ਸਾਹਿਤਕ ਸੱਥ

ਚੋਣ ਡਿਊਟੀ ਬਨਾਮ ਬੇਬੇ ਦੇ ਬੋਲ

ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ। ਪੌਣੇ ਅੱਠ ਵੱਜੇ ਸਨ। ਬਾਹਰ ਲੰਬੀ ਲਾਈਨ ਲੱਗੀ ਹੋਈ ਸੀ। ਠੀਕ ਅੱਠ ਵਜੇ ਨਗਰ ਪੰਚਾਇਤ ਦੀਆਂ ਵੋਟਾਂ ਦੀ ਸ਼ੁਰੂਆਤ ਹੋ ਜਾਣੀ ਸੀ। ਮੈਂ ਇੱਕ ਵਾਰ ਫਿਰ ਆਪਣੇ ਬੂਥ ਦੀ ਸਥਿਤੀ ਦਾ ਜਾਇਜ਼ਾ ਲਿਆ। ਸਭ ਕੁਝ ਵਿਉਂਤਬੱਧ ਸੀ। ਪੋਲਿੰਗ ਅਫ਼ਸਰਾਂ ਨੇ ਆਪਣੀਆਂ ਪੁਜੀਸ਼ਨਾਂ ਸਾਂਭ ਲਈਆਂ ਸਨ। ਉਨ੍ਹਾਂ ਦੇ ਚਿਹਰਿਆਂ ’ਤੇ ਫ਼ਿਕਰ ਤੇ ਜ਼ਿੰਮੇਵਾਰੀ ਦੇ ਰਲਵੇਂ ਮਿਲਵੇਂ ਭਾਵ ਦਿਸਦੇ ਸਨ। ਉਨ੍ਹਾਂ ਦੇ ਖੱਬੇ ਪਾਸੇ ਪੋਲਿੰਗ ਏਜੰਟ ਬੈਠੇ ਸਨ ਜਿਨ੍ਹਾਂ ਹਰ ਵੋਟਰ ’ਤੇ ਬਾਜ਼ ਨਜ਼ਰ ਰੱਖਣੀ ਸੀ। ਅੱਠ ਵੱਜੇ। ਮੈਂ ਪਹਿਲੇ ਵੋਟਰ ਨੂੰ ਜੀ ਆਇਆਂ ਕਿਹਾ। ‘‘ਜਰਨੈਲ ਸਿੰਘ ਪੁੱਤਰ ਕਰਤਾਰ ਸਿੰਘ, ਵੋਟ ਨੰਬਰ ਪੈਂਤੀ,’’ ਇੱਕ ਪੋਲਿੰਗ ਅਫ਼ਸਰ ਉੱਚੀ ਆਵਾਜ਼ ਵਿਚ ਬੋਲਿਆ। ਪੋਲਿੰਗ ਏਜੰਟਾਂ ਨੇ ਵੋਟਰ ’ਤੇ ਗਹੁ ਭਰੀ ਨਜ਼ਰ ਸੁੱਟੀ। ਫਿਰ ‘ਹਾਂ’ ਵਿੱਚ ਸਿਰ ਹਿਲਾਇਆ। ਪੋਲਿੰਗ ਅਫ਼ਸਰਾਂ ਲਿਖਾ ਪੜ੍ਹੀ ਕੀਤੀ ਤੇ ਫਿਰ ਬੀਪ ਦੀ ਲੰਬੀ ਆਵਾਜ਼ ਕਮਰੇ ਵਿੱਚ ਗੂੰਜੀ। ਜਿਵੇਂ ਕਹਿ ਰਹੀ ਹੋਵੇ, ‘‘ਪ੍ਰੀਜ਼ਾਇਡਿੰਗ ਸਰ, ਫ਼ਿਕਰ ਨਾ ਕਰਨਾ, ਪਹਿਲੀ ਵੋਟ ਸਹੀ ਭੁਗਤ ਗਈ ਹੈ, ਆਖ਼ਰੀ ਵੋਟ ਵੀ ਸਹੀ ਭੁਗਤੇਗੀ।’’ ਮੈਂ ਪੋਲਿੰਗ ਅਫ਼ਸਰਾਂ ਸਾਹਮਣੇ ਪਈ ਕੁਰਸੀ ’ਤੇ ਬੈਠ ਗਿਆ। ਚਿਹਰੇ ਦੀਆਂ ਮਾਸਪੇਸ਼ੀਆਂ ਆਪਣੇ ਥਾਂ ਟਿਕਾਣੇ ਆ ਗਈਆਂ। ਸਕੂਨ ਭਰਿਆ ਇੱਕ ਲੰਬਾ ਸਾਹ ਲਿਆ। ਇੰਝ ਮੇਰੇ ਬੂਥ ’ਤੇ ਲੋਕਤੰਤਰ ਨੂੰ ਮੋਢਿਆਂ ’ਤੇ ਚੁੱਕੀ ਇਹ ‘ਵੋਟ ਗੱਡੀ’ ਆਪਣੀ ਮੰਜ਼ਿਲ ਵੱਲ ਵਧਣ ਲੱਗੀ। ਵੋਟਰ ਅੰਦਰ ਆਉਂਦੇ। ਆਪਣੇ ਹੱਕ ਦੀ ਵਰਤੋਂ ਕਰ ਕੇ ਦੂਜੇ ਦਰਵਾਜ਼ਿਓਂ ਨਿਕਲ ਜਾਂਦੇ।
ਵੋਟਾਂ ਸ਼ੁਰੂ ਹੋਇਆਂ ਦੋ ਘੰਟੇ ਦੇ ਕਰੀਬ ਹੋ ਚੁੱਕੇ ਸਨ। ਬੂਥ ਆਪਣੀ ਸੁਭਾਵਿਕ ਚਾਲੇ ਪੈ ਚੁੱਕਿਆ ਸੀ। ਅਸੀਂ ਆਪਣੇ ਪੂਰੇ ਰਉਂ ਵਿਚ ਆ ਗਏ ਸਾਂ। ਸਾਰਾ ਕੁਝ ਲੈਅਬੱਧ ਤਰੀਕੇ ਨਾਲ ਹੋ ਰਿਹਾ ਸੀ। ਜਿਵੇਂ ਕੋਈ ਕਵਿਤਾ ਰਚੀ ਜਾ ਰਹੀ ਹੋਵੇ। … ਤੇ ਇਸ ਖੁਸ਼ਗਵਾਰ ਮਾਹੌਲ ਵਿਚ ਮੈਂ ਕਾਗਜ਼ ਪੱਤਰਾਂ ਦਾ ਕੰਮ ਸਮੇਟ ਕੇ, ਉਨ੍ਹਾਂ ਨੂੰ ਵੱਖ-ਵੱਖ ਲਿਫ਼ਾਫ਼ਿਆਂ ਵਿੱਚ ਪਾ ਕੇ ਅਜੇ ਬੈਠਾ ਹੀ ਸੀ ਕਿ ਮੇਰੇ ਮੋਬਾਈਲ ਫੋਨ ਦੀ ਘੰਟੀ ਖੜਕੀ। … ‘‘ਪ੍ਰਜਾਇਡਿੰਗ ਸਾਬ੍ਹ ਬੋਲਦੇ ਓਂ?’’ ‘‘ਹਾਂ ਜੀ, ਦੱਸੋ, ਤੁਸੀਂ ਕੌਣ?’’ ‘‘ਇੱਕ ਮਿੰਟ ਸਾਬ੍ਹ ਨਾਲ ਗੱਲ ਕਰਿਓ।’’ ‘‘ਕਰਾਓ।’’ ‘‘ਹੋਰ ਸੁਣਾਓ ਪ੍ਰਜਾਇਡਿੰਗ ਸਾਬ੍ਹ ਕੀ ਹਾਲ ਐ… ਠੀਕ ਐ ਸਭ? ਕੋਈ ਦਿੱਕਤ ਤਾਂ ਨਹੀਂ ਨਾ! ਬਸ ਥੋੜ੍ਹਾ ਧਿਆਨ ਰੱਖਿਓ ਆਪਣੇ ਬੰਦੇ ਦਾ।’’ ਮੈਨੂੰ ਇਨ੍ਹਾਂ ਬੋਲਾਂ ਵਿੱਚੋਂ ਦੁਰਗੰਧ ਆਈ। ਮੈਂ ‘‘ਕੋਈ ਨਾ, ਕੋਈ ਨਾ’’ ਕਹਿ ਕੇ ਛੇਤੀ ਦੇਣੇ ਫੋਨ ਕੱਟ ਦਿੱਤਾ। ਇਹ ਤਤਕਾਲੀ ਸੱਤਾ ਦਾ ਹਾਰਿਆ ਹੋਇਆ ‘ਜੇਤੂ’ ਸੀ। ‘ਬੜਾ ਅਜੀਬ ਸਿਸਟਮ ਐ, ਇਹ ਹਾਰੇ ਹੋਏ ਵੀ ‘ਸਾਬ੍ਹ’ ਦੇ ਰੁਤਬੇ ਮਾਣੀ ਜਾਂਦੇ ਨੇ।’ ਮੈਂ ਮਨ ਹੀ ਮਨ ਸੋਚਿਆ। ‘…ਚਲੋ ਛੱਡੋ, ਆਪਾਂ ਆਪਣਾ ਕੰਮ ਕਰੀਏ।’ …ਤੇ ਮੈਂ ਮਨ ਨੂੰ ਹੋਰ ਵਿਆਖਿਆ ਵਿੱਚ ਪੈਣ ਤੋਂ ਰੋਕਿਆ ਤੇ ਮੁੜ ਵੋਟਾਂ ਵੱਲ ਆ ਗਿਆ। ‘ਵੋਟ ਗੱਡੀ’ ਆਪਣੀ ਰਫ਼ਤਾਰੇ ਦੌੜੀ ਜਾ ਰਹੀ ਸੀ।
‘‘ਸਰ, ਬਾਹਰ ਤੁਹਾਨੂੰ ਕੋਈ ਬੁਲਾ ਰਿਹੈ।’’ ਇੱਕ ਪੁਲੀਸ ਮੁਲਾਜ਼ਮ ਨੇ ਮੈਨੂੰ ਸੁਨੇਹਾ ਲਾਇਆ। ‘‘ਮੈਨੂੰ?’’ ‘‘ਹਾਂ ਜੀ, ਤੁਹਾਨੂੰ।’’ ਮੈਂ ਉੱਠ ਕੇ ਬਾਹਰ ਚਲਾ ਗਿਆ। ਬੂਥ ਤੋਂ ਕਾਫ਼ੀ ਦੂਰ ਪੰਜ ਸੱਤ ਜਣੇ ਖੜ੍ਹੇ ਸਨ। ਮੈਨੂੰ ਆਉਂਦਾ ਵੇਖ ਕੇ ਉਹ ਮੇਰੇ ਵੱਲ ਹੋ ਗਏ। ‘‘ਹਾਂ ਜੀ, ਦੱਸੋ।’’ ਮੈਂ ਉਨ੍ਹਾਂ ਦੇ ਨੇੜੇ ਪਹੁੰਚਦਿਆਂ ਕਿਹਾ। ‘‘ਤੁਹਾਨੂੰ ਸਾਬ੍ਹ ਦਾ ਫ਼ੋਨ ਆ ਗਿਆ ਹੋਣੈ।’’ ਚਾਲ਼ੀ ਕੁ ਸਾਲ ਦਾ ਇੱਕ ਵਿਅਕਤੀ ਸਿੱਧਾ ਹੀ ਵਿਸ਼ੇ ’ਤੇ ਆ ਗਿਆ। ‘‘ਹਾਂ ਜੀ, ਅੱਗੇ ਦੱਸੋ।’’ ਮੈਂ ਆਪਣੇ ਬੋਲਾਂ ਵਿੱਚੋਂ ਖਿਝ ਛੁਪਾਉਂਦਿਆਂ ਬੋਲਿਆ। ‘‘ਬੱਸ ਜੀ, ਦੱਸਣਾ ਕੀ ਐ, ਆਪਣੇ ਬੰਦੇ ਦਾ ਧਿਆਨ ਰੱਖਿਓ, ਸੇਵਾ ਪਾਣੀ ਦੀ ਪਰਵਾਹ ਨਾ ਕਰਿਓ।’’ ਐਤਕੀਂ ਤੇਜ਼ ਤਰਾਰ ਅੱਖਾਂ ਵਾਲਾ ਨੌਜਵਾਨ ਬੋਲਿਆ। ਮੈਂ ਉਨ੍ਹਾਂ ਨਾਲ ਗੱਲ ਲਮਕਾਉਣੀ ਠੀਕ ਨਾ ਸਮਝੀ ਤੇ ‘ਹਾਂ ਹੂੰ’ ਕਰ ਕੇ ਵਾਪਸ ਬੂਥ ’ਤੇ ਆ ਗਿਆ।
ਅੱਧਾ ਵਕਤ ਬੀਤ ਚੁੱਕਿਆ ਸੀ ਤੇ ਅੱਧੀਆਂ ਕੁ ਹੀ ਵੋਟਾਂ ਭੁਗਤ ਚੁੱਕੀਆਂ ਸਨ। ਵੋਟਿੰਗ ਮਸ਼ੀਨ ਦੀ ਬੀਪ ਦੀ ਆਵਾਜ਼ ਨਿਰਵਿਘਨ ਜਾਰੀ ਸੀ। ਜਿੱਦਾਂ ਬੀਪ ਦੀ ਆਵਾਜ਼ ਆਉਂਦੀ, ਮੈਨੂੰ ਲੱਗਦਾ, ਜਿਵੇਂ ਇੱਕ ‘ਸਟੇਸ਼ਨ’ ਹੋਰ ਪਾਰ ਕਰ ਲਿਆ ਹੋਵੇ। ਉਂਝ ਇਨ੍ਹਾਂ ਆਉਂਦੇ ‘ਸਟੇਸ਼ਨਾਂ’ ਦੇ ਦਰਮਿਆਨ ਕਦੇ ਕਦਾਈਂ ਉਸ ਤੇਜ਼ ਤਰਾਰ ਅੱਖਾਂ ਵਾਲੇ ਦੇ ਬੋਲ ‘ਧਿਆਨ ਰੱਖਿਓ’, ‘ਸੇਵਾ ਪਾਣੀ’ ਯਾਦ ਆ ਜਾਂਦੇ ਤੇ ਮਨ ਭੈੜਾ ਜਿਹਾ ਹੋ ਜਾਂਦਾ।
‘‘ਸਰ, ਆਹ ਦੇਖਿਓ, ਇਨ੍ਹਾਂ ਕੋਲ ਕੋਈ ਸਬੂਤ ਨਹੀਂ।’’ ਇੱਕ ਪੋਲਿੰਗ ਅਫ਼ਸਰ ਨੇ ਇੱਕ ਵੋਟਰ ਵੱਲ ਇਸ਼ਾਰਾ ਕਰਦੇ ਆਖਿਆ। ‘‘ਨਹੀਂ, ਨਹੀਂ, ਸਬੂਤ ਤੋਂ ਬਿਨਾਂ ਵੋਟ ਨੀ ਪੈਣੀ।’’ ਤੇ ਨਾਲ ਦੀ ਨਾਲ ਮੈਂ ਏਜੰਟਾਂ ਵੱਲ ਵੇਖਿਆ। ਉਨ੍ਹਾਂ ਵੀ ਮੇਰੇ ਨਾਲ ਰਜ਼ਾਮੰਦੀ ਜ਼ਾਹਿਰ ਕੀਤੀ। ਵੋਟਰ ਖਾਹਮਖਾਹ ਜ਼ਿੱਦ ਕਰਨ ਲੱਗਾ। ਮੈਂ ਕਿਵੇਂ ਨਾ ਕਿਵੇਂ ਉਸ ਨੂੰ ਬਾਹਰ ਭੇਜ ਦਿੱਤਾ। ਫਿਰ ਪੰਜ ਸੱਤ ਵੋਟਰਾਂ ਬਾਅਦ ਕੋਈ ਨਾ ਕੋਈ ਵਿਘਨ ਪੈਣ ਲੱਗਿਆ। ਕਿਸੇ ਕੋਲ ਸਬੂਤ ਨਾ ਹੁੰਦਾ, ਕੋਈ ਘਰ ਬੈਠੇ ਆਪਣੇ ਦਾਦੇ, ਬਾਬੇ ਦੀ ਵੋਟ ਪਾਉਣ ਦੀ ਜ਼ਿੱਦ ਕਰਦਾ। ਇੱਕ ਉਂਝ ਹੀ ਸ਼ਰਾਰਤ ਕਰਨ ਦੇ ਇਰਾਦੇ ਨਾਲ ਬੂਥ ਅੰਦਰ ਆ ਵੜਿਆ। ਇੱਕ ਦੋ ਵੋਟਰ ਐਸੇ ਵੀ ਆਏ, ਜਿਨ੍ਹਾਂ ਉਂਗਲ ’ਤੇ ਲੱਗੀ ਸਿਆਹੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਕੇ ਜਾਅਲੀ ਵੋਟ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਮੈਂ ਪੋਲਿੰਗ ਏਜੰਟਾਂ ਦਾ ਵੀ ਵਿਹਾਰ ਬਦਲਦਾ ਵੇਖਿਆ। ਉਨ੍ਹਾਂ ਵਿੱਚੋਂ ਇੱਕ ਤਾਂ ਆਪਣੀ ਡਿਊਟੀ ਹੀ ਵਿੱਚੇ ਛੱਡ ਗਿਆ। ਨਾ ਹੀ ਉਹਦਾ ਕੋਈ ਬਦਲ ਆਇਆ। ਬਾਕੀ ਜਿਹੜੇ ਦੋ ਰਹਿ ਗਏ, ਉਹ ਮੈਨੂੰ ‘ਮਿਲ ਕੇ ਖੇਡਦੇ’ ਲੱਗੇ। ਮੈਂ ਸਮਝ ਗਿਆ ਕਿ ਇਹ ਸਾਰਾ ਕੁਝ ਗਿਣੀ ਮਿਥੀ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਮੈਂ ਆਪਣੇ ਪੋਲਿੰਗ ਸਟਾਫ ਨੂੰ ਚੌਕੰਨੇ ਕਰ ਦਿੱਤਾ। ਪੁਲੀਸ ਮੁਲਾਜ਼ਮਾਂ ਨੂੰ ਕਹਿ ਦਿੱਤਾ ਕਿ ਇੱਕ ਤੋਂ ਵੱਧ ਵੋਟਰ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਇਉਂ ਅਸਾਂ ਫਿਰ ਬੂਥ ’ਤੇ ਆਪਣੀ ਜਕੜ ਮਜ਼ਬੂਤ ਕਰ ਲਈ। ਮੁੜ ਮੋਬਾਈਲ ਫੋਨ ਦੀ ਘੰਟੀ ਖੜਕੀ। ਇੱਕ ਵੱਡਾ ਅਫ਼ਸਰਸ਼ਾਹ ਸੀ। ‘‘ਕੀ ਰੌਲੈ ਤੁਹਾਡੇ ਬੂਥ ’ਤੇ?’’ ਉਹ ਪੈਂਦੀ ਸੱਟੇ ਬੋਲਿਆ। ‘‘ਨਾ ਸਰ, ਕੋਈ ਰੌਲ਼ਾ ਨਹੀਂ, ਸਭ ਕੁਝ ਠੀਕ ਚੱਲ ਰਿਹੈ।’’ ਮੈਂ ਸਹਿਜ ਸੁਭਾਅ ਉੱਤਰ ਦਿੱਤਾ। ‘‘ਵੋਟਰਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਈ ਸ਼ਿਕਾਇਤ ਮਿਲੀ ਐ।’’ … ਤੇ ‘ਰੌਲ਼ਾ’ ਮੇਰੇ ਸਮਝ ਆ ਗਿਆ। ‘‘ਚਲੋ ਅੱਗੇ ਤੋਂ ਥੋੜ੍ਹਾ ਧਿਆਨ ਰੱਖਿਓ।’’ ਉਹ ਬੋਲਿਆ। ‘‘ਕੀਹਦਾ ਧਿਆਨ ਰੱਖਾਂ… ਆਪਣਾ ਕਿ ‘ਉਨ੍ਹਾਂ’ ਦਾ?’’ ਮੇਰਾ ਪੁੱਛਣ ਨੂੰ ਜੀਅ ਕੀਤਾ। ਏਨੇ ਨੂੰ ਫੋਨ ਬੰਦ ਹੋ ਗਿਆ। ‘ਕਮਾਲ ਐ… ਸਾਰੇ ਇੱਕੋ ਬੋਲੀ ਬੋਲੀ ਜਾਂਦੇ ਐ, ਲਾ ਉਪਰ ਤੋਂ ਲੈ ਕੇ ਹੇਠਾਂ ਤੱਕ, ਤੇ ਇਹ ਮੇਰੇ ਬੂਥ ਦੀਆਂ ‘ਬਾਜ਼ ਅੱਖਾਂ’, ਇਹ ਭਲੇਮਾਣਸ ਆਪਸ ਵਿੱਚ ਹੀ ਅੱਖ ਮਿਲਾਗੇ।’ ਸੋਚਦੇ ਸੋਚਦੇ ਮੇਰਾ ਮਨ ਖਰਾਬ ਹੋਣ ਲੱਗਿਆ। ਸਾਰਾ ਕੁਝ ਹੀ ਜਾਅਲੀ ਲੱਗਣ ਲੱਗਿਆ। ਇਸ ਤੋਂ ਪਹਿਲਾਂ ਕਿ ਮੇਰਾ ਮਨ ਹੋਰ ਖਰਾਬ ਹੁੰਦਾ, ਮੈਂ ਲੰਬੇ ਵਹਿਣਾਂ ’ਚ ਵਹਿਣ ਤੋਂ ਪਹਿਲਾਂ ਆਪਣੇ ਬੂਥ ’ਤੇ ‘ਹਾਜ਼ਰ’ ਹੋ ਗਿਆ। ਹੁਣ ਬੂਥ ਦਾ ਵਾਤਾਵਰਨ ਪਹਿਲਾਂ ਜਿਹਾ ਨਹੀਂ ਰਿਹਾ ਸੀ। ਜਿਵੇਂ ਤਣਾਅ ਦਾ ਪੋਚਾ ਫਿਰ ਗਿਆ ਹੋਵੇ। ਲੋੜੋਂ ਵੱਧ ਚੌਕੰਨੇ ਹੋਣ ਕਰਕੇ ਅਸਹਿਜ ਦਾ ਮਾਹੌਲ ਹੋ ਗਿਆ ਸੀ। ਹੁਣ ਜਦ ਬੀਪ ਦੀ ਆਵਾਜ਼ ਆਉਂਦੀ ਤਾਂ ਇਸ ਵਿਚਲਾ ਰਾਗ ਗੁਆਚ ਗਿਆ ਲੱਗਦਾ।
… … …
ਵੋਟਾਂ ਦੇ ਆਖ਼ਰੀ ਦੋ ਘੰਟੇ ਰਹਿ ਗਏ ਸਨ। ਮੈਂ ਉੱਠ ਕੇ ਬਾਹਰ ਗਿਆ। ਵੋਟਰਾਂ ਦੀ ਲਾਈਨ ਜ਼ਿਆਦਾ ਵੱਡੀ ਨਹੀਂ ਸੀ। ਉਂਝ ਵੀ ਬਾਹਰ ਚੁੱਪ-ਚਾਂ ਸੀ। ਵੋਟਾਂ ਨੇ ਬੱਝਵੀਂ ਚਾਲ ਦੁਬਾਰਾ ਫੜ ਲਈ ਸੀ। ਇੰਝ ਇੱਕ ਵਾਰ ਫਿਰ ਮਾਹੌਲ ਸਹਿਜ ਹੁੰਦਾ ਜਾ ਰਿਹਾ ਸੀ। ਸਾਡੇ ਮੱਥਿਓਂ ਚਿੰਤਾ ਦੀਆਂ ਲਕੀਰਾਂ ਮੱਧਮ ਪੈ ਰਹੀਆਂ ਸਨ। ਮਨ ਫਿਰ ਚੜ੍ਹਦੀ ਕਲਾ ਵਿੱਚ ਆ ਰਿਹਾ ਸੀ। ਮੈਂ ਭਰਵੀਂ ਨਜ਼ਰ ਨਾਲ ਆਪਣੇ ਪੋਲਿੰਗ ਅਫ਼ਸਰਾਂ ਨੂੰ ਨਿਹਾਰਿਆ। ਉਹ ਫਿਰ ਚੰਗੇ ਰਉਂ ਵਿੱਚ ਦਿਸ ਰਹੇ ਸਨ। ਬੀਪ ਦੀ ਆਵਾਜ਼ ਫਿਰ ਰਾਗਬੱਧ ਹੋ ਗਈ ਸੀ। ਇੱਕ ਵਾਰ ਫਿਰ ਸਵੇਰ ਵਾਲੀ ਕਲਪਨਾ ‘ਸਰ ਫ਼ਿਕਰ ਨਾ ਕਰਨਾ, ਪਹਿਲੀ ਵੋਟ ਸਹੀ ਭੁਗਤ ਗਈ ਹੈ, ਆਖ਼ਰੀ ਵੀ…’ ਲਤੇ ਇੱਕ ‘ਸ਼ੂਕਦਾ ਝੱਖੜ’ ਮੇਰੇ ਬੂਥ ਅੰਦਰ ਆ ਵੜਿਆ ਤੇ ਕਲਪਨਾ ਦਾ ਪਿਛਲਾ ਹਿੱਸਾ ਝੱਖੜ ਦੀ ਲਪੇਟ ’ਚ ਆ ਗਿਆ। ਗਿਣਤੀ ਵਿੱਚ ਉਹ ਪੰਜ ਛੇ ਜਣੇ ਸਨ। ਮੈਂ ਉੱਠ ਕੇ ਅਜੇ ਸੰਭਲਣ ਹੀ ਲੱਗਾ ਸੀ ਕਿ ਇੱਕ ਨੇ ਮੈਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਬਾਕੀ ਪੋਲਿੰਗ ਸਟਾਫ ਵੱਲ ਹੋ ਗਏ। ਹੱਥੋਂ ਕਾਗਜ਼ ਪੱਤਰ ਖੋਹ ਕੇ ਪਾੜ ਦਿੱਤੇ। ਇੱਕ ਜਣਾ ਮਸ਼ੀਨ ਦੀਆਂ ‘ਚੀਕਾਂ’ ਕਢਾਉਣ ਲੱਗਿਆ। ਇੰਨੇ ਨੂੰ ਇੱਕ ਪੁਲੀਸ ਵਾਲਾ ਅੰਦਰ ਆ ਗਿਆ। ਉਹ ਉਹਦੇ ਨਾਲ ਉਲਝ ਗਏ। ਉਹ ਬੂਥ ਵਿਚ ਤਿੰਨ ਚਾਰ ਮਿੰਟ ਹੀ ਰਹੇ ਹੋਣਗੇ ਤੇ ਇੰਨੇ ਸਮੇਂ ਵਿੱਚ ਹੀ ਚੰਗੇ ਭਲੇ ਬੂਥ ਨੂੰ ਮੂਧਾ ਮਾਰ ਕੇ ਜਿਵੇਂ ਆਏ ਸੀ, ਉਵੇਂ ਚਲੇ ਗਏ। ਅਸੀਂ ਸਕਤੇ ਵਿੱਚ ਆ ਗਏ ਸਾਂ… ‘‘ਹੈਂ! … ਪਲਾਂ ਵਿੱਚ ਇਹ ਕੀ ਭਾਣਾ ਵਰਤ ਗਿਆ!’’ ਸਾਨੂੰ ਆਪਣੇ ਆਪ ਵਿੱਚ ਆਉਂਦਿਆਂ ਨੂੰ ਪੰਜ ਸੱਤ ਮਿੰਟ ਲੱਗੇ। ਬੂਥ ਦਾ ਘਾਣ ਕੀਤਾ ਪਿਆ ਸੀ। ਮੈਂ ਪੁਲੀਸ ਨੂੰ ਫੋਨ ਕੀਤਾ। ਲਗਭਗ ਪੌਣੇ ਘੰਟੇ ਬਾਅਦ ਇੱਕ ਪੁਲੀਸ ਅਫ਼ਸਰ ਆਪਣੀ ਪਾਰਟੀ ਨਾਲ ਆਇਆ। ‘‘ਚਲੋ, ਚਲੋ, ਕੁਝ ਨਹੀਂ ਹੋਇਆ, ਦੁਬਾਰਾ ਕੰਮ ਸ਼ੁਰੂ ਕਰੋ।’’ ਉਹ ਆਉਂਦਿਆਂ ਹੀ ਬੋਲਿਆ। ਜਿਵੇਂ ਬਾਹਰੋਂ ਹੀ ਸਿੱਖਿਆ ਸਿਖਾਇਆ ਆਇਆ ਸੀ। … ‘‘ਸਰ, ਕਮਾਲ ਕਰਦੇ ਓਂ, ਆਹ ਬੂਥ ਦਾ ਹਾਲ ਦੇਖੋ, ਤੁਸੀਂ ਕਹਿੰਦੇ ਓ ਹੋਇਆ ਕੁਝ ਨਹੀਂ।’’ ਮੇਰਾ ਜ਼ਾਬਤਾ ਟੁੱਟ ਚੁੱਕਾ ਸੀ। ਉਧਰੋਂ ਮੇਰੇ ਪੋਲਿੰਗ ਅਫ਼ਸਰ ਵੀ ਭੜਕ ਪਏ। ਸਾਡੇ ਤੇਵਰ ਦੇਖ ਕੇ ਉਹ ਨਰਮ ਪੈ ਗਿਆ। ਅਸੀਂ ਉਸ ਨੂੰ ਸਾਰੇ ਘਟਨਾਕ੍ਰਮ ਦੀ ਲਿਖਤੀ ਸ਼ਿਕਾਇਤ ਦਿੱਤੀ। ਰੁਕਿਆ ਹੋਇਆ ਚੋਣ ਅਮਲ ਥਾਏਂ ਦਾ ਥਾਏਂ ਰਹਿਣ ਦਿੱਤਾ।
ਅੱਠ ਵਜੇ ਦੇ ਕਰੀਬ ਅਸੀਂ ਇਕੱਤਰ ਕੇਂਦਰ ’ਤੇ ਪਹੁੰਚੇ। ਉੱਥੇ ਇੱਕ ਨਵੀਂ ਹੀ ਗੱਲ ਉੱਭਰ ਕੇ ਸਾਹਮਣੇ ਆਈ ਜਿਸ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ। ਅਖੇ, ‘‘ਬੂਥ ’ਤੇ ਕੁਝ ਵਾਪਰਿਆ ਹੀ ਨਹੀਂ, ਇਹੋ ਜਿਹੀਆਂ ਨਿੱਕੀਆਂ ਮੋਟੀਆਂ ਗੱਲਾਂ ਤਾਂ ਆਮ ਹੀ ਜਾਂਦੀਐਂ। … ਸ਼ਿਕਾਇਤ ਵਾਪਸ ਲੈ ਲਓ…।’’ ‘‘ਹੈਂ!. ਸ਼ਿਕਾਇਤ ਵਾਪਸ ਲੈ ਲਵਾਂ!. ਇਹ ਭਲਾ ਕਿਵੇਂ ਹੋ ਸਕਦੈ! … ਉਹ ਆਏ, ਬੂਥ ਨੂੰ ਪਲਾਂ ਵਿੱਚ ਉਲਟਾ ਕੇ ਉਹ ਗਏ, ਤੇ ਤੁਸੀਂ ਕਹਿੰਦੇ ਹੋ ਕਿ ਸ਼ਿਕਾਇਤ ਵਾਪਸ ਲੈ ਲਵਾਂ!’’ ਮੇਰੇ ਬੋਲਾਂ ਵਿੱਚ ਅਗਨ ਸੀ। ਦੋ ਘੰਟੇ ਦੇ ਕਰੀਬ ਕਸ਼ਮਕਸ਼ ਹੁੰਦੀ ਰਹੀ, ਪਤਾ ਨਹੀਂ ਕਿੱਥੋਂ ਕਿੱਥੋਂ ਤੇ ਕੀਹਦੇ ਕੀਹਦੇ ਫੋਨ ਆਏ। ਸਭ ਦੀ ਇੱਕੋ ‘ਨੇਕ ਸਲਾਹ’: ‘‘ਛੱਡੋ ਪਰ੍ਹਾਂ, ਮਾਮਲਾ ਰਫਾ ਦਫਾ ਕਰੋ ਤੇ ਸਾਮਾਨ ਜਮ੍ਹਾਂ ਕਰਾ ਕੇ ਆਪਣੇ ਘਰ ਆਓ, ਪਿੱਛੋਂ ਕਿਹੜਾ ਮੋਇਆ ਪੁੱਛਦੈ।’’ ਪਰ ਸੱਚ ਜਾਣਨਾ ਦੋਸਤੋ… ਮੈਂ ਡਾਢਿਆਂ ਅੱਗੇ ਅੜ ਗਿਆ ਸੀ। ਖੱਜਲ ਖੁਆਰ ਤਾਂ ਬਥੇਰਾ ਹੋਇਆ ਪਰ ਧਰਮ ਨਹੀਂ ਹਾਰਿਆ।
ਅੱਧੀ ਰਾਤੇ ਘਰ ਆ ਰਿਹਾ ਸਾਂ। ਸੁਰਗਾਂ ਵਿੱਚ ਬੈਠੀ ਬੇਬੇ ਯਾਦ ਆ ਰਹੀ ਸੀ। ਉਹ ਅਕਸਰ ਹੀ ਗੱਲਾਂ ਕਰਦੀ ਕਿਹਾ ਕਰਦੀ ਸੀ: ਗੱਲ ਪੁੱਤ ਰਾਹ ਦੀ ਕਰੀਦੀ ਐ। …‘‘ਹਾਂ, ਬੇਬੇ ਰਾਹ ਦੀ ਗੱਲ ਈ ਕਰ ਕੇ ਆਇਆਂ।’’ ਮੇਰੇ ਬੁੱਲ੍ਹ ਫਰਕੇ। … ਤੇ ਦਿਨ ਭਰ ਦੀ ਖੱਜਲ ਖ਼ੁਆਰੀ ਪਲਾਂ ਵਿੱਚ ਹੀ ਉੱਡ ਪੁੱਡ ਗਈ।
-ਜਸਵਿੰਦਰ ਸੁਰਗੀਤ

Comment here