ਕਿਹਾ- ਕਨੂੰਨ ਤਾਂ ਰੱਦ ਕਰਨੇ ਹੀ ਪੈਣਗੇ
(ਦਿੱਲੀ),ਗਾਜੀਪੁਰ ਬਾਰਡਰ-ਗੈਰਕਨੂੰਨੀ ਅਧਿਆਪਕ ਭਰਤੀ ਦੇ ਕੇਸ ਚ ਸਜਾ ਭੁਗਤ ਕੇ ਤਿਹਾੜ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਆਮ ਜਨਤਾ ’ਚ ਪਹੁੰਚੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਹਰੇ ਰੰਗ ਦੀ ਪੱਗੜੀ ਬੰਨ੍ਹ ਕੇ ਪਲਵਲ ਅਤੇ ਗਾਜੀਪੁਰ ਬਾਰਡਰ ’ਤੇ ਕਿਸਾਨੀ ਧਰਨੇ ’ਚ ਪਹੁੰਚੇ ਤਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਦੋਵਾਂ ਵਿਚ ਕਾਫੀ ਦੇਰ ਤਕ ਗੁਫਤਗੂ ਵੀ ਹੋਈ। ਇਸ ਦੌਰਾਨ ਚੌਟਾਲਾ ਨੇ ਕਿਹਾ ਕਿ ਉਨ੍ਹਾਂ ’ਤੇ ਅਯੋਗ ਲੋਕਾਂ ਨੂੰ ਨੌਕਰੀਆਂ ਦੇਣ ਦਾ ਦੋਸ਼ ਗਲਤ ਲੱਗਾ ਸੀ। ਨੌਕਰੀ ਪ੍ਰਾਪਤ ਕਰਨ ਵਾਲੇ ਤਾਂ ਤਰੱਕੀ ਕਰ ਗਏ ਅਤੇ ਨੌਕਰੀ ਦਿਵਾਉਣ ਵਾਲਾ ਸਜ਼ਾ ਕੱਟਦਾ ਰਿਹਾ। ਉਨ੍ਹਾਂ ਇਥੋਂ ਤਕ ਕਿਹਾ ਕਿ ਮੈਨੂੰ 3200 ਨੌਜਵਾਨਾਂ ਦੇ ਘਰਾਂ ਦਾ ਚੁੱਲ੍ਹਾ ਆਬਾਦ ਰੱਖਣ ਦੀ ਸਜ਼ਾ ਮਿਲੀ ਹੈ। ਪਰ ਇਸ ਦਾ ਉਨ੍ਹਾਂ ਨੂੰ ਕੋਈ ਗਮ ਨਹੀਂ ਹੈ। ਚੌਟਾਲਾ ਇਥੇ ਕਿਸਾਨਾਂ ਲਈ ਇਕ ਵਾਟਰ ਕੂਲਰ ਅਤੇ ਚਾਰ ਏਅਰ ਕੂਲਰ ਲੈ ਕੇ ਆਏ ਸਨ। ਉਹ ਮੰਚ ’ਤੇ ਨਹੀਂ ਬੈਠੇ ਪਰ ਉਨ੍ਹਾਂ ਲਈ ਵੱਖਰੇ ਤੌਰ ’ਤੇ ਮੂੜੇ ਦਾ ਪ੍ਰਬੰਧ ਕੀਤਾ ਗਿਆ ਸੀ। ਟਿਕੈਤ ਵੀ ਕੋਲ ਹੀ ਇਕ ਮੂੜੇ ’ਤੇ ਬੈਠੇ। ਚੌਟਾਲਾ ਨੇ ਕਿਹਾ ਕਿ ਉਹ ਦੂਰ ਨਹੀਂ ਜਦੋਂ ਤਿੰਨ ਖੇਤੀ ਕਾਨੂੰਨ ਵਾਪਸ ਹੋਣਗੇ। ਜੇ ਕਾਨੂੰਨ ਵਾਪਸ ਨਾ ਹੋਏ ਤਾਂ ਕੇਂਦਰ ਸਰਕਾਰ ਚਲਾ ਰਹੀ ਧਿਰ ਦੀ ਹਾਰ ਤੈਅ ਹੈ।
Comment here