ਸਿਆਸਤਖਬਰਾਂਚਲੰਤ ਮਾਮਲੇ

ਚੋਣਾਂ ਮਗਰੋਂ ਸਿੱਧੂ ਨੂੰ ਉਹਦੇ ਪਰਿਵਾਰ ਨੇ ਵੀ ਨਹੀਂ ਪੁੱਛਣਾ- ਮਜੀਠੀਆ

ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਦੇ ਚਲਦੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਇੱਕ ਦੂਜੇ ਉਪਰ ਤੰਜ ਕਸਦੇ ਨਜ਼ਰ ਆ ਹੀ ਜਾਂਦੇ ਹਨ। ਕੱਲ੍ਹ ਵੀ ਬਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੱਧੂ ਉਪਰ ਕਾਫੀ ਸ਼ਬਦੀ ਹਮਲੇ ਕੀਤੇ। ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਨਵਜੋਤ ਸਿੱਧੂ ਨੂੰ ਪਿੱਛੇ ਕਰ ਦਿੱਤਾ ਹੈ। ਰਾਹੁਲ ਗਾਂਧੀ ਨੂੰ ਸਿੱਧੂ ਦਾ ਪੰਜਾਬ ਮਾਡਲ ਪੰਸਦ ਨਹੀਂ ਆਇਆ। 20 ਫਰਵਰੀ ਦੀਆਂ ਚੋਣਾਂ ਤੋਂ ਬਾਅਦ ਸਿੱਧੂ ਦਾ ਪਰਿਵਾਰ ਵੀ ਉਸ ਨੂੰ ਨਹੀਂ ਪੁੱਛੇਗਾ। ਇਸਤੇ ਇਲਾਵਾ ਮਜੀਠੀਆ ਨੇ ਮੁੱਖ ਮੰਤਰੀ ਚੰਨੀ ’ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਉਹ ਕਹਿੰਦੇ ਹਨ ਕਿ ਮੈਂ ਸਾਊਂਡ ਦਾ ਕੰਮ ਕਰਦਾ ਰਿਹਾ ਪਰ ਮੈਂ ਅੱਜ ਤਕ ਸਾਊਂਡ ਦਾ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਕਰੋੜਾਂਪਤੀ ਨਹੀਂ ਦੇਖਿਆ। ਮੇਰੇ ਸਰਵੇ ਦੇ ਅਨੁਸਾਰ ਸਾਊਂਡ ਦਾ ਕੰਮ ਕਰਨ ਵਾਲੇ ਨੌਜਵਾਨਾਂ ਚੋਂ ਕਿਸੇ ਦੀ ਤੀਹ ਹਜ਼ਾਰ ਤੋਂ ਵੱਧ ਮਹੀਨੇ ਦੀ ਕਮਾਈ ਨਹੀਂ, ਜਿਸ ਦੇ ਬਾਵਜੂਦ ਚੰਨੀ ਕੋਲੋਂ ਕਰੋੜਾਂ ਰੁਪਏ ਕਿਸ ਤਰ੍ਹਾਂ ਆ ਗਏ? ਹਾਸੇ ਵਾਲੇ ਅੰਦਾਜ਼ ਵਿੱਚ ਮਜੀਠੀਆ ਨੇ ਕਿਹਾ ਕਿ ਹੋ ਸਕਦਾ ਹੈ ਅੰਬਾਨੀ ਤੇ ਅਡਾਨੀ ਚੰਨੀ ਵੱਲ ਦੇਖ ਕੇ ਹੁਣ ਸਾਊਂਡ ਸਿਸਟਮ ਦਾ ਕੰਮ ਖੋਲ੍ਹ ਲੈਣ। ਬੀਤੇ ਦਿਨੀਂ ਰੋਡ ਸ਼ੋਅ ਦੌਰਾਨ ‘ਆਪ’ ਨੇਤਾ ਭਗਵੰਤ ਮਾਨ ’ਤੇ ਹੋਏ ਹਮਲੇ ਮਜੀਠੀਆ ਨੇ ਇਸ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਭਗਵੰਤ ਮਾਨ ਦੀ ਸਿਹਤ ਠੀਕ ਰਹੇ, ਮੈਂ ਇਸ ਲਈ ਅਰਦਾਸ ਕਰਦਾ ਹਾਂ। ਸਿੱਧੂ ਦੇ ਨਸ਼ੇ ਨੂੰ ਲੈ ਕੇ ਦਿੱਤੇ ਬਿਆਨ ’ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਪੰਜ ਸਾਲ ਤਾਂ ਇਨ੍ਹਾਂ ਦੇ ਲਗਾਏ ਹੋਏ ਡੀ.ਜੀ.ਪੀ. ਹੀ ਕੰਮ ਕਰਦੇ ਰਹੇ ਹਨ। ਇਸ ਦੇ ਬਾਵਜੂਦ ਪੰਜਾਬ ’ਚ ਨਸ਼ਾ ਕਿਸ ਤਰ੍ਹਾਂ ਆ ਗਿਆ?

Comment here