ਅਪਰਾਧਖਬਰਾਂਚਲੰਤ ਮਾਮਲੇ

ਚੋਣਾਂ ਨੇੜੇ ਫਿਰ ਭਖਿਆ ਬਰਗਾੜੀ ਬੇਅਦਬੀ ਮਾਮਲਾ

ਬਠਿੰਡਾ-ਪੰਜਾਬ ‘ਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਕਰੀਬ ਅੱਠ ਸਾਲ ਦਾ ਸਮਾਂ ਹੋ ਚੁੱਕਿਆ। ਇਨਸਾਫ਼ ਲਈ ਅੱਜ ਵੀ ਪਰਿਵਾਰ ਦਰ -ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਗਏ ਹਨ। ਪਹਿਲਾਂ ਕਾਂਗਰਸ ਤੇ ਹੁਣ ਮੌਜੂਦਾ ਆਪ ਸਰਕਾਰ ਵਲੋਂ ਇੰਨ੍ਹਾਂ ਮਸਲਿਆਂ ‘ਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੇ ਵਾਅਦੇ ਕੀਤੇ ਸੀ ਪਰ ਜੋ ਸਿਰਫ਼ ਚੋਣ ਜੁਮਲੇ ਬਣ ਕੇ ਰਹਿ ਗਏ ਹਨ। ਹੁਣ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਪੰਜਾਬ ਵਿੱਚ ਇੱਕ ਵਾਰ ਫਿਰ ਬੇਅਦਬੀ ਦਾ ਮੁੱਦਾ ਗਰਮਾਉਣ ਲੱਗਿਆ ਹੈ। ਬਰਗਾੜੀ ਬੇਅਦਬੀ ਮਾਮਲੇ ਵਿੱਚ ਅੱਠ ਸਾਲ ਦਾ ਸਮਾਂ ਬੀਤ ਜਾਣ ‘ਤੇ ਕੇਸ ਦੀ ਪੈਰਵਾਈ ਕਰ ਰਹੇ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਪੰਜਾਬ ਸਰਕਾਰ ਅਤੇ ਇਸ ਕੇਸ ਵਿੱਚ ਬਣਾਈ ਗਈ ਸਿੱਟ ‘ਤੇ ਕਈ ਤਰਾਂ ਦੇ ਸਵਾਲ ਖੜੇ ਕੀਤੇ ਹਨ।
ਵਕੀਲ ਖਾਰਾ ਨੇ ਕਿਹਾ ਕਿ ਚਾਰ ਮਾਰਚ ਨੂੰ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਚਲਾਣ ਪੇਸ਼ ਹੋਣ ਤੋਂ ਬਾਅਦ ਸ਼ੁਕਰਾਨੇ ਵਜੋਂ ਪਾਏ ਗਏ ਭੋਗ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਰੋਸਾ ਦਵਾਇਆ ਸੀ ਕਿ 31 ਮਾਰਚ 2023 ਤੱਕ ਬਰਗਾੜੀ ਬੇਅਦਬੀ ਮਾਮਲੇ ਵਿੱਚ ਚਲਾਨ ਪੇਸ਼ ਕਰ ਦਿੱਤਾ ਜਾਵੇਗਾ ਅਤੇ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਆਉਣ ‘ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸੀ ਕਿ ਤੁਰੰਤ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਪਰ ਅੱਜ ਚਾਰ ਮਹੀਨੇ ਤੋਂ ਉੱਤੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਇੱਕ-ਦੋ ਵਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਫੋਨ ਚੁੱਕਿਆ ਗਿਆ ਪਰ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਜਾ ਕੇ ਮਿਲਣ ਦੇ ਬਾਵਜੂਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬਰਗਾੜੀ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿਲਚਸਪੀ ਨਹੀਂ ਦਿਖਾਈ ਗਈ।
ਇਸ ਦੇ ਨਾਲ ਹੀ ਵਕੀਲ ਹਰਪਾਲ ਸਿੰਘ ਖਾਰਾ ਦਾ ਕਹਿਣਾ ਕਿ ਉਧਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋ ਬਣਾਈ ਗਈ ਐਸਆਈਟੀ ਨੂੰ ਅਦਾਲਤ ਵੱਲੋਂ ਵਾਰ-ਵਾਰ ਬੁਲਾਇਆ ਜਾ ਰਿਹਾ ਹੈ ਪਰ ਉਹ ਪੇਸ਼ ਨਹੀਂ ਹੋ ਰਹੇ ਅਤੇ ਇਹ ਕਹਿ ਕੇ ਐਸਆਈਟੀ ਵੱਲੋਂ ਪੱਲਾ ਝਾੜਿਆ ਜਾ ਰਿਹਾ ਹੈ ਕਿ ਤੁਸੀਂ ਅਦਾਲਤ ਵਿੱਚ ਅਰਜ਼ੀ ਲਗਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਦੱਈ ਪੱਖ 156 ਸੀਆਰਪੀਸੀ ਤਹਿਤ ਆਪਣੇ ਬਿਆਨ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਵਲੋਂ ਅਦਾਲਤ ਵਿੱਚ ਅਰਜ਼ੀ ਲਗਾਈ ਜਾਂਦੀ ਹੈ ਕਿ ਇਹ ਬਿਆਨ ਦਰਜ ਨਹੀਂ ਹੋਣੇ ਚਾਹੀਦੇ।
ਵਕੀਲ ਖਾਰਾ ਦਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਦੀ ਤਰਜ਼ ‘ਤੇ ਆਮ ਆਦਮੀ ਪਾਰਟੀ ਵੱਲੋਂ ਇਸ ਮੁੱਦੇ ਨੂੰ ਸਿਰਫ ਚੋਣ ਮੁੱਦੇ ਵਜੋਂ ਵਰਤਿਆ ਜਾ ਰਿਹਾ ਹੈ। ਪਹਿਲਾਂ ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਵੀ ਅਜਿਹਾ ਹੀ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਠ ਸਾਲ ਇਸ ਕੇਸ ਨੂੰ ਚੱਲਦੇ ਹੋ ਗਏ ਹਨ ਅਤੇ ਡੇਢ ਸਾਲ ਤੋਂ ਉੱਪਰ ਇਸ ਕੇਸ ਦੇ ਮੁਦੱਈ ਸੁਖਰਾਜ ਸਿੰਘ ਨੂੰ ਸੰਘਰਸ਼ ਕਰਦੇ ਨੂੰ ਹੋ ਗਿਆ ਹੈ। ਅੱਠ ਸਾਲਾਂ ਵਿੱਚ ਇਸ ਕੇਸ ਦੇ ਗਵਾਹਾਂ ਕੀ ਦਿਲਚਸਪੀ ਰਹਿ ਜਾਵੇਗੀ ਕਿਉਂਕਿ ਹੌਲੀ ਹੌਲੀ ਉਹਨਾਂ ਦੀ ਉਮਰ ਵੱਡੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਵੱਲੋਂ ਬਰਗਾੜੀ ਬੇਅਦਬੀ ਨੂੰ ਲਮਕਾਇਆ ਜਾ ਰਿਹਾ ਹੈ, ਉਸ ਹਿਸਾਬ ਨਾਲ ਲੱਗਦਾ ਹੈ ਕਿ ਇਹਨਾਂ ਦਾ ਸਾਬਕਾ ਉਪ ਮੁੱਖ ਮੰਤਰੀ ਨਾਲ ਸਮਝੌਤਾ ਹੋ ਗਿਆ ਹੈ ਅਤੇ ਸਿੱਖਾਂ ਨੂੰ ਕਿਸੇ ਵੀ ਹਾਲਤ ਵਿੱਚ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ।

Comment here