ਸਿਆਸਤਖਬਰਾਂਚਲੰਤ ਮਾਮਲੇ

ਚੋਣ ਪ੍ਰਚਾਰ ਦੌਰਾਨ ਕਈ ਲੋਕਾਂ ਨੂੰ ਮਿਲ ਰਿਹਾ ਹੈ ਆਰਜ਼ੀ ਰੁਜ਼ਗਾਰ

ਅੰਮਿ੍ਤਸਰ : ਹਰ ਰਾਜ ਵਿੱਚ ਚੋਣਾਂ ਲੋਕਾ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਹਿੱਸਾ ਰੱਖਦੀਆਂ ਹਨ। ਹੁਣ ਭਾਵੇਂ ਉਹ ਚੋਣਾਂ ’ਚ ਕੀਤੇ ਗਏ ਵਾਧਿਆ ਨੂੰ ਲੈ ਕੇ ਹੋਵੇ ਜਾਂ ਸਿਰਫ ਕੁਝ ਦਿਨਾਂ ਦੀ ਦਾਰੂ ਤੇ ਪੈਸਿਆਂ ਨੂੰ। ਇਸ ਵਾਰ ਚੋਣ ਪ੍ਰਚਾਰ ਦੌਰਾਨ ਕਈ ਲੋਕਾਂ ਨੂੰ ਦਾਲ-ਰੋਟੀ ਮਿਲ ਰਹੀ ਹੈ। ਚੋਣ ਪ੍ਰਚਾਰ ਦੇ ਚਲਦਿਆਂ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਗਿਆ ਹੈ। ਇਹ ਰੁਜ਼ਗਾਰ ਭਾਵੇੰ 20 ਫਰਵਰੀ ਤਕ ਹੈ, ਫਿਰ ਵੀ ਕਈ ਲੋਕਾਂ ਦੇ ਚੁਲ੍ਹੇ ਚੋਣਾਂ ਦੌਰਾਨ ਚੱਲਣਗੇ। ਉਮੀਦਵਾਰਾਂ ਨੂੰ ਆਪਣੇ ਚੋਣ ਪ੍ਰਚਾਰ ਲਈ ਲੋਕਾਂ ਦੀ ਹਰ ਵਾਰ ਜ਼ਰੂਰਤ ਰਹਿੰਦੀ ਹੈ, ਜਿਸ ਦੇ ਚਲਦਿਆਂ ਮੀਟਿੰਗਾਂ ਵਿਚ ਭੀੜ ਇਕੱਠਾ ਕਰਨ ਲਈ ਕਿਰਾਏ ‘ਤੇ ਨੌਜਵਾਨਾਂ ਨੂੰ ਲਿਆ ਜਾ ਰਿਹਾ ਹੈ। ਇਹ ਜਰੂਰੀ ਵੀ ਹੈ ਕਿਉਂਕਿ ਭੀੜ ਤੋਂ ਬਿਨਾਂ ਤੁਸੀ ਚੋਣਾਂ ਨੂੰ ਆਪਣੇ ਹੱਕ ਕਰਨ ਦਾ ਦਾਅਵਾ ਨਹੀਂ ਕਰ ਸਕਦੇ। ਇਨ੍ਹਾਂ ਹੀ ਨਹੀਂ ਗਲੀ-ਮੁਹੱਲਿਆਂ, ਚੌਕ ਚੁਰਾਹਿਆਂ ‘ਤੇ ਵੀ ਕੁਝ ਨੌਜਵਾਨਾਂ ਨੂੰ ਦਿਹਾੜੀ ‘ਤੇ ਉਮੀਦਵਾਰਾਂ ਦੇ ਪੋਸਟਰ ਬੈਨਰ ਫੜਾ ਕੇ ਖੜ੍ਹਾ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਅੰਦਰ ਉਮੀਦਵਾਰ ਨੂੰ ਵੋਟ ਦੇਣ ਲਈ ਜਾਗਰੂਕ ਕੀਤਾ ਜਾ ਸਕੇ। ਉਮੀਦਵਾਰਾਂ ਨੇ ਚੋਣਾਂ ਦੇ ਦਿਨਾਂ ਵਿਚ ਕੰਮ ਕਰਨ ਲਈ ਨੌਜਵਾਨਾਂ ਨੂੰ ਇਕੱਠਾ ਕਰਣ ਲਈ ਪਲੇਸਮੈੰਟ ਏਜੰਸੀਆਂ ਦਾ ਵੀ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੀਆਂ ਪਲੇਸਮੈੰਟ ਏਜੰਸੀਆਂ ਨੇ ਸੋਸ਼ਲ ਮੀਡੀਆ ਰਾਹੀਂ ਚੋਣਾਂ ਵਿਚ ਕੰਮ ਲਈ ਨੌਜਵਾਨਾਂ ਨੂੰ ਦਿਹਾੜੀ ‘ਤੇ ਰੱਖਣ ਲਈ ਇਸ਼ਤਿਹਾਰ ਵੀ ਵਾਇਰਲ ਕਰਨੇ ਸ਼ੁਰੂ ਕਰ ਦਿੱਤੇ ਹਨ, ਤਾਂਕਿ ਚੋਣਾਂ ਵਿਚ ਉਮੀਦਵਾਰਾਂ ਦੀ ਮਦਦ ਲਈ ਵੱਧ ਤੋਂ ਵੱਧ ਨੌਜਵਾਨ ਦਿਹਾੜੀ ਉਤੇ ਰੱਖੇ ਜਾ ਸਕਣ। ਉਮੀਦਵਾਰਾਂ ਦੇ ਪ੍ਰਚਾਰ ਵਿਚ ਲੱਗੇ ਆਟੋ ਰਿਕਸ਼ਾ ਵਾਲੇ, ਈ ਰਿਕਸ਼ਾ ਵਾਲੇ, ਝੰਡੀਆਂ ਬਣਾਉਣ ਵਾਲਿਆਂ, ਬੈਨਰ, ਪੋਸਟਰ ਤੇ ਹੋਰਡਿੰਗ ਫਲੈਕਸ ਤਿਆਰ ਕਰਨ ਵਾਲਿਆਂ ਅਤੇ ਪੋਸਟਰ, ਬੈਨਰ, ਹੋਰਡਿੰਗ ਤੇ ਫਲੈਕਸ ਲਗਾਉਣ ਵਾਲਿਆਂ ਨੂੰ ਵੀ ਰੁਜ਼ਗਾਰ ਮਿਲ ਗਿਆ ਹੈ। ਭਾਵੇੰ ਇਹ ਰੁਜ਼ਗਾਰ ਆਰਜ਼ੀ ਹੈ ਫਿਰ ਵੀ ਲੋਕ ਖੁਸ਼ ਹਨ । ਆਟੋ ਰਿਕਸ਼ਾ ਵਾਲਿਆਂ ਨੂੰ ਦੋ ਹਜਾਰ ਰੁਪਏ ਅਤੇ ਨਾਲ ਹੀ ਪੈਟਰੋਲ ਵਾਹਨ ਵਿਚ ਪਾਉਣ ਲਈ ਮਿਲ ਰਿਹਾ ਹੈ। ਬੈਨਰ ਪੋਸਟਰ ਫੜ ਕੇ ਖੜ੍ਹੇ ਹੋਣ ਵਾਲੇ ਨੌਜਵਾਨਾਂ ਨੂੰ ਸੱਤ ਸੌ ਰੁਪਏ ਦਿਹਾੜੀ ਮਿਲ ਰਹੀ ਹੈ। ਈ ਰਿਕਸ਼ਾ ਉਤੇ ਪ੍ਰਚਾਰ ਕਰਨ ਵਾਲਿਆਂ ਨੂੰ ਦੋ ਹਜ਼ਾਰ ਰੁਪਏ ਰੋਜ਼ਾਨਾ ਮਿਲ ਰਹੇ ਹਨ। ਪੋਸਟ, ਬੈਨਰ ਲਗਾਉਣ ਵਾਲਿਆਂ ਨੂੰ ਸੱਤ ਸੌ ਰੁਪਏ ਦਿਹਾੜੀ ਮਿਲ ਰਹੀ ਹੈ। ਉਮੀਦਵਾਰਾਂ ਨਾਲ ਮੀਟਿੰਗਾਂ ਆਦਿ ਵਿਚ ਚੱਲਣ ਵਾਲੇ ਨੌਜਵਾਨਾਂ ਨੂੰ ਪੰਜ ਸੌ ਰੁਪਏ ਦਿਹਾੜੀ ਤੇ ਤਿੰਨ ਟਾਈਮ ਦਾ ਭੋਜਨ ਵੀ ਮਿਲ ਰਿਹਾ ਹੈ। ਉਮੀਦਵਾਰਾਂ ਦਾ ਸਰਵੇ ਕਰਨ ਲਈ ਨੌਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਹ ਲੋਕਾਂ ਦੀ ਰਾਏ ਜਾਣ ਰਹੇ ਹਨ ਕਿ ਉਨਾਂ ਦਾ ਪਸੰਦੀਦਾ ਉਮੀਦਵਾਰ ਕੌਣ ਹੈ। ਇਸ ਕੰਮ ਲਈ ਲੱਗੇ ਨੌਜਵਾਨਾਂ ਨੂੰ ਰੋਜ਼ਾਨਾ ਅੱਠ ਸੌ ਤੋਂ ਨੌਂ ਸੌ ਰੁਪਏ ਦਿਹਾੜੀ ਮਿਲ ਰਹੀ ਹੈ।

Comment here