ਚੰਡੀਗੜ੍ਹ-ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਰੋਡ ਰੇਜ ਮਾਮਲੇ ’ਚ ਪਟਿਆਲਾ ਜੇਲ੍ਹ ’ਚੋਂ ਰਿਹਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਗੇ ਆਚਰਣ ਦੇ ਮੱਦੇਨਜ਼ਰ ਨਵਜੋਤ ਸਿੱਧੂ 26 ਜਨਵਰੀ ਮਤਲਬ ਕਿ ਗਣਤੰਤਰ ਦਿਹਾੜੇ ’ਤੇ ਜੇਲ੍ਹ ’ਚੋਂ ਬਾਹਰ ਆ ਸਕਦੇ ਹਨ। ਰੋਡ ਰੇਜ ਮਾਮਲੇ ’ਚ ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਜੇਕਰ ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ੍ਹ ’ਚੋਂ ਬਾਹਰ ਆ ਜਾਂਦੇ ਹਨ ਤਾਂ ਉਹ ਆਪਣੀ ਸਜ਼ਾ ਪੂਰੀ ਹੋਣ ਤੋਂ ਲਗਭਗ ਸਾਢੇ 3 ਮਹੀਨੇ ਪਹਿਲਾਂ ਹੀ ਰਿਹਾਅ ਹੋ ਜਾਣਗੇ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਗਣਤੰਤਰ ਦਿਹਾੜੇ ’ਤੇ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਰਿਹਾਅ ਕਰਨ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੀ ਸੂਚੀ ਸਰਕਾਰ ਨੂੰ ਭੇਜੀ ਗਈ ਹੈ, ਉਸ ’ਚ ਨਵਜੋਤ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਇਸ ਸਬੰਧੀ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਕੇ ਕਿਹਾ ਹੈ ਕਿ ਨਵਜੋਤ ਸਿੱਧੂ ਦੇ ਜੇਲ੍ਹ ’ਚੋਂ ਮੁੜਦੇ ਹੀ ਮਿਸ਼ਨ-2024 ਸ਼ੁਰੂ ਹੋ ਜਾਵੇਗਾ ਅਤੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਵੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਕਿ ਪੰਜਾਬ ਅੱਜ ਵੀ ਮੰਦਹਾਲੀ ਦੇ ਉਸੇ ਦੌਰ ’ਚ ਖੜ੍ਹਾ ਹੈ, ਜਿੱਥੋਂ ਬਾਹਰ ਕੱਢਣ ਦਾ ਮਾਡਲ ਨਵਜੋਤ ਸਿੱਧੂ ਜੀ ਨੇ ਦਿੱਤਾ ਸੀ। ਉਨ੍ਹਾਂ ਲਿਖਿਆ ਕਿ ਪੰਜਾਬ ਦਾ ਇੰਜਣ ਨਵਾਂ ਕਰਨ ਦੀ ਨਹੀਂ, ਸਗੋਂ ਬਦਲਣ ਦੀ ਲੋੜ ਹੈ ਅਤੇ ਅੱਗੇ ਦੇਖੋ ਕੀ ਹੁੰਦਾ ਹੈ। ਦੱਸਣਯੋਗ ਹੈ ਕਿ ਹਾਲ ਹੀ ’ਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਇਹ ਕਿਆਸਰਾਈਆਂ ਜਾ ਰਹੀਆਂ ਹਨ ਕਿ ਪਾਰਟੀ ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ।
Comment here