ਵੱਖ ਵੱਖ ਚੈਨਲ ਤੇ ਏਜੰਸੀਆਂ ਸਰਵੇ ਚ ਜੁਟੀਆਂ
ਵਿਸ਼ੇਸ਼ ਰਿਪੋਰਟ-ਸੰਜੀਵ ਅਗਰਵਾਲ
ਡੱਬ ਖੜੱਬੀ ਅਜਾਦੀ ਦੀ ਗੱਲ ਕਰਨ ਵਾਲਾ, ਹਾਸ਼ੀਆਗਤ ਲੋਕਾਂ ਨੂੰ ਕਿਰਤ ਦੇ ਸਿਰ ਤੇ ਅੱਗੇ ਵਧਣ ਦੀ ਹੱਲਾਸ਼ੇਰੀ ਦੇਣ ਵਾਲਾ ਕਵੀ ਗੁਰਦਾਸ ਰਾਮ ਆਲਮ ਕਿਸੇ ਪਛਾਣ ਦਾ ਮੁਥਾਜ ਨਹੀਂ। ਅੱਜ ਜਦ ਪੰਜਾਬ ਸਮੇਤ ਪੰਜ ਸੂਬਿਆਂ ਚ ਚੋਣ ਰੌਲਾ ਹੈ ਤਾਂ ਅਜਿਹੇ ਸਮੇਂ ਚ ਹਰ ਵਾਰ ਦੀ ਚੋਣ ਮਗਰੋਂ ਕ੍ਰਾਂਤੀਕਾਰੀ ਤਬਦੀਲੀ ਦੀ ਆਸ ਚ ਨਿਰਾਸ਼ ਹੋਏ ਲੋਕਾਂ ਨੂੰ ਆਲਮ ਸਾਹਿਬ ਦੀ ਇਹ ਕਵਿਤਾ ਯਾਦ ਆਉਂਦੀ ਹੈ। ਪੌਣੀ ਸਦੀ ਪਹਿਲਾਂ ਦੀ ਲਿਖੀ ਇਹ ਕਵਿਤਾ ਅੱਜ ਵੀ ਵੱਡੇ ਮਾਅਨੇ ਰੱਖਦੀ ਹੈ, ਤੇ ਸਾਫ ਕਰਦੀ ਹੈ ਕਿ ਵੋਟਤੰਤਰ ਨੇ ਕੁਝ ਨਹੀਂ ਬਦਲਣਾ, ਜੇ ਲੋਕ ਮਾਨਸਿਕਤਾ ਨਾ ਬਦਲੀ, ਤੇ ਆਪਣੇ ਅੰਦਰ ਬਲਦੀ ਜੋਤ ਆਪਣਾ ਮੂਲ ਜਨਤਾ ਨੇ ਨਾ ਪਛਾਣਿਆ ਤਾਂ…।
ਗੁਰਦਾਸ ਰਾਮ ਆਲਮ ਸਾਹਿਬ ਲਿਖਦੇ ਨੇ-
ਇਲੈਕਸ਼ਨ ਜਾਲ ਹੈ ਟਾਟਿਆਂ ਬਿਰਲਿਆਂ ਦਾ,
ਜਿਹਦੇ ਵਿੱਚ ਗ਼ਰੀਬਾਂ ਨੂੰ ਸਿੱਟਦੇ ਨੇ।
ਵੋਟਾਂ ਲੈਣ ਮਜ਼ਦੂਰ ਕਿਰਸਾਣ ਬਣ ਕੇ,
ਜਦੋਂ ਜਿੱਤ ਜਾਂਦੇ ਉਦੋਂ ਫਿੱਟਦੇ ਨੇ।
ਕੁੱਕੜਾਂ ਵਾਂਗ ਬਾਹਰੋਂ ਵੱਖ-ਵੱਖ ਲੜਦੇ,
ਅੰਦਰ ਸਾਂਝੀਆਂ ਗਿਣਤੀਆਂ ਸਿੱਟਦੇ ਨੇ।
ਕੋਈ ਪਾਰਟੀ, ਕੋਈ ਮਨੁੱਖ ਭਾਵੇਂ,
ਆਪੋ ਆਪਣੇ ਢਿੱਡਾਂ ਲਈ ਪਿੱਟਦੇ ਨੇ।
ਗੁਰਬਤ ਤੰਗੀ, ਬੇਕਾਰੀ ਨਹੀਂ ਰਹਿਣ ਦੇਣੀ,
ਐਸੀ ਰੇਖ ਅੰਦਰ ਮੇਖ ਮਾਰਨੀ ਏ।
ਕਹਿੰਦੇ ਏਸੇ ਵਿਧਾਨ ਦੇ ਵਿੱਚ ਰਹਿ ਕੇ,
ਹੁਣ ਬਘਿਆੜ ਨੇ ਬੱਕਰੀ ਚਾਰਨੀ ਏ।
ਤੇ ਜਨਤਕ ਸੋਝੀ ਚ ਬਦਲਾਅ ਆਉਣ ਤੱਕ ਇਹ ਸਿਆਸੀ ਬਘਿਆੜ ਅਵਾਮ ਰੂਪੀ ਬੱਕਰੀਆਂ ਚਾਰਦੇ ਹੀ ਰਹਿਣਗੇ..
ਤੇ ਆਪਾਂ ਉਹੀ ਯਾਭਾਂ ਦਾ ਭੇੜ ਕਰਦੇ ਹਾਂ-ਮੀਡੀਆਈ ਰਿਪੋਰਟਾਂ ਸਾਂਝੀਆਂ ਕਰਦੇ ਹਾਂ ਕਿ ਪੰਜਾਬ ਚੋਣਾਂ ਚ ਕੀਹਦਾ ਹੱਥ ਉਪਰ ਹੈ- ਕੀ ਪੰਜਾਬ ਵਿੱਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣੇਗੀ ਜਾਂ ਆਮ ਆਦਮੀ ਪਾਰਟੀ ਆਪਣੀ ਜਿੱਤ ਦਾ ਝੰਡਾ ਝੂਲਾਵੇਗੀ ਜਾਂ ਬਾਦਲਕੇ ਬਸਪਾ ਨਾਲ ਰਲ ਕੇ ਸਰਕਾਰ ਬਣਾਉਣਗੇ? ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਭਾਵੇਂ 10 ਮਾਰਚ ਨੂੰ ਮਿਲ ਜਾਣਗੇ ਪਰ ਵੱਖ-ਵੱਖ ਚੈਨਲਾਂ-ਏਜੰਸੀਆਂ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਇਸ਼ਾਰਾ ਜ਼ਰੂਰ ਦਿੱਤਾ ਹੈ।
ਏ ਬੀ ਪੀ ਨਿਊਜ਼ -ਸੀ ਵੋਟਰ
ਇੰਡੀਆ ਅਹੈੱਡ-ਈ ਟੀ ਜੀ
ਰਿਬਪਲਿਕ -ਪੀ ਮਾਰਕ
ਨਿਊਜ਼ ਐਕਸ-ਪੋਲਸਟਾਰਟ
ਟਾਇਮਸ ਨਾਉ -ਵੀਟੋ
ਇੰਡੀਆ ਨਿਊਜ਼-ਜਨ ਕੀ ਬਾਤ ਅਤੇ ਜ਼ੀ – ਡੀਜ਼ਾਈਨ ਬੌਕਸਡ ਆਦਿ ਵੱਲੋਂ ਓਪੀਨੀਅਨ ਪੋਲ ਕਰਵਾਏ ਸਨ। ਸਾਰੇ ਹੀ ਨਿਊਜ਼ ਚੈਨਲਾਂ-ਏਜੰਸੀਆਂ ਦੇ ਓਪੀਨੀਅਨ ਪੋਲ ਦੀ ਔਸਤ ਲੈ ਕੇ ਜੋ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ, ਉਹ ਹੈਰਾਨੀਜਨਕ ਹਨ। ਪੰਜਾਬ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਕੁੱਲ 117 ਸੀਟਾਂ ਹਨ ਅਤੇ ਬਹੁਮਤ ਦੇ ਅੰਕੜਿਆਂ ਲਈ 59 ਸੀਟਾਂ ਦਾ ਹੋਣਾ ਜ਼ਰੂਰੀ ਹੈ।ਓਪੀਨੀਅਨ ਪੋਲ ਮੁਤਾਬਕ ਆਮ ਆਦਮੀ ਪਾਰਟੀ ਇੱਥੇ ਵੱਡੀ ਖੇਡ ਖੇਡ ਸਕਦੀ ਹੈ, ਸੰਭਵ ਹੈ ਕਿ ਇਹ ਇਕਲੀ ਧਿਰ ਹੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇ। ਪੰਜਾਬ ਵਿੱਚ ਮਹਾਪੋਲ ਮੁਤਾਬਕ ਕਾਂਗਰਸ ਨੂੰ 38-44, ‘ਆਪ’ ਨੂੰ 51-57, ਅਕਾਲੀ ਤੇ ਬਸਪਾ ਗਠਜੋੜ ਨੂੰ 17-21 ਅਤੇ ਭਾਜਪਾ ਨੂੰ 1 ਤੋਂ 3 ਸੀਟਾਂ ਮਿਲ ਸਕਦੀਆਂ ਹਨ। ਪੰਜਾਬ ਦੀਆਂ ਲਗਭਗ ਸਾਰੀਆਂ ਏਜੰਸੀਆਂ ਦਾ ਅੰਦਾਜ਼ਾ ਹੈ ਕਿ ਇਸ ਵਾਰ ਕਾਂਗਰਸ ਲਈ ਆਪਣੇ ਦਮ ‘ਤੇ ਸੱਤਾ ‘ਚ ਵਾਪਸੀ ਕਰਨਾ ਮੁਸ਼ਕਿਲ ਹੋਵੇਗਾ। ਏ ਬੀ ਪੀ ਨਿਊਜ਼-ਸੀ ਵੋਟਰ ਨੇ ਕਾਂਗਰਸ ਨੂੰ 37-43, ਇੰਡੀਆ ਅਹੈੱਡ-ਈ ਟੀ ਜੀ ਨੇ 40-44, ਰੀਪਬਲਿਕ- ਪੀ ਮਾਰਕ ਨੇ 42-48, ਨਿਊਜ਼ ਐਕਸ-ਪੋਲਸਟ੍ਰੇਟ ਨੇ 40-45, ਟਾਈਮਜ਼ ਨਾਓ-ਵੀਟੋ ਨੇ 41-47, ਇੰਡੀਆ ਨਿਊਜ਼ -ਜਨ ਕੀ ਬਾਤ, ਨੇ 32-42, ਜ਼ੀ-ਡੀਜ਼ਾਈਨ ਬੌਕਸਡ ਨੇ 35-38 ਸੀਟਾਂ ਦੀ ਕਾਂਗਰਸ ਲਈ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਏਜੰਸੀਆਂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਉਤਸ਼ਾਹਜਨਕ ਨਤੀਜੇ ਦਿਖਾਏ ਹਨ। ਏਬੀਪੀ ਨਿਊਜ਼ -ਸੀ ਵੋਟਰ 52-58, ਇੰਡੀਆ ਅੱਗੇ-ਈਟੀਜੀ 59-64, ਰਿਪਬਲਿਕ-ਪੀ ਮਾਰਕ 50-56, ਨਿਊਜ਼ ਐਕਸ-ਪੋਲਸਟ੍ਰੇਟ 47-52, ਟਾਈਮਜ਼ ਨਾਓ-ਵੀਟੋ 54-58, ਇੰਡੀਆ ਨਿਊਜ਼-ਜਨ ਕੀ ਬਾਤ-658 , ਜ਼ੀ-ਡੀਜ਼ਾਈਨ ਬੌਕਸਡ ਨੇ 36-39 ਸੀਟਾਂ ਦੀ ਭਵਿੱਖਬਾਣੀ ਕੀਤੀ ਹੈ। ਇਹ ਓਪੀਨੀਅਨ ਪੋਲ ਤਾਂ ਮੁਖ ਮੁਕਾਬਲਾ ਕਾਂਗਰਸ ਤੇ ਆਪਕਿਆਂ ਵਿੱਚ ਹੀ ਦਿਖਾ ਰਹੇ ਹਨ।
Comment here