ਚਰਨਜੀਤ ਸਿੰਘ ਚੰਨੀ ਵਲੋਂ ਇਕ ਬਿਆਨ ਦਿਤਾ ਗਿਆ ਜਿਸ ਤੋਂ ਬਾਅਦ ਸਾਰੇ ਸੋਸ਼ਲ ਮੀਡੀਆ ਵਿਚ ਚਰਚਾ ਛਿੜ ਪਈ | ਉਨ੍ਹਾਂ ਵਲੋਂ ਆਖਿਆ ਗਿਆ ਕਿ ‘ਪੰਜਾਬੀਉ ਇਕੱਠੇ ਹੋ ਜਾਵੋ ਤੇ ਕਿਸੇ ਯੂ.ਪੀ., ਬਿਹਾਰ, ਦਿੱਲੀ ਦੇ ਭਈਏ ਨੂੰ ਪੰਜਾਬ ਦੀ ਵਾਗਡੋਰ ਨਾ ਫੜਾ ਦੇਣੀ |’ ਇਸ ਗੱਲ ਤੇ ਇਤਰਾਜ਼ ਕੀਤਾ ਜਾ ਰਿਹਾ ਹੈ ਤੇ ਆਖਿਆ ਜਾ ਰਿਹਾ ਹੈ ਕਿ ਦਿੱਲੀ, ਬਿਹਾਰ, ਉਤਰ ਪ੍ਰਦੇਸ਼ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ ਗਈ ਹੈ | ਪਰ ਇਸੇ ਮੀਡੀਆ ਨੇ ਸਾਰੇ ਦੇਸ਼ ਵਿਚ ਬੈਠੇ ਕਿਸਾਨਾਂ ਦੇ ਸਿਰਾਂ ਦੀਆਂ ਪੱਗਾਂ ਵੇਖ ਕੇ ਸਾਰੇ ਸਿੱਖ ਕਿਸਾਨਾਂ ਨੂੰ ਅਤਿਵਾਦੀ, ਖ਼ਾਲਿਸਤਾਨੀ ਦੱਸਿਆ ਸੀ | ਉਸ ਸਮੇਂ ਇਹੀ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਲਈ ਇਕੱਠਾ ਹੋਇਆ ਸੀ, ਸਿਵਾਏ ਪੱਤਰਕਾਰ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੇ ਪੰਜਾਬ ਤੋਂ ਗਏ ਕਿਸਾਨਾਂ ਦੇ ਹੱਕ ਵਿਚ ਆਵਾਜ਼ ਨਹੀਂ ਸੀ ਚੁੱਕੀ। ਖੱਟਰ ਸਾਹਿਬ ਨੇ ਤਾਂ ਸਿੱਖ ਕਿਸਾਨਾਂ ਨਾਲ ਨਕਸਲੀ ਅੱਤਵਾਦੀਆਂ ਵਰਗਾ, ਮਾਰਨ ਕੁੱਟਣ ਵਾਲਾ ਸਲੂਕ ਹੀ ਕੀਤਾ। ਕੀ ਕਿਸੇ ਨੂੰ ਅਫ਼ਸੋਸ ਹੋਇਆ? ਸਾਡਾ ਪੰਜਾਬੀ ਮੀਡੀਆ ਕਿਸਾਨਾਂ ਦੇ ਹੱਕ ਵਿਚ ਡੱਟ ਗਿਆ ਸੀ ਜਿਸ ਕਰ ਕੇ ਹੌਲੀ-ਹੌਲੀ ਸੱਭ ਨੂੰ ਕਿਸਾਨਾਂ ਦੀ ਆਵਾਜ਼ ਸੁਣਨੀ ਹੀ ਪਈ। ਪੰਜਾਬ ਤੋਂ ਗਏ ਹਿੰਦੂ ਵਪਾਰੀਆਂ ਤੇ ਸਮਰਥਕਾਂ ਨੇ ਆਪਣੇ ਆਪ ਨੂੰ ਹਿੰਦੂ ਅੱਤਵਾਦੀ ਆਖਿਆ ਤੇ ਦਿੱਲੀ ਦੇ ਹਾਕਮਾਂ ਨੂੰ ਮਜਬੂਰ ਕੀਤਾ ਕਿ ਦੇਸ਼ ਕਿਸਾਨਾਂ ਨੂੰ ਕਿਸਾਨਾਂ ਵਜੋਂ ਹੀ ਵੇਖੇ | ਸੋ ਜੇ ਦਿੱਲੀ, ਬਿਹਾਰ ਤੇ ਯੂ.ਪੀ. ਦੇ ਰਹਿਣ ਵਾਲੇ ਨੂੰ ‘ਭਈਏ’ ਆਖਿਆ ਜਾਂਦਾ ਹੈ ਤਾਂ ਇਸ ਵਿਚ ਖ਼ਰਾਬੀ ਕੀ ਹੈ? ਸਾਨੂੰ ਤਾਂ ਅਤਿਵਾਦੀ ਅਤੇ ਜੋਕਰ ਆਖਣ ਦੀ ਵੀ ਜੁਰਅਤ ਕੀਤੀ ਜਾਂਦੀ ਹੈ | ਪਰ ਜੋ ਚਰਨਜੀਤ ਸਿੰਘ ਚੰਨੀ ਨੇ ਕਿਹਾ, ਉਸ ਵਿਚ ਸੁਨੇਹਾ ਇਹ ਨਹੀਂ ਸੀ ਕਿ ਉਹ ਭਈਏ ਹਨ ਸਗੋਂ ਇਸ ਸੂਬੇ ਦੀ ਸਿਆਸਤ ਸੂਬੇ ਵਿਚ ਰਹਿਣ ਵਾਲਾ ਹੀ ਕੋਈ ਸਮਝ ਸਕਦਾ ਹੈ। ਅੰਬਿਕਾ ਸੋਨੀ ਇਹ ਨਹੀਂ ਸਨ ਸਮਝ ਸਕੇ ਕਿ ਸੁਨੀਲ ਜਾਖੜ ਪੰਜਾਬੀ ਹਨ। ਉਨ੍ਹਾਂ ਦੇ ਸਿੱਖ ਜਾਂ ਹਿੰਦੂ ਹੋਣ ਨਾਲ ਫ਼ਰਕ ਨਹੀਂ ਪੈਂਦਾ। ਜੋ ਕੋਈ ਪੰਜਾਬ ਵਿਚ ਅਪਣਾ ਬਚਪਨ ਬਿਤਾ ਚੁੱਕਾ ਹੈ, ਜੋ ਇਸ ਧਰਤੀ ਨਾਲ ਜੁੜਿਆ ਹੈ, ਉਹੀ ਉਸ ਦਾ ਦਰਦ ਸਮਝ ਸਕਦਾ ਹੈ। ਇਹ ਹਰ ਸੂਬੇ ਦੇ ਲੋਕਾਂ ਉਤੇ ਇਕੋ ਜਿਹਾ ਢੁੱਕਦਾ ਹੈ। ਕੀ ਚਰਨਜੀਤ ਸਿੰਘ ਚੰਨੀ ਨੂੰ ਗੁਜਰਾਤ ਵਿਚ ਲੜਾਇਆ ਜਾ ਸਕਦਾ ਹੈ ਜਾਂ ਮਮਤਾ ਬੈਨਰਜੀ ਨੂੰ ਦਿੱਲੀ ਵਿਚ? ਮਮਤਾ ਬੈਨਰਜੀ ਨੂੰ ਤਾਂ ਗੋਆ ਨੇ ਵੀ ਸਵੀਕਾਰ ਨਹੀਂ ਕੀਤਾ | ਭਾਰਤ ਵੱਖ-ਵੱਖ ਸੂਬਿਆਂ ਦਾ ਸਮੂਹ ਹੈ ਤੇ ਇਹ ਸਮੂਹ, ਕੇਂਦਰ ਦੀ ਸਰਕਾਰ ਵਿਚ ਝਲਕਦਾ ਹੈ | ਜਿਸ ਸੂਬੇ ਦਾ ਮੰਤਰੀ ਬਣਦਾ ਹੈ, ਜ਼ਿਆਦਾਤਰ ਮਾਮਲਿਆਂ ਵਿਚ, ਉਸ ਦੀ ਜਨਮ ਭੂਮੀ ਨੂੰ ਸੱਭ ਤੋਂ ਵੱਧ ਲਾਭ ਹੁੰਦਾ ਹੈ | ਪ੍ਰਧਾਨ ਮੰਤਰੀ ਗੁਜਰਾਤੀ ਹਨ ਇਸ ਕਰ ਕੇ ਅੱਜ ਦੇਸ਼ ਦੇ ਸੱਭ ਤੋਂ ਅਮੀਰ ਵੀ ਦੋ ਗੁਜਰਾਤੀ ਹਨ। ਅਸੀ ਇਨਸਾਨ ਹਾਂ ਤੇ ਇਹ ਸਾਡੀ ਕੁਦਰਤੀ ਕਮਜ਼ੋਰੀ ਹੈ। ਜਿਹੜੀ ਤਾਕਤ ਅਪਣੇ ਸੂਬੇ ਦੇ ਹੱਕਾਂ ਵਾਸਤੇ ਲੜਨ ਵਾਸਤੇ ਚਾਹੀਦੀ ਹੁੰਦੀ ਹੈ, ਉਹ ਸੂਬੇ ਦੇ ਆਜ਼ਾਦ ਵਸਨੀਕ ਕੋਲੋਂ ਹੀ ਮਿਲ ਸਕਦੀ ਹੈ | ਜਦ ਕਰਨਾਟਕਾ, ਤਾਮਿਲਨਾਡੂ ਨਾਲ ਅਪਣੇ ਪਾਣੀ ਵਾਸਤੇ ਲੜਦਾ ਹੈ ਤਾਂ ਉਸ ਦੀ ਤਾਕਤ ਅਪਣੇ ਸੂਬੇ ਦੇ ਪਿਆਰ ਵਿਚੋਂ ਹੀ ਉਪਜਦੀ ਹੈ | ਜੇ ਤਾਮਿਲਨਾਡੂ ਦਾ ਇਕ ਵਸਨੀਕ, ਕਰਨਾਟਕਾ ਦਾ ਮੁੱਖ ਮੰਤਰੀ ਬਣ ਗਿਆ ਤਾਂ ਕੀ ਉਹ ਕਰਨਾਟਕਾ ਦਾ ਪਾਣੀ ਤਾਮਿਲਨਾਡੂ ਵਲ ਨਹੀਂ ਮੋੜੇਗਾ? ਭਗਵੰਤ ਮਾਨ ਨੂੰ ਵੀ ਦਿੱਲੀ ਦੀ ਸਿਆਸਤ ਤੋਂ ਵੱਖ ਹੋ ਕੇ ਪੰਜਾਬ ਵਾਸਤੇ ਖੜੇ ਹੋਣ ਦੀ ਤਾਕਤ ਜੁਟਾਣੀ ਪਵੇਗੀ | ਉਨ੍ਹਾਂ ਬੀ.ਐਸ.ਐਫ਼ ਦਾ ਦਾਇਰਾ ਵਧਾਉਣ ਦੇ ਮੁੱਦੇ ਤੇ ਜਿੱਤ ਤੋਂ ਪਹਿਲਾਂ ਹੀ ਕੇਂਦਰ ਨੂੰ ਸਹੀ ਦਰਸਾ ਕੇ ਪੰਜਾਬ ਦੀ ਮੰਗ ਕਮਜ਼ੋਰ ਕਰ ਦਿੱਤੀ ਹੈ | ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਵਾਸਤੇ ਕੇਂਦਰ ਵਿਚ ਅਪਣੀ ਪਾਰਟੀ ਵਿਰੁਧ ਬਗ਼ਾਵਤ ਕੀਤੀ | ਕਾਂਗਰਸ ਹਾਈਕਮਾਂਡ ਦੇ ਆਦੇਸ਼ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕੇਂਦਰ ਦਾ ਵਿਰੋਧ ਕਰਨ ਦੀ ਆਜ਼ਾਦੀ ਦਿੱਤੀ ਤੇ ਚਰਨਜੀਤ ਸਿੰਘ ਚੰਨੀ ਨੇ ਪੰਜਾਬੀਆਂ ਨੂੰ ਆਪਣੇ ਸੂਬੇ ਦੀਆਂ ਕੁੰਜੀਆਂ ਕਿਸੇ ਬਾਹਰਲੇ ਦੇ ਹੱਥ ਦੇਣ ਤੋਂ ਵਰਜ ਕੇ ਕੋਈ ਵੱਡਾ ਰਾਜਨੀਤਕ ਜੁਰਮ ਨਹੀਂ ਕਰ ਦਿਤਾ | ਉਨ੍ਹਾਂ ਵਲੋਂ ਬੋਲੇ ਸ਼ਬਦਾਂ ਨੂੰ ਇਸ ਸੰਦਰਭ ਵਿਚ ਵੇਖਿਆ ਜਾਣਾ ਚਾਹੀਦਾ ਹੈ |
– ਨਿਮਰਤ ਕੌਰ
Comment here