ਢਾਕਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਖਿਆ ਹੈ ਕਿ ਭਾਜਪਾ ਇਸ ਸਾਲ ਦਸੰਬਰ ਵਿੱਚ ਹੀ ਲੋਕ ਸਭਾ ਚੋਣਾਂ ਕਰਵਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਚੋਣ ਪ੍ਰਚਾਰ ਲਈ ਸਾਰੇ ਹੈਲੀਕਾਪਟਰ ਪਹਿਲਾਂ ਹੀ ਬੁੱਕ ਕਰ ਲਏ ਹਨ। ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੀ ਯੂਥ ਇਕਾਈ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜੇਕਰ ਭਾਜਪਾ ਲਗਾਤਾਰ ਤੀਜੀ ਵਾਰ ਕੇਂਦਰ ’ਚ ਸਰਕਾਰ ਬਣਾਉਂਦੀ ਹੈ ਤਾਂ ਦੇਸ਼ ਨੂੰ ਤਾਨਾਸ਼ਾਹੀ ਸ਼ਾਸਨ ਦਾ ਸਾਹਮਣਾ ਕਰਨਾ ਪਵੇਗਾ। ਮੈਨੂੰ ਸ਼ੱਕ ਹੈ ਕਿ ਉਹ (ਭਾਜਪਾ) ਦਸੰਬਰ 2023 ਵਿੱਚ ਹੀ ਲੋਕ ਸਭਾ ਚੋਣਾਂ ਕਰਵਾ ਸਕਦੇ ਹਨ… ਭਾਜਪਾ ਨੇ ਪਹਿਲਾਂ ਹੀ ਸਾਡੇ ਦੇਸ਼ ਨੂੰ ਭਾਈਚਾਰਿਆਂ ਦੇ ਨਾਂ ’ਤੇ ਵੰਡ ਦਿੱਤਾ ਹੈ ਅਤੇ ਜੇਕਰ ਉਹ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਇਹ ਸਾਡੇ ਦੇਸ਼ ਨੂੰ ਨਫ਼ਰਤ ਦਾ ਦੇਸ਼ ਬਣਾ ਦੇਣਗੇ।’’
ਮਮਤਾ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ‘ਪਹਿਲਾਂ ਹੀ ਸਾਰੇ ਹੈਲੀਕਾਪਟਰ ਬੁੱਕ’ ਕਰ ਲਏ ਹਨ ਤਾਂ ਜੋ ਹੋਰ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਲਈ ਇਨ੍ਹਾਂ ਦੀ ਵਰਤੋਂ ਨਾ ਕਰ ਸਕਣ। ਉਨ੍ਹਾਂ ਸੂਬੇ ਵਿੱਚ ਨਾਜਾਇਜ਼ ਪਟਾਕਾ ਫੈਕਟਰੀ ’ਚ ਹੋਏ ਧਮਾਕੇ ਸਬੰਧੀ ਗ਼ੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਕੁੱਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਮਮਤਾ ਨੇ ਦੋਸ਼ ਲਾਇਆ ਕਿ ‘ਕੁੱਝ ਪੁਲਿਸ ਕਰਮੀਆਂ ਦੀ ਮਦਦ ਨਾਲ’ ਅਜਿਹਾ ਹੋ ਰਿਹਾ ਹੈ।
ਚੋਣਾਂ-ਭਾਜਪਾ ਨੇ ਸਾਰੇ ਹੈਲੀਕਾਪਟਰ ਬੁੱਕ ਕੀਤੇ : ਮਮਤਾ

Comment here