ਸਿਆਸਤਖਬਰਾਂਚਲੰਤ ਮਾਮਲੇ

ਚੜੂਨੀ ਨੇ ਮਜ਼ਦੂਰਾਂ ਮੁਲਾਜ਼ਮਾਂ ਦੀ ਦੋ ਦਿਨਾ ਹੜਤਾਲ ਦੀ ਕੀਤੀ ਮੁਖਾਲਫਤ

ਖੱਬੇਪਖੀ ਧਿਰਾਂ ਨਰਾਜ਼

ਪਟਿਆਲਾ- ਪੰਜਾਬ ਚੋਣਾਂ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਦੇ ਦਾਅਵੇ ਕਰਨ ਵਾਲੇ ਸੰਯੁਕਤ ਸਮਾਜ ਮੋਰਚੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਵਿਵਾਦ ਹੁੰਦਾ ਰਿਹਾ, ਫੇਰ ਟਿਕਟਾਂ ਐਲਾਨਣ ਦੇ ਮੁੱਦੇ ਤੇ ਵਿਵਾਦ ਹੋਇਆ, ਹੁਣ ਇਸ ਮੋਰਚੇ ਦੀ ਭਾਈਵਾਲ ਚੜੂਨੀ ਧਿਰ ਨਾਲ ਕੁਝ ਖੱਬੇਪਖੀ ਧਿਰਾਂ ਨਰਾਜ਼ ਹੋ ਗਈਆਂ ਹਨ ਤੇ ਮੋਰਚੇ ਤੋਂ ਇਸ ਧਿਰ ਨੂੰ ਵੱਖ ਕਰਨ ਦੀ ਮੰਗ ਕਰ ਰਹੀਆਂ ਹਨ।  ਸੀ ਪੀ ਆਈ ਪੰਜਾਬ ਸਟੇਟ ਕਮੇਟੀ ਦੇ ਸਕੱਤਰ ਬੰਤ ਬਰਾੜ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਪਿਛਲੇ ਦਿਨੀ ਉਗਲੀ ਮੁਲਾਜ਼ਮ, ਮਜ਼ਦੂਰ, ਕਿਰਤੀਆਂ ਅਤੇ ਗਰੀਬਾਂ ਦੀ ਦੇਸ਼-ਵਿਆਪੀ ਹੜਤਾਲ ਵਿਰੁੱਧ ਭੈੜੀ ਅਤੇ ਘਟੀਆ ਕਿਸਮ ਦੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਵਿੱਚ ਚੋਣਾਂ ਲੜ ਰਹੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੂੰ ਕਿਹਾ ਕਿ ਚੜੂਨੀ ਨੂੰ ਮੋਰਚੇ ਵੱਲੋਂ ਦਿੱਤੀਆਂ ਵਿਧਾਨ ਸਭਾ ਦੀਆਂ ਸੀਟਾਂ ਵਾਪਸ ਲਈਆਂ ਜਾਣ ਅਤੇ ਚੜੂਨੀ ਦੀ ਕਾਰਪੋਰੇਟੀ ਸੋਚ ਅਤੇ ਮਜ਼ਦੂਰ ਵਿਰੋਧੀ ਜਹਿਨੀਅਤ ਦੀ ਨਿਖੇਧੀ ਵੀ ਕੀਤੀ ਜਾਵੇ | ਬਰਾੜ ਅਤੇ ਧਾਲੀਵਾਲ ਨੇ ਗੁਰਨਾਮ ਸਿੰਘ ਚੜੂਨੀ ਦੀ ਸ਼ਬਦਾਵਲੀ ਦੀ ਵਾਇਰਲ ਹੋਈ ਵੀਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੀ ਇਸ ਵੀਡੀਓ ਵਿੱਚ ਚੜੂਨੀ ਵੱਲੋਂ 23-24 ਫਰਵਰੀ ਨੂੰ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਅਨੇਕਾਂ ਫੈਡਰੇਸ਼ਨਾਂ ਵੱਲੋਂ ਮੋਦੀ ਸਰਕਾਰ ਦੀਆਂ ਨਿੱਜੀਕਰਨ, ਦੇਸ਼ ਵਿਰੋਧੀ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਗਰੀਬ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਵਿਰੁੱਧ ਕੀਤੀ ਜਾ ਰਹੀ ਦੋ ਦਿਨ ਦੀ ਦੇਸ਼-ਵਿਆਪੀ ਹੜਤਾਲ ਵਿਰੁੱਧ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦਿਆਂ ਤਰ੍ਹਾਂ-ਤਰ੍ਹਾਂ ਦੀਆਂ ਊਝਾਂ ਲਾਉਂਦੇ ਹੋਏ ਅਤੇ ਕੁਫ਼ਰ ਤੋਲਦੇ ਹੋਏ ਹੜਤਾਲ ਕਰਨ ਦੇ ਫੈਸਲੇ ਨੂੰ ਵੀ ਚੜੂਨੀ ਵੱਲੋਂ ਗਲਤ ਦੱਸਿਆ ਗਿਆ | ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਨੂੰ ਜ਼ਿਆਦਾ ਦੱਸਿਆ ਗਿਆ ਹੈ | ਮੁਲਾਜ਼ਮਾਂ ਨੂੰ ਭਿ੍ਸ਼ਟਾਚਾਰੀ ਵੀ ਦੱਸਿਆ ਗਿਆ | ਲਾਲ ਝੰਡੇ ਦੀਆਂ ਜਥੇਬੰਦੀਆਂ ਵਿਰੁੱਧ ਵੀ ਜ਼ਹਿਰ ਉਗਲਿਆ ਗਿਆ | ਉਨ੍ਹਾ ਵੱਲੋਂ ਹੋਰ ਵੀ ਬਹੁਤ ਕੁਝ ਕਿਹਾ ਗਿਆ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਹਰਿਆਣਾ ਦੇ ਕਿਸਾਨ ਸੰਗਠਨ ਦੀ ਅਗਵਾਈ ਕਰਨ ਵਾਲਾ ਚੜੂਨੀ ਇੱਕ ਅਜਿਹਾ ਆਗੂ ਹੈ, ਜਿਹੜਾ ਇਸ ਹੜਤਾਲ ਦੇ ਵਿਰੁੱਧ ਭਾਜਪਾ ਦੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਨਾਲ ਖੜਾ ਹੈ ਅਤੇ ਦੇਸ਼ ਦੇ 100 ਕਰੋੜ ਤੋਂ ਵੱਧ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਹੋ ਰਹੀ ਹੜਤਾਲ ਦੇ ਡਟ ਕੇ ਵਿਰੋਧ ਵਿੱਚ ਖੜਾ ਹੈ, ਜਦਕਿ ਇਸ ਹੜਤਾਲ ਦੇ ਮੁੱਦੇ ਹਨ—ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 26000 ਰੁਪਏ ਮਹੀਨਾ ਕਰਨਾ, ਨਿੱਜੀਕਰਨ ਰੋਕਣਾ, ਬੇਰੁਜ਼ਗਾਰੀ ਦੂਰ ਕਰਨਾ, ਠੇਕੇਦਾਰੀ ਸਿਸਟਮ ਖ਼ਤਮ ਕਰਨਾ, ਵਿੱਦਿਆ ਅਤੇ ਸਿਹਤ ਸਹੂਲਤਾਂ ਮੁਫ਼ਤ ਅਤੇ ਮਿਆਰੀ ਹੋਣ, ਭਿ੍ਸ਼ਟਾਚਾਰ ਖ਼ਤਮ ਹੋਵੇ, ਸੋ ਅਜਿਹੇ ਮੁੱਦਿਆਂ ਦਾ ਵਿਰੋਧ ਕਰਨ ਵਾਲਾ ਆਗੂ ਕਿਹੜੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ, ਇਹ ਵੀ ਇੱਕ ਸਵਾਲ ਹੈ | ਬਰਾੜ ਅਤੇ ਧਾਲੀਵਾਲ ਨੇ ਚੜੂਨੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਨ ਦਾ ਸੱਦਾ ਦਿੱਤਾ ਹੈ |

Comment here