ਚੰਡੀਗੜ-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਵੱਲੋਂ ਹਾਲ ਹੀ ਵਿੱਚ ਮਾਰੇ ਗਏ ਛਾਪਿਆਂ ਬਾਰੇ ਕਾਂਗਰਸ ਨੇ ਚੋਣ ਕਮਿਸ਼ਨ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਦੇ ਵਫਦ ਨੇ ਕਲ ਇਸ ਮੁਦੇ ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਰਣਦੀਪ ਸਿੰਘ ਸੁਰਜੇਵਾਲਾ, ਅਭਿਸ਼ੇਕ ਮਨੂੰ ਸਿੰਘਵੀ, ਹਰੀਸ਼ ਚੌਧਰੀ, ਦਵਿੰਦਰ ਯਾਦਵ ਤੇ ਹੋਰ ਆਗੂ ਸ਼ਾਮਲ ਸਨ।
ਵਿਰੋਧੀਆਂ ਦਾ ਹੱਲਾ ਬੋਲ
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਚੰਨੀ ਨੂੰ ਈਡੀ ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰ ਦੇ ਅਦਾਰੇ ’ਤੇ ਮਾਰੇ ਗਏ ਛਾਪੇ ਦੌਰਾਨ ਕਰੋੜਾਂ ਰੁਪਏ ਦੀ ਨਗਦੀ ਬਰਾਮਦ ਹੋਣ ਬਾਰੇ ਸਪਸ਼ਟੀਕਰਨ ਦੇਣ ਲਈ ਕਿਹਾ ਹੈ। ਚੱਢਾ ਨੇ ਦੋਸ਼ ਲਗਾਇਆ ਕਿ ਚੰਨੀ ਦੇ ਰਿਸ਼ਤੇਦਾਰ ਨੇ ਬੀਤੇ ਤਿੰਨ-ਚਾਰ ਮਹੀਨਿਆਂ ਵਿੱਚ ਹੀ ਕਥਿਤ ਤੌਰ ’ਤੇ ਕਰੋੜਾਂ ਰੁਪਏ ਇਕੱਠੇ ਕੀਤੇ ਤੇ ਹੋਰ ਜਾਇਦਾਦ ਬਣਾਈ ਹੈ। ਇਹ ਪੈਸਾ ਕਿਥੋਂ ਆਇਆ , ਚਾਰ ਮਹੀਨੇ ਪਹਿਲਾਂ ਉਸ ਕੋਲ ਇੰਨੀ ਵੱਡੀ ਰਕਮ ਨਹੀਂ ਸੀ। ਉਨ੍ਹਾਂ ਨੇ ਤਨਜ਼ ਕੱਸਿਆ ਕਿ ਕਾਂਗਰਸ ਪਾਰਟੀ ਪਰਦਾਫਾਸ਼ ਹੋ ਗਈ ਹੈ ਤੇ ਚੰਨੀ ਦੀ ‘ਗਰੀਬੀ’ ਵੀ ਜੱਗ ਜਾਹਰ ਹੋ ਗਈ ਹੈ। ਅਕਾਲੀ ਨੇਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਸੂਬੇ ਵਿਚ ਰੇਤ ਮਾਫੀਆ ਚਲਾ ਰਹੀ ਹੈ। ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਦੀ ਛਾਪੇਮਾਰੀ ਦੌਰਾਨ ਬਰਾਮਦ ਹੋਈ ਕਰੋੜਾਂ ਦੀ ਨਕਦੀ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸੀ ਆਗੂਆਂ ਨੇ ਤਿੰਨ ਮਹੀਨਿਆਂ ਵਿਚ ਪੈਸਾ ਇਕੱਠਾ ਕਰ ਲਿਆ ਹੈ। ਈਡੀ ਦੀ ਇਹ ਕਾਰਵਾਈ ਜਾਇਜ਼ ਹੈ। ਜੇਕਰ ਈਡੀ ਚੰਨੀ ਦੇ ਮੋਰਿੰਡਾ ਤੇ ਚੰਡੀਗੜ੍ਹ ਸਥਿਤ ਦੋਵਾਂ ਘਰਾਂ ‘ਤੇ ਵੀ ਛਾਪੇਮਾਰੀ ਕਰੇ ਤਾਂ ਉਥੋਂ ਹੋਰ ਵੀ ਨਕਦੀ ਬਰਾਮਦ ਹੋ ਸਕਦੀ ਹੈ।ਤੇ ਈਡੀ ਦੀ ਛਾਪੇਮਾਰੀ ਤੋਂ ਪਹਿਲਾਂ ਚੰਨੀ ਆਪਣੇ ਸੁਰੱਖਿਆ ਮੁਲਾਜ਼ਮਾਂ ਰਾਹੀਂ ਸਰਕਾਰੀ ਗੱਡੀਆਂ ਦੀ ਵਰਤੋਂ ਕਰਕੇ ਕਰੋੜਾਂ ਰੁਪਏ ਇਧਰ-ਉਧਰ ਲੈ ਗਿਆ। ਉਹ ਦਿਨ ਦੂਰ ਨਹੀਂ ਜਦੋਂ ਚੰਨੀ ਭ੍ਰਿਸ਼ਟਾਚਾਰ ਦੇ ਕੇਸ ਵਿਚ ਜੇਲ੍ਹ ਪਹੁੰਚ ਜਾਵੇਗਾ। ਸਾਡੀ ਸਰਕਾਰ ਰੇਤ ਮਾਫੀਆ ਤੇ ਕਾਰਵਾਈ ਕਰੇਗੀ।
Comment here