ਨਵੀਂ ਦਿੱਲੀ-ਚੰਦਰਯਾਨ-3 ਦੇ ਸਫਲ ਲੈਂਡਿੰਗ ਤੋਂ ਬਾਅਦ ਇਸਰੋ ਹੁਣ ਸੂਰਜ ਦਾ ਅਧਿਐਨ ਕਰਨ ਲਈ ਇੱਕ ਹਫ਼ਤੇ ਦੇ ਅੰਦਰ, ਸੰਭਾਵਤ ਤੌਰ ਉਤੇ 2 ਸਤੰਬਰ ਨੂੰ ਸੂਰਜੀ ਮਿਸ਼ਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸਰੋ ਮਿਸ਼ਨ ਸਨ ਤਹਿਤ ਸੂਰਜ ਤੱਕ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ। 2 ਸਤੰਬਰ ਨੂੰ ਇਸਰੋ ਪੀਐੱਸਐੱਲਵੀ ਰਾਕੇਟ ਰਾਹੀਂ ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀਹਰਿਕੋਟਾ ਤੋਂ ਆਦਿਤਿਆ-ਐਲ1 ਨੂੰ ਲਾਂਚ ਕਰੇਗਾ।
ਇਸਰੋ ਦਾ ਆਦਿਤਿਆ ਐਲ1 ਮਿਸ਼ਨ ਭਾਰਤੀ ਪੁਲਾੜ ਏਜੰਸੀ ਦਾ ਸਭ ਤੋਂ ਮੁਸ਼ਕਲ ਮਿਸ਼ਨ ਹੈ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਵੀ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤ ਹੁਣ ਸੂਰਜ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕਿਹਾ, “ਪਿਛਲੇ ਕੁਝ ਮਹੀਨਿਆਂ ਤੋਂ ਪੁਲਾੜ ਏਜੰਸੀ ਦਾ ਧਿਆਨ ਚੰਦਰਯਾਨ-3 ਉਤੇ ਸੀ। ਇਸਰੋ ਹੋਰ ਪ੍ਰੋਜੈਕਟਾਂ ‘ਤੇ ਵੀ ਕੰਮ ਕਰ ਰਿਹਾ ਹੈ ਜੋ ਆਉਣ ਵਾਲੇ ਮਹੀਨਿਆਂ ਵਿੱਚ ਉਡਾਣ ਭਰਨ ਲਈ ਤਿਆਰ ਹਨ।
ਆਦਿਤਿਆ ਐਲ1 ਬਾਰੇ ਜਾਣਕਾਰੀ ਦਿੰਦੇ ਹੋਏ ਇਸਰੋ ਦੇ ਮੁਖੀ ਨੇ ਕਿਹਾ, “ਇਹ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਹੈ ਜੋ ਸੂਰਜ ਦਾ ਅਧਿਐਨ ਕਰੇਗਾ। ਸਤੰਬਰ ਦੇ ਸ਼ੁਰੂ ਵਿੱਚ ਇਸ ਪੁਲਾੜ ਯਾਨ ਨੂੰ ਲਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਪ੍ਰੋਜੈਕਟ ਨੂੰ ਅਸੈਂਬਲ ਕਰਕੇ ਸ਼੍ਰੀਹਰੀਕੋਟਾ ਲਾਂਚ ਸੈਂਟਰ ਵਿੱਚ ਭੇਜ ਦਿੱਤਾ ਗਿਆ ਹੈ। ਇਸਰੋ ਮੁਤਾਬਕ ਆਦਿਤਿਆ ਐਲ 1 ਪੁਲਾੜ ਯਾਨ ਵਿੱਚ ਸੱਤ ਤਰ੍ਹਾਂ ਦੇ ਵਿਗਿਆਨਕ ਪੇਲੋਡਸ ਹੋਣਗੇ। ਇਹ ਵੱਖ-ਵੱਖ ਤਰੀਕਿਆਂ ਨਾਲ ਸੂਰਜ ਦਾ ਅਧਿਐਨ ਕਰਨਗੇ। ਇਹ ਵਾਹਨ ਲਗਭਗ 5 ਸਾਲ ਤੱਕ ਸੂਰਜ ਦਾ ਅਧਿਐਨ ਕਰੇਗਾ।
ਇਹ ਸੂਰਜ ਦਾ ਨਿਰੀਖਣ ਕਰਨ ਵਾਲਾ ਪਹਿਲਾ ਸਮਰਪਿਤ ਭਾਰਤੀ ਪੁਲਾੜ ਮਿਸ਼ਨ ਹੋਵੇਗਾ। ਆਦਿਤਿਆ-ਐਲ 1 ਮਿਸ਼ਨ, ਜਿਸ ਦਾ ਉਦੇਸ਼ ਐਲ 1 ਦੇ ਆਲੇ-ਦੁਆਲੇ ਚੱਕਰ ਤੋਂ ਸੂਰਜ ਦਾ ਅਧਿਐਨ ਕਰਨਾ ਹੈ, ਵੱਖ-ਵੱਖ ਵੇਵ ਬੈਂਡਾਂ ਵਿੱਚ ਪ੍ਰਕਾਸ਼ਮੰਡਲ, ਕ੍ਰੋਮੋਸਫੀਅਰ ਅਤੇ ਸੂਰਜ ਦੀਆਂ ਸਭ ਤੋਂ ਬਾਹਰੀ ਪਰਤਾਂ, ਕੋਰੋਨਾ ਦਾ ਨਿਰੀਅਣ ਕਰਨ ਲਈ ਆਪਣੇ ਨਾਲ ਸੱਤ ਪੇਲੋਡ ਲੈ ਕੇ ਜਾਵੇਗਾ। ਇਸਰੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ, ‘ਆਦਿਤਿਆ-ਐਲ1 ਰਾਸ਼ਟਰੀ ਸੰਸਥਾਵਾਂ ਦੀ ਭਾਗੀਦਾਰੀ ਨਾਲ ਇੱਕ ਪੂਰੀ ਤਰ੍ਹਾਂ ਸਵਦੇਸ਼ੀ ਕੋਸ਼ਿਸ਼ ਹੈ।’
Comment here