ਸਿਆਸਤਖਬਰਾਂ

ਚੜੂਨੀ ਸਿਆਸੀ ਪਾਰਟੀ ਰਜਿਸਟਰਡ ਕਰਾਉਣਗੇ

ਚੰਡੀਗੜ-ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਿਸਾਨ ਧਿਰਾਂ ਵੀ ਸਿੱਧੇ ਅਸਿੱਧੇ ਤਰੀਕੇ ਨਾਲ ਸਰਗਰਮ ਹਨ। ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਮਿਸ਼ਨ ਪੰਜਾਬ 2022 ਨੂੰ ਕਾਮਯਾਬ ਕਰਨ ਲਈ ਰਾਜਨੀਤਿਕ ਪਾਰਟੀ ਰਜਿਸਟਰਡ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨ ਮਜਦੂਰਾਂ ਦੀ ਆਪਣੀ ਸਰਕਾਰ ਬਣਾਈ ਜਾ ਸਕੇ। ਇਹ ਜਾਣਕਾਰੀ ਗੁਰਨਾਮ ਸਿੰਘ ਚੜੂਨੀ ਨੇ ਖੁਦ ਦਿੱਤੀ। ਉਹਨਾਂ ਨੇ ਇਕ ਵਾਰ ਫਿਰ ਸਾਫ ਕੀਤਾ ਕਿ ਵੋਟ ਦੀ ਤਾਕਤ ਦਾ ਇਸਤੇਮਾਲ ਕਰ ਕੇ ਸਿਆਸੀ ਸ਼ਕਤੀ ਆਪਣੇ ਹੱਥ ’ਚ ਲਏ ਬਿਨਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਹੋ ਸਕਦਾ। ਉਹ ਪਿੰਡ ਰੱਖਡ਼ਾ ਵਿਖੇ ਮਹਿੰਦਰ ਸਿੰਘ ਰੱਖਡ਼ਾ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਸਨ। ਇਥੇ ਇਲਾਕਾ ਨਿਵਾਸੀਆਂ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਲੋਕ ਸਾਡੇ ਵੋਟ ਦੀ ਤਾਕਤ ਨਾਲ ਸ਼ਕਤੀ ਹਾਸਲ ਕਰ ਕੇ ਸਾਡੇ ਹੀ ਖ਼ਿਲਾਫ਼ ਫੈਸਲੇ ਕਰਨ ਲੱਗ ਜਾਂਦੇ ਹਨ। ਅਸੀਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਾਂ। ਫਿਰ ਉਨ੍ਹਾਂ ਤੋਂ ਜਦੋਂ ਆਪਣੇ ਹੱਕ ਮੰਗਦੇ ਹਾਂ। ਇਹ ਆਪਣੀਆਂ ਮਨਮਾਨੀਆਂ ’ਤੇ ਆ ਜਾਂਦੇ ਹਨ। ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਦਿਨ ਕਿਸਾਨ ਅਤੇ ਮਜ਼ਦੂਰ ਦੀ ਸ਼ਕਤੀ ਅੱਗੇ ਝੁਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਜਾਗ ਗਿਆ ਹੈ, ਹੁਣ ਦੇਸ਼ ਦੇ ਕਿਸਾਨਾਂ ਦਾ ਭਵਿੱਖ ਕਾਰਪੋਰੇਟ ਸੈਕਟਰ ਦੇ ਹੱਥਾਂ ’ਚ ਕਿਸੇ ਵੀ ਕੀਮਤ ਨਹੀਂ ਜਾਣ ਦਿੱਤਾ ਜਾਵੇਗਾ। ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਵੀ ਆਪਣੀ ਵੋਟ ਦੀ ਤਾਕਤ ਦੀ ਸ਼ਕਤੀ ਦਿਖਾਵੇ ਤਾਂ ਕਿ ਤਾਨਾਸ਼ਾਹੀ ਕਰਨ ਵਾਲਿਆਂ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ। ਗੁਰਨਾਮ ਸਿੰਘ ਨ ਨੇ ਕਿਹਾ ਕਿ ਸਾਰਿਆਂ ਨੂੰ ਇਕਮੁੱਠ ਹੋ ਕੇ ਇਸ ਸਮੇਂ ਲਡ਼ਨ ਦੀ ਜ਼ਰੂਰਤ ਹੈ, ਕਿਉਂਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਲਗਾਤਾਰ ਚਲੀਆਂ ਜਾ ਰਹੀਆਂ ਹਨ ਪਰ ਸਾਡੇ ਏਕੇ ਦੇ ਅੱਗੇ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਕਰਨ ਵਾਲਿਆਂ ਦੀ ਇਕ ਨਹੀਂ ਚੱਲ ਰਹੀ।

Comment here