ਸਿਆਸਤਖਬਰਾਂ

ਚੋਣਾਂ : ਸੰਯੁਕਤ ਸਮਾਜ ਮੋਰਚੇ ਦੇ ਆਗੂ ਰੁਲਦੂ ਸਿੰਘ ਪਿੱਛੇ ਹਟੇ

ਮਾਨਸਾ-ਸੰਯੁਕਤ ਸਮਾਜ ਮੋਰਚੇ ਵੱਲੋਂ ਲੜੀਆਂ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਈ ਅੱਜ ਦੂਜੀ ਸੂਚੀ ਵਿੱਚ ਮਾਨਸਾ ਤੋਂ ਸੀਨੀਅਰ ਕਿਸਾਨ ਆਗੂ ਰੁਲਦੂ ਸਿੰਘ ਅਤੇ ਸਰਦੂਲਗੜ੍ਹ ਹਲਕੇ ਤੋਂ ਬੋਘ ਸਿੰਘ ਮੈਦਾਨ ਵਿੱਚ ਆਉਣ ਤੋਂ ਪਿੱਛੇ ਹਟ ਗਏ ਹਨ। ਸੂਚੀ ਵਿੱਚ ਅਚਾਨਕ ਹੀ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੂੰ ਮਾਨਸਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਮਾਨਸਾ ਦੇ ਇੱਕ ਹੋਰ ਨੌਜਵਾਨ ਮਜ਼ਦੂਰ ਆਗੂ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਦੇ ਜ਼ਿਲ੍ਹੇ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਦੀ ਥਾਂ ਹੁਣ ਅਚਾਨਕ ਹੀ ਭਦੌੜ ਹਲਕੇ (ਰਿਜ਼ਰਵ) ਚੋਣ ਲੜਨ ਦਾ ਨਾਂ ਸੂਚੀ ਵਿੱਚ ਆਉਣ ਮਗਰੋਂ ਸਭ ਨੂੰ ਹੈਰਾਨੀ ਹੋਈ ਹੈ ਜਦਕਿ ਬੁਢਲਾਡਾ ਵਿਧਾਨ ਸਭਾ ਹਲਕੇ (ਰਿਜ਼ਰਵ) ਲਈ ਸੰਯੁਕਤ ਸਮਾਜ ਮੋਰਚੇ ਵੱਲੋਂ ਅਜੇ ਤੱਕ ਕਿਸੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦਿਲਚਸਪ ਗੱਲ ਹੈ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਅੱਜ ਸ਼ਾਮ ਨੂੰ 20 ਸੀਟਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਚੋਣ ਲੜ ਰਹੇ ਕਿਸਾਨ ਸੰਗਠਨਾਂ ਦੀ ਸਹਿਮਤੀ ਬਣ ਗਈ ਹੈ।
ਇਸ ਸੂਚੀ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਦਾ ਨਾਮ ਸ਼ਾਮਲ ਨਾ ਹੋਣ ’ਤੇ ਸਭ ਨੂੰ ਹੈਰਾਨੀ ਹੋਈ ਹੈ ਕਿਉਂਕਿ ਰੁਲਦੂ ਸਿੰਘ ਮਾਨਸਾ ਤੋਂ ਚੋਣ ਲੜਨ ਲਈ ਬਕਾਇਦਾ ਰੂਪ ਵਿੱਚ ਐਲਾਨ ਕਰ ਚੁੱਕੇ ਸਨ ਅਤੇ ਸਰਦੂਲਗੜ੍ਹ ਦੀ ਸੀਟ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਦੇ ਹਿੱਸੇ ਆਈ ਦੱਸੀ ਜਾ ਰਹੀ ਸੀ ਪਰ ਉੱਥੋਂ ਨਵੇਂ ਉਮੀਦਵਾਰ ਦਾ ਨਾਮ ਸੂਚੀ ਵਿੱਚ ਆਉਣ ਮਗਰੋਂ ਹੁਣ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।
ਮੋਰਚੇ ਦੇ ਉਮੀਦਵਾਰਾਂ ਲਈ ਕਰਾਂਗਾ ਪ੍ਰਚਾਰ: ਰੁਲਦੂ ਸਿੰਘ
ਰੁਲਦੂ ਸਿੰਘ ਨੇ ਕਿਹਾ ਕਿ ਉਹ ਹੁਣ ਪੰਜਾਬ ਭਰ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ, ਇਸ ਲਈ ਉਹ ਚੋਣ ਲੜਨ ਤੋਂ ਆਪਸੀ ਸਹਿਮਤੀ ਨਾਲ ਪਾਸੇ ਹਟ ਗਏ ਹਨ। ਕਿਸਾਨ ਆਗੂ ਬੋਘ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਾਨਸਾ ਹਲਕੇ ’ਤੇ ਵੀ ਪੂਰਾ ਹੱਕ ਸੀ ਅਤੇ ਰੁਲਦੂ ਸਿੰਘ ਨੇ ਹੀ ਉਨ੍ਹਾਂ ਤੋਂ ਮਾਨਸਾ ਦੀ ਸੀਟ ਛੁਡਵਾਈ ਸੀ ਅਤੇ ਫਿਰ ਹੀ ਉਨ੍ਹਾਂ ਨੇ ਸਰਦੂਲਗੜ੍ਹ ਜਾਣ ਦਾ ਮਨ ਬਣਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਸੂਚੀ ਜਾਰੀ ਹੋਣ ਮਗਰੋਂ ਉਨ੍ਹਾਂ ਨੂੰ ਰੁਲਦੂ ਸਿੰਘ ਦੇ ਪਿੱਛੇ ਹਟਣ ਦਾ ਪਤਾ ਲੱਗਿਆ ਹੈ, ਜੋ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਹਲਕੇ ਤੋਂ ਛੋਟਾ ਸਿੰਘ ਮੀਆਂ ਉਨ੍ਹਾਂ ਦੀ ਜਥੇਬੰਦੀ ਵਿੱਚ ਲੰਬੇ ਸਮੇਂ ਤੋਂ ਕੰਮ ਕਰਦਾ ਹੈ ਅਤੇ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਉਹ ਸਭ ਤੋਂ ਲੰਬਾ ਸਮਾਂ ਉਸ ਹਲਕੇ ਵਿੱਚੋਂ ਡਟਿਆ ਰਿਹਾ ਹੈ।

Comment here