ਜਲੰਧਰ-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਨੂਰਮਹਿਲ ’ਚ ਵੱਡੀ ਰੈਲੀ ਕੀਤੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਪੰਜਾਬ ਕਾਂਗਰਸ ਪਾਰਟੀ ’ਤੇ ਨਿਸ਼ਾਨੇ ਸਾਧੇ, ਉਥੇ ਹੀ ਆਪਣੇ ਵੇਲੇ ਦੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤੰਜ ਕੱਸਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਜਿੱਥੇ ਵੀ ਜਾਂਦੇ ਹਨ, ਇਕੋ ਗੱਲ ਬੋਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਚੰਨੀ ਸਬਜ਼ੀ ਵਾਲੀ ਰੇਹੜੀ ਕੋਲ ਖੜ੍ਹੇ ਹੁੰਦੇ ਹਨ ਤਾਂ ਕਹਿੰਦੇ ਹਨ ਕਿ ਮੈਂ ਵੀ ਰੇਹੜੀ ਲਗਾਈ ਸੀ। ਜੇਕਰ ਕਿਤੇ ਦੁੱਧ ਵਾਲੀ ਦੁਕਾਨ ਕੋਲ ਜਾਣ ਤਾਂ ਇਹ ਕਹਿੰਦੇ ਹਨ ਕਿ ਮੈਂ ਵੀ ਦੁੱਧ ਵੇਚਦਾ ਹੁੰਦਾ ਸੀ। ਮੈਂ ਜਲੇਬੀਆਂ ਕੱਢਦਾ ਹੁੰਦਾ ਸੀ, ਮੇਰੀ ਟੈਂਟ ਦੀ ਦੁਕਾਨ ਹੁੰਦੀ ਸੀ। ਇਹੋ ਜਿਹੇ ਤਾਂ ਪੰਜਾਬ ’ਚ ਠੱਗ ਹਨ। ਬੜੀਆਂ ਤਾਕਤਾਂ ਆਈਆਂ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਬਾਰੇ ਸੋਚਿਆ। ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ। ਇਹ ਜਾਇਦਾਦ ਸਿਰਫ਼ ਲੋਕਾਂ ਦੀ ਹੀ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਵੀ ਬੇਹੱਦ ਮਾੜੀ ਹੋ ਚੁੱਕੀ ਹੈ। ਸਕੂਲਾਂ ’ਚ ਸਿਰਫ਼ ਦੋ ਹੀ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ’ਚ 30 ਫ਼ੀਸਦੀ ਵਿਦਿਆਰਥੀਆਂ ਲਈ ਰਿਜ਼ਰਵੇਸ਼ਨ ਹੋਵੇਗੀ। ਵਿਦਿਆਰਥੀਆਂ ਦੀ ਪੜ੍ਹਾਈ ਲਈ ਇਕ ਸਟੂਡੈਂਟ ਕਾਰਡ ਦਿੱਤਾ ਜਾਵੇਗਾ। ਅੱਗੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਬਣਨ ’ਤੇ ਜਿੱਥੇ ਸਾਰਿਆਂ ਦੇ ਨੀਲੇ ਕਾਰਡ ਦੋਬਾਰਾ ਬਣਾਏ ਜਾਣਗੇ, ਉਥੇ ਹੀ ਹਰ ਵਰਗ ਨੂੰ 400 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਜੇਕਰ ਕਿਸੇ ਪਰਿਵਾਰ ਦੀ 400 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਹੁੰਦੀ ਹੈ ਤਾਂ 400 ਯੂਨਿਟ ਦੇ ਉੱਪਰ ਹੋਈ ਬਿਜਲੀ ਦੀ ਵਰਤੋਂ ਹੀ ਬਿੱਲ ਆਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਹੈਲਥ ਇੰਸ਼ੋਰੈਂਸ ਵੀ ਕਰਵਾਈ ਜਾਵੇਗੀ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਚੋਣਾਵੀ ਵਾਅਦਾ ਕਰਦੇ ਹੋਏ ਕਿਹਾ ਕਿ 10 ਲੱਖ ਰੁਪਏ ਤੱਕ ਦਾ ਲੋਕਾਂ ਦਾ ਸਿਹਤ ਬੀਮਾ ਕਰਵਾਇਆ ਜਾਵੇਗਾ, ਜਿਸ ਨਾਲ ਲੋਕ 10 ਲੱਖ ਤੱਕ ਮੁਫ਼ਤ ਇਲਾਜ ਕਰਵਾ ਸਕਣਗੇ। ਦੁਕਾਨਾਂ ਲਈ ਇੰਸ਼ੋਰੈਂਸ ਵੀ ਕੀਤੀ ਜਾਵੇਗੀ।
Comment here