ਸਿਆਸਤਖਬਰਾਂ

ਚੰਨੀ ਦੇ ਪ੍ਰਾਈਵੇਟ ਜੈੱਟ ਯਾਤਰਾ ’ਤੇ ਸਿਆਸਤ ਗਰਮਾਈ

ਚੰਡੀਗੜ-ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪਾਰਟੀ ਪ੍ਰਧਾਨ ਅਤੇ ਉਪ ਮੁੱਖ ਮੰਤਰੀਆਂ ਨਾਲ ਅੱਜ ਦਿੱਲੀ ਲਈ ਰਵਾਨਾ ਹੋਏ, ਪਰ ਉਹਨਾਂ ਵਲੋਂ ਚਾਰਟਰਡ ਪਲੇਨ ਰਾਹੀਂ ਦਿੱਲੀ ਸਫਰ ਕੀਤੇ ਜਾਣ ਤੇ ਸਿਆਸਤ ਗਰਮਾਅ ਗਈ ਹੈ। ਸ਼ਰੋਮਣੀ ਅਕਾਲੀ ਦਲ ਨੇ ਚੰਨੀ ਵੱਲੋਂ ਚਾਰਟਰਡ ਪਲੇਨ ਰਾਹੀਂ ਦਿੱਲੀ ਦੌਰੇ ’ਤੇ ਸਵਾਲ ਚੁੱਕੇ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ਬਾਅਦ ਕਿ ਉਹ ਆਮ ਆਦਮੀ ਦੇ ਨਾਲ ਖੜ੍ਹੇ ਹਨ, ਤਾਂ ਫਿਰ ਕਾਂਗਰਸ ਨੇਤਾ ਚੰਡੀਗੜ੍ਹ ਤੋਂ ਦਿੱਲੀ ਤੱਕ ਸਿਰਫ਼ 250 ਕਿੱਲੋਮੀਟਰ ਦੀ ਯਾਤਰਾ ਕਰਨ ਲਈ ਪ੍ਰਾਈਵੇਟ ਜੈੱਟ ਦਾ ਇਸਤੇਮਾਲ ਕਿਉਂ ਕਰਦੇ ਹਨ।
ਅਕਾਲੀ ਦਲ ਨੇ ਕਿਹਾ ਕਿ ਇੰਨੇ ਸਫਰ ਲਈ ਕੋਈ ਸਧਾਰਨ ਉਡਾਣ ਜਾਂ ਕਾਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਧਰ ਆਮ ਆਦਮੀ ਪਾਰਟੀ ਨੇ ਵੀ ਕਾਂਗਰਸੀ ਆਗੂਆਂ ਦੀ ‘ਸ਼ਾਹੀ ਸਵਾਰੀ’ ਨੂੰ ਨਿਸ਼ਾਨੇ ਉਤੇ ਲਿਆ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਕੱਲ ਕਾਂਗਰਸੀ ਆਗੂ ਵੱਡੀਆਂ ਗੱਲਾਂ ਕਰ ਰਹੇ ਸਨ ਪਰ ਅੱਜ ਹਾਈਕਮਾਨ ਨੂੰ ਮਿਲਣ ਲਈ ਮਹਿੰਗੇ ਜਹਾਜ਼ ਦੀ ਵਰਤੋਂ ਕੀਤੀ ਹੈ। ਇਹ ਆਮ ਲੋਕਾਂ ਦੇ ਪੈਸੇ ਦੀ ਬਰਬਾਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਆਮ ਲੋਕਾਂ ਲ਼ਈ ਪੈਸਾ ਨਹੀਂ ਪਰ ਖੁਦ ਵੀਵੀਪੀਆਈ ਕਲਚਰ ਨੂੰ ਛੱਡਣ ਲਈ ਤਿਆਰ ਨਹੀਂ।
ਹਰਪਾਲ ਚੀਮਾ ਨੇ ਕਿਹਾ ਕਿ, ”ਸਹੁੰ ਚੁੱਕਣ ਤੋਂ ਦੂਜੇ ਦਿਨ ਹੀ ਨਵੇਂ ਬਣੇ ਮੁੱਖ ਮੰਤਰੀ ਨੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਸ਼ੁਰੂ ਕਰ ਦਿੱਤੀ, ਕੈਪਟਨ-ਬਾਦਲਾਂ ਵਾਂਗ ਲੈਣ ਲੱਗਿਆ ਨਿੱਜੀ ਜਹਾਜ਼ ਦੇ ਝੂਟੇ।”

Comment here