌਰ ਸਾਹਿਬ ਤੋਂ ਵੀ ਚੋਣ ਲੜ ਰਹੇ ਹਨ। ਇਸ ਦੌਰਾਨ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਵੀ ਮੁੱਖ ਮੰਤਰੀ ਨਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਚੰਨੀ ਨੇ ਕਿਹਾ ਕਿ ਉਹ ਮਿਸ਼ਨ ਮਾਲਵਾ ’ਤੇ ਹਨ ਅਤੇ ਸੁਦਮਾ ਬਣ ਕੇ ਆਏ ਹਨ, ਮਾਲਵੇ ਦੇ ਲੋਕ ਉਨ੍ਹਾਂ ਨੂੰ ਕ੍ਰਿਸ਼ਨ ਬਣ ਕੇ ਸੰਭਾਂਲਣਗੇ।
ਚੰਨੀ ਨੂੰ ਭਗਵੰਤ ਮਾਨ ਦੀ ਚੁਣੌਤੀ
ਚਮਕੌਰ ਸਾਹਿਬ ਦੇ ਨਾਲ ਹੀ ਹਲਕਾ ਭਦੌੜ ਤੋਂ ਚੋਣ ਲੜਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੁਣੌਤੀ ਦਿੱਤੀ ਹੈ। ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਸੀਐਮ ਚੰਨੀ ਦੀ ਭਦੌੜ ਤੋਂ ਜ਼ਮਾਨਤ ਜ਼ਬਤ ਕਰਾ ਕੇ ਭੇਜਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਈਡੀ ਮਾਮਲੇ ‘ਚ ਚੰਨੀ ਦੀ ਜ਼ਮਾਨਤ ਹੋ ਸਕਦੀ ਹੈ ਪਰ ਭਦੌੜ ਤੋਂ ਚੰਨੀ ਦੀ ਜ਼ਮਾਨਤ ਜ਼ਰੂਰ ਜ਼ਬਤ ਹੋਵੇਗੀ। ਦੱਸ ਦਈਏ ਕਿ ਵਿਧਾਨ ਸਭਾ ਹਲਕਾ ਭਦੌੜ ਭਗਵੰਤ ਮਾਨ ਦੀ ਸੰਸਦੀ ਸੀਟ ਸੰਗਰੂਰ ਅਧੀਨ ਆਉਂਦਾ ਹੈ। ਇਸ ਲਈ ਇਸ ਇਲਾਕੇ ਵਿੱਚ ਭਗਵੰਤ ਮਾਨ ਦਾ ਜ਼ੋਰ ਹੈ।ਕਿਹਾ ਜਾ ਰਿਹਾ ਹੈ ਕਿ ‘ਆਪ’ ਦੇ ਮਾਲਵਾ ਖ਼ਿੱਤੇ ਵਿੱਚ ਅਸਰ ਨੂੰ ਪ੍ਰਭਾਵਹੀਣ ਕਰਨ ਵਾਸਤੇ ਪਾਰਟੀ ਨੇ ਚੰਨੀ ਨੂੰ ਭਦੌੜ ਤੋਂ ਉਤਾਰਨ ਦਾ ਪੈਂਤੜਾ ਅਪਣਾਇਆ ਹੈ ਤਾਂ ਜੋ ਬਾਕੀ ਹਲਕਿਆਂ ਵਿੱਚ ਵੀ ਕਾਂਗਰਸ ਨੂੰ ਇਸ ਦਾ ਫ਼ਾਇਦਾ ਮਿਲ ਸਕੇ। ਹਲਕਾ ਭਦੌੜ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਆਪਣੀ ਲੜਕੀ ਲਈ ਤੇ ‘ਆਪ’ ’ਚੋਂ ਕਾਂਗਰਸ ਵਿੱਚ ਸ਼ਾਮਲ ਹੋਏ ਪਿਰਮਲ ਸਿੰਘ ਵੀ ਟਿਕਟ ਮੰਗ ਰਹੇ ਸਨ। ਇਹ ਵੀ ਚਰਚਾ ਹੈ ਕਿ ਚੰਨੀ ਅੰਦਰੋਂ-ਅੰਦਰੀ ਸਮਝਦੇ ਸਨ ਕਿ ਵਿਰੋਧੀ ਧਿਰਾਂ ਕਿਸੇ ਪੜਾਅ ’ਤੇ ਇਕੱਠੀਆਂ ਹੋ ਕੇ ਚਮਕੌਰ ਸਾਹਿਬ ਹਲਕੇ ਤੋਂ ਘੇਰਾਬੰਦੀ ਕਰ ਸਕਦੀਆਂ ਸਨ ਤੇ ਉਹ ਸਿਆਸੀ ਤੌਰ ’ਤੇ ਅਸੁਰੱਖਿਅਤ ਮਹਿਸੂਸ ਕਰਦੇ ਹੋ ਸਕਦੇ ਹਨ। ਪਰ ਨਤੀਜੇ ਕੀ ਹੋਣਗੇ ਇਹ ਤਾਂ ਫੈਸਲਾ ਵੋਟਰਾਂ ਦੇ ਮਨ ਦੇ ਅੰਦਰ ਹੀ ਪਿਆ ਹੈ।
Comment here