ਚੰਡੀਗੜ੍ਹ-ਕੁੱਝ ਦਿਨ ਪਹਿਲਾਂ ਪੰਜਾਬ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉੱਤੇ ਕ੍ਰਿਕਟਰ ਨੂੰ ਨੌਕਰੀ ਦੇਣ ਬਦਲੇ ਰਿਸ਼ਵਤ ਮੰਗਣ ਦੇ ਇਲਜ਼ਾਮ ਲਗਾਏ ਸੀ। ਸੀਐੱਮ ਮਾਨ ਨੇ ਚੰਨੀ ਨੂੰ ਖੁੱਦ ਇਸ ਰਿਸ਼ਵਤ ਕਾਂਡ ਨੂੰ ਲੋਕਾਂ ਅੱਗੇ ਜਨਤਕ ਕਰਨ ਲਈ ਵੀ ਆਖਿਆ ਸੀ ਅਤੇ ਜੇਕਰ ਚੰਨੀ ਅਜਿਹਾ ਨਹੀਂ ਕਰਦੇ ਤਾਂ 31 ਮਈ ਦੁਪਹਿਰ 2 ਵਜੇ ਤੱਕ ਦਾ ਅਲਟੀਮੇਟਮ ਵੀ ਦਿੱਤਾ ਸੀ। ਅੱਜ ਸਮਾਂ ਸੀਮਾ ਪੂਰੀ ਹੋਣ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਕ੍ਰਿਕਟਰ ਜਸਇੰਦਰ ਸਿੰਘ ਵੈਦਵਾਨ ਅਤੇ ਉਨ੍ਹਾਂ ਦੇ ਪਿਤਾ ਦੀ ਮੌਜੂਦਗੀ ਵਿੱਚ ਸਾਰੇ ਸਸਪੈਂਸ ਤੋਂ ਪਰਦਾ ਚੁੱਕਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਬੀਤੇ ਦਿਨੀ ਹਿਮਾਚਲ ਦੇ ਧਰਮਸ਼ਾਲਾ ਮੈਦਾਨ ਵਿੱਚ ਇੱਕ ਮੈਚ ਦੇਖਣ ਗਏ ਜਿੱਥੇ ਉਨ੍ਹਾਂ ਦੀ ਮੁਲਾਕਾਤ ਕ੍ਰਿਕਟਰ ਜਸਇੰਦਰ ਸਿੰਘ ਨਾਲ ਹੋਈ। ਸੀਐੱਮ ਮਾਨ ਨੇ ਕਿਹਾ ਕਿ ਜਸਇੰਦਰ ਸਿੰਘ ਪੰਜਾਬ ਕਿੰਗਜ਼ ਟੀਮ ਦਾ ਆਈਪੀਐੱਲ ਵਿੱਚ ਹਿੱਸਾ ਹੈ ਪਰ ਉਸ ਨੂੰ ਹੁਣ ਤੱਕ ਕਿਸੇ ਮੈਚ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ। ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਕ੍ਰਿਕਟਰ ਜਸਇੰਦਰ ਸਿੰਘ ਨੇ ਸਾਲ 2010-11 ਤੋਂ ਲੈਕੇ 2022-23 ਤੱਕ ਰਣਜੀ ਸਮੇਤ ਤਮਾਮ ਵੱਡੇ ਟੂਰਨਾਮੈਂਟ ਵਿੱਟ ਪੰਜਾਬ ਨੂੰ ਰੀਪ੍ਰਜੈਂਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਪੋਰਟਸ ਅਥਾਰਿਟੀ ਵੱਲੋਂ ਕ੍ਰਿਕਟਰ ਨੂੰ ਇੱਕ ਵਧੀਆ ਖਿਡਾਰੀ ਦਾ ਸਰਟੀਫਿਕੇਟ ਮਿਲਿਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਨਾਲ-ਨਾਲ ਜਸਇੰਦਰ ਸਿੰਘ ਨੇ ਪੀਪੀਐੱਸ ਦੇ ਪੇਪਰ ਵੀ ਕਲੀਅਰ ਕੀਤਾ ਸੀ।
ਸੀਐੱਮ ਮਾਨ ਨੇ ਕਿਹਾ ਜਦੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਤਾਂ ਖਿਡਾਰੀ ਪੀਪੀਐੱਸ ਦਾ ਪੇਪਰ ਕਲੀਅਰ ਕਰਨ ਤੋਂ ਬਾਅਦ ਸਪੋਰਟਸ ਕੋਟੇ ਤਹਿਤ ਨੌਕਰੀ ਪ੍ਰਾਪਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ। ਜਸਇੰਦਰ ਸਿੰਘ ਨੇ ਪੀਪੀਐੱਸਸੀ ਪ੍ਰੀਖਿਆ ਵਿੱਚ ਸਪੋਰਟਸ ਕੋਟੇ ਤਹਿਤ ਅਪਲਾਈ ਕੀਤਾ ਸੀ। ਜਸਇੰਦਰ ਨੂੰ ਜੇਕਰ ਸਪੋਰਟਸ ਕੋਟਾ ਮਿਲਦਾ ਤਾਂ ਉਸ ਦੇ 198.5 ਫੀਸਦੀ ਨੰਬਰ ਬਣਦੇ ਸੀ ਜੋ ਕਿ ਸੂਬੇ ਵਿੱਚ ਟਾਪ ਸੀ। ਸੀਐੱਮ ਮਾਨ ਮੁਤਾਬਿਕ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਕ੍ਰਿਕਟਰ ਅਤੇ ਉਸ ਦੇ ਪਿਤਾ ਗਏ ਅਤੇ ਆਪਣੀ ਗੱਲ ਰੱਖੀ। ਇਸ ਦੌਰਾਨ ਕੈਪਟਨ ਦੇ ਓਐੱਸਡੀ ਨੇ ਖਿਡਾਰੀ ਦਾ ਸਾਰਾ ਕੇਸ ਕੈਪਟਨ ਅਮਰਿੰਦਰ ਸਿੰਘ ਨੂੰ ਪੜ੍ਹ ਕੇ ਸੁਣਾਇਆ। ਸੀਐੱਮ ਮਾਨ ਮੁਤਾਬਿਕ ਕੈਪਟਨ ਨੇ ਕਿਹਾ ਕਿ ਸਪੋਰਟਸ ਕੋਟਾ ਕਿਵੇਂ ਦੇ ਦਈਏ ਕਿਉਂਕਿ ਉਹ ਕ੍ਰਿਕਟ ਨੂੰ ਪੰਜਾਬ ਵਿੱਚ ਖੇਡ ਹੀ ਨਹੀਂ ਮੰਨਦੇ ਅਤੇ ਬਾਅਦ ਵਿੱਚ ਇਸ ਖਿਡਾਰੀ ਨੂੰ ਜਨਰਲ ਕੋਟੇ ਵਿੱਚ ਪਾ ਦਿੱਤਾ ਗਿਆ, ਜਿਸ ਕਾਰਣ ਖਿਡਾਰੀ ਦੀ ਸਲੈਕਸ਼ਨ ਜੋ ਤਿੰਨ ਸਾਲ ਪਹਿਲਾਂ ਹੋਣੀ ਸੀ ਨਹੀਂ ਹੋ ਸਕੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰਾਲੇ ਕੋਲ ਖਿਡਾਰੀ ਦੀ ਗੱਲ ਕਰਨ ਨੂੰ ਕਿਹਾ ਅਤੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਵੀ ਲਿਖੀ ਪਰ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਦਲ ਗਏ ਅਤੇ ਚਰਨਜੀਤ ਚੰਨੀ ਸੂਬੇ ਦੇ ਮੁੱਖ ਮੰਤਰੀ ਬਣੇ।
ਸੀਐੱਮ ਮਾਨ ਨੇ ਜਸਇੰਦਰ ਸਿੰਘ ਤੋਂ ਹਾਮੀ ਭਰਾਉਂਦਿਆਂ ਕਿਹਾ ਕਿ ਸੂਬੇ ਦੀ ਵਾਗਡੋਰ ਸਾਬਕਾ ਸੀਐੱਮ ਚਰਨਜੀਤ ਚੰਨੀ ਦੇ ਹੱਥ ਆਉਣ ਤੋਂ ਬਾਅਦ ਕ੍ਰਿਕਟਰ ਜਸਇੰਦਰ ਸਿੰਘ ਚਰਨਜੀਤ ਚੰਨੀ ਨੂੰ ਮਿਲੇ। ਉਨ੍ਹਾਂ ਕਿਹਾ ਕਿ ਉਸ ਸਮੇਂ ਚੰਨੀ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਸਾਰਾ ਕੇਸ ਪੜ੍ਹ ਕੇ ਤਤਕਾਲੀ ਸੀਐੱਮ ਚੰਨੀ ਨੂੰ ਸੁਣਾਇਆ। ਤਤਕਾਲੀ ਮੁੱਖ ਮੰਤਰੀ ਚੰਨੀ ਨੇ ਕੇਸ ਸੁਣਨ ਮਗਰੋਂ ਕਿਹਾ ਕਿ ਤੁਹਾਡਾ ਕੰਮ ਬਣ ਜਾਵੇਗਾ ਜਾਕੇ ਮੇਰੇ ਭਤੀਜੇ ਨੂੰ ਮਿਲ ਲਓ। ਉਨ੍ਹਾਂ ਕਿਹਾ ਕਿ ਚੰਨੀ ਦੇ ਭਤੀਜੇ ਨੂੰ ਉਹ ਪੰਜਾਬ ਭਵਨ ਦੇ ਬਾਹਰ ਕਾਰ ਵਿੱਚ ਮਿਲੇ ਅਤੇ ਚੰਨੀ ਦੇ ਭਤੀਜੇ ਨੇ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਿਆਂ ਕਰਦਿਆਂ 2 ਉਂਗਲਾਂ ਦਾ ਇਸ਼ਾਰਾ ਕੀਤਾ।ਕ੍ਰਿਕਟਰ ਨੇ ਸਮਝਿਆ ਕਿ ਉਨ੍ਹਾਂ ਤੋਂ 2 ਲੱਖ ਰੁਪਏ ਦੀ ਰਿਸ਼ਵਤ ਨੌਕਰੀ ਬਦਲੇ ਮੰਗੀ ਗਈ ਹੈ। ਇਸ ਤੋਂ ਕੁੱਝ ਦਿਨ ਬਾਅਦ ਉਹ ਪੰਜਾਬ ਭਵਨ ਦੇ ਬਾਹਰ 2 ਲੱਖ ਰੁਪਏ ਲੈਕੇ ਪਹੁੰਚੇ ਪਰ ਇਸ ਮੌਕੇ ਚੰਨੀ ਨੂੰ ਜਦੋਂ ਪਤਾ ਲੱਗਿਆ ਕਿ ਰਕਮ ਦੋ ਕਰੋੜ ਨਹੀਂ ਸਗੋਂ 2 ਲੱਖ ਰੁਪਏ ਹੈ ਤਾਂ ਉਹ ਭੜਕ ਗਏ ਅਤੇ ਜਸਇੰਦਰ ਨੂੰ ਬੋਲੇ ਕਿ ਤੁੰ ਕਿਹੜਾ ਗੋਲਡ ਮੈਡਲ ਲੈ ਕਿ ਆਇਆ ਹੈ ਜੋ ਕੱਖਾਂ ਬਦਲੇ ਨੌਕਰੀ ਭਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹਾ ਸਾਰੀ ਗੱਲਬਾਤ ਹੋਈ ਤਾਂ ਉਸ ਸਮੇਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਮੌਕੇ ਉੱਤੇ ਮੌਜੂਦ ਸਨ। ਸੀਐੱਮ ਮਾਨ ਨੇ ਕਿਹਾ ਕਿ ਗਰੀਬਾਂ ਦਾ ਮੁੱਖ ਮੰਤਰੀ ਲੋਕਾਂ ਤੋਂ ਕਰੋੜ ਰੁਪਏ ਨੌਕਰੀ ਦੇਣ ਬਦਲੇ ਮੰਗਦਾ ਸੀ। ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਭਾਵੇਂ ਕੁੱਝ ਵੀ ਕੀਤਾ ਹੋਵੇ ਪਰ ਉਹ ਜਸਇੰਦਰ ਦੀ ਯੋਗਤਾ ਦੇ ਅਧਾਰ ਉੱਤੇ ਉਸ ਨੂੰ ਨੌਕਰੀ ਦੇਣਗੇ।
Comment here