ਸਿਆਸਤਖਬਰਾਂ

ਚੜੂਨੀ ਨੇ ਸੰਯੁਕਤ ਮੋਰਚੇ ਨਾਲੋਂ ਕੀਤਾ ਤੋੜ ਵਿਛੋੜਾ

ਸੰਯੂਕਤ ਮੋਰਚੇ ਤੇ ਆਪਣੇ ਸਮਰਥਕਾਂ ਨੂੰ ਧੱਕੇ ਮਾਰਨ ਤੇ ਅਸ਼ਲੀਲ ਵਿਹਾਰ ਕਰਨ ਦੇ ਲਾਏ ਦੋਸ਼

ਚੰਡੀਗੜ੍ਹ-ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ। ਪੰਜਾਬ ਦੀਆਂ ਹੀ ਚਾਰ ਜਥੇਬੰਦੀਆਂ ਵੱਲੋਂ ਚੜੂਨੀ ਦੀ ਅਗਵਾਈ ਵਿਚ ਸਰਗਰਮੀ ਦਿਖਾਉਣਾ ਕਿਸਾਨ ਮੋਰਚੇ ਦੇ ਕੁਝ ਆਗੂਆਂ ਨੂੰ ਚੰਗਾ ਨਾ ਲੱਗਾ ਤੇ ਇਨ੍ਹਾਂ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਤਾਂ ਚੜੂਨੀ ਵੀ ਔਖੇ ਹੋ ਗਏ। ਉਨ੍ਹਾਂ ਫੇਸਬੁੱਕ ਜ਼ਰੀਏ ਕਿਹਾ ਕਿ ਮੈਂ ਆਪਣੇ ਆਪ ਨੂੰ ਮੋਰਚੇ ਦੀ ਜਨਰਲ ਤੇ ਨੌਂ ਮੈਂਬਰੀ ਕਮੇਟੀ ਤੋਂ ਵੱਖ ਕਰਦਾ ਹਾਂ ਪਰ ਅਸੀਂ ਅੰਦੋਲਨ ਵਿਚ ਸ਼ਾਮਲ ਰਹਾਂਗੇ। ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਮੁਖੀਆਂ ‘ਤੇ ਗੰਭੀਰ ਦੋਸ਼ ਲਗਾਏ। ਆਪਣੇ ਫੇਸਬੁੱਕ ਪੇਜ਼ ਰਾਹੀਂ ਉਨ੍ਹਾਂ ਇਕ ਵੀਡੀਓ ਸ਼ੇਅਰ ਕੀਤੀ ਜਿਸ ‘ਚ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਮੇਰੇ ਨਾਲ ਸ਼ੁਰੂ ਤੋਂ ਹੀ ਭੇਦਭਾਵ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕੋ ਜਿਹਾ ਗੁਨਾਹ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ‘ਤੇ ਕਾਰਵਾਈ ਨਹੀਂ ਹੁੰਦੀ ਅਤੇ ਮੈਨੂੰ ਮੋਰਚੇ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ 4 ਜੱਥੇਬੰਦੀਆਂ ਦੇ ਆਗੂਆਂ ਨੂੰ ਵੀ  ਮੀਟਿੰਗ ਤੋਂ ਬਾਹਰ ਕਰ ਦਿੱਤਾ ਗਿਆ ਜੋ ਕਿ ਡੇਰਾ ਬਾਬਾ ਨਾਨਕ ਤੋਂ ਇਕ ਵੱਡਾ ਜੱਥਾ ਲੈ ਕੇ ਇੱਥੇ ਪੁੱਜੇ ਸੀ, ਉਨ੍ਹਾਂ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਮੇਰੀ ਅਗਵਾਈ ‘ਚ ਇਹ ਜੱਥਾ ਲੈ ਕੇ ਇੱਥੇ ਪੁੱਜੇ ਸਨ। ਜਿਨ੍ਹਾਂ ਦੇ ਨਾਂ ਪਗੜੀ ਸੰਭਾਲ ਲਹਿਰ ਤੋਂ ਸਤਨਾਮ ਸਿੰਘ, ਮਾਝਾ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਤੋਂ ਗੁਰਮੀਤ ਸਿੰਘ, ਪੰਜਾਬ ਫੈੱਡਰੇਸ਼ਨ ਗੁਰਦਾਸਪੁਰ ਇੰਦਰਪਾਲ ਸਿੰਘ ਅਤੇ ਕਿਸਾਨ ਯੂਨੀਅਨ ਮਾਝਾ ਤੋਂ ਗੁਰਮੁੱਖ ਸਿੰਘ ਅਤੇ ਸੁਖਜੀਤ ਸਿੰਘ ਸ਼ਾਮਲ ਹਨ। ਉਨ੍ਹਾਂ ਲਿਖਿਆ ਕਿ ਮੈਨੂੰ ਅਫਸੋਸ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਮੁਖੀਆਂ ਅਤੇ ਖਾਸ ਕਰਕੇ ਪੰਜਾਬ ਦੀਆਂ ਯੂਨੀਅਨਾਂ ਦੇ ਪ੍ਰਧਾਨਾਂ ਨੇ ਬੜੇ ਸਾਰੇ ਲੋਕਾਂ ਨੂੰ ਧੱਕੇ ਮਾਰ ਬਾਹਰ ਕੱਢਿਆ ਅਤੇ ਅਸ਼ਲੀਲ ਵਿਵਹਾਰ ਕੀਤਾ ਹੈ, ਜਿਸਦੇ ਮੱਦੇਨਜ਼ਰ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਨਹੀਂ ਜਾਵਾਂਗੇ ਪਰ ਅੰਦੋਲਨ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਹਰ ਫੈਸਲੇ ਦਾ ਸਵਾਗਤ ਕਰਾਂਗੇ ਅਤੇ ਅੰਦੋਲਨ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਕੰਮ ਕਰਾਂਗੇ।

Comment here