ਸਾਹਿਤਕ ਸੱਥਵਿਸ਼ੇਸ਼ ਲੇਖ

ਚੁੰਝ ਵੇ ਤੇਰੀ ਕਾਲਿਆ ਕਾਵਾਂ ਮੈਂ ਸੋਨੇ ਨਾਲ ਮੜ੍ਹਾਵਾਂ…

ਮੁੱਢ ਕਦੀਮ ਤੋਂ ਹੀ ਮਨੁੱਖ ਦਾ ਪੰਛੀਆਂ ਨਾਲ ਸਬੰਧ ਰਿਹਾ ਹੈ। ਉਹ ਸ਼ੌਕ ਤੇ ਆਪਣੀਆਂ ਲੋੜਾਂ ਲਈ ਪੰਛੀਆਂ ਨੂੰ ਪਾਲਦਾ ਆ ਰਿਹਾ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਤੋਂ ਪਹਿਲਾਂ ਤਾਂ ਮਨੁੱਖ ਦਾ ਜੀਵਨ ਬਹੁਤ ਜ਼ਿਆਦਾ ਪੰਛੀਆਂ ’ਤੇ ਨਿਰਭਰ ਹੁੰਦਾ ਸੀ। ਕੁੱਕੜ ਦੇ ਬਾਂਗ ਦੇਣ ਤੇ ਚਿੜੀ ਦੇ ਚੂਕਣ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਸੀ। ਕਬੂਤਰ ਕਾਸਦ ਦਾ ਕੰਮ ਕਰਦੇ ਸਨ। ਸ਼ਿਕਾਰੀ ਕਿਸਮ ਦੇ ਲੋਕ ਬਾਜ਼ ਨੂੰ ਪਾਲਦੇ ਸਨ, ਪਰ ਇਸ ਸਭ ਦੇ ਨਾਲ ਕਾਂ ਦਾ ਵੀ ਮਨੁੱਖੀ ਜੀਵਨ ਵਿੱਚ ਵਿਸ਼ੇਸ਼ ਮਹੱਤਵ ਸੀ। ਪੁਰਾਤਨ ਸਮੇਂ ਵਿੱਚ ਮਨੁੱਖ ਨੇ ਜਦੋਂ ਅਜੇ ਕੰਪਾਸ ਦੀ ਖੋਜ ਨਹੀਂ ਕੀਤੀ ਸੀ ਤਾਂ ਉਸ ਵਕਤ ਜਦੋਂ ਵਪਾਰੀ ਸਮੁੰਦਰ ਜਾਂ ਜੰਗਲਾਂ ਵਿੱਚ ਯਾਤਰਾ ਕਰਦੇ ਰਸਤਾ ਭਟਕ ਜਾਂਦੇ ਸਨ ਤਾਂ ਉਹ ਆਪਣੇ ਨਾਲ ਰੱਖੇ ਕਾਵਾਂ ਨੂੰ ਛੱਡ ਦਿੰਦੇ ਸਨ। ਕਾਵਾਂ ਦੇ ਉੱਡਣ ਨਾਲ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿਨਾਰਾ ਕਿੱਧਰ ਹੈ ਜਾਂ ਮਨੁੱਖੀ ਆਬਾਦੀ ਕਿਸ ਦਿਸ਼ਾ ਵੱਲ ਹੈ। ਕਾਂ ਦਿਨ ਸਮੇਂ ਹਮੇਸ਼ਾਂ ਆਬਾਦੀ ਵੱਲ ਨੂੰ ਉੱਡਦਾ ਹੈ ਜਿਸ ਕਰਕੇ ਉਹ ਆਪਣੀ ਮੰਜ਼ਿਲ ਤੱਕ ਜਾਂ ਮਨੁੱਖੀ ਆਬਾਦੀ ਤੱਕ ਪਹੁੰਚ ਜਾਂਦੇ ਸਨ। ਕਾਂ ਦੇ ਬਨੇਰੇ ’ਤੇ ਬੋਲਣ ਨਾਲ ਘਰ ਵਿੱਚ ਪ੍ਰਾਹੁਣਾ ਜਾਂ ਮਹਿਮਾਨ ਆਉਣ ਦੀ ਮਿੱਥ ਵੀ ਇਸ ਕਰਕੇ ਹੀ ਕਾਂ ਨਾਲ ਜੁੜੀ ਹੋਈ ਮੰਨੀ ਜਾਂਦੀ ਹੈ ਕਿਉਂਕਿ ਕਾਂ ਪਿੱਛੇ ਕੋਈ ਨਾ ਕੋਈ ਘਰ ਵਿੱਚ ਆ ਜਾਂਦਾ ਸੀ।
ਕਬੂਤਰ ਤੇ ਤੋਤਾ ਪਿਆਰ ਤੇ ਮਿਲਾਪ ਦੇ ਪੰਛੀ ਮੰਨੇ ਜਾਂਦੇ ਸਨ ਕਿਉਂਕਿ ਇਹ ਸੁਨੇਹੇ ਲੈ ਕੇ ਆਉਂਦੇ ਸਨ, ਪਰ ਵਿਛੋੜੇ ਵਿੱਚ ਕਾਂ ਨੂੰ ਯਾਦ ਕੀਤਾ ਜਾਂਦਾ ਸੀ। ਜਦੋਂ ਕਿਸੇ ਮੁਟਿਆਰ ਦਾ ਮਾਹੀ, ਮਹਿਬੂਬ ਦੂਰ ਹੁੰਦਾ ਸੀ ਤਾਂ ਉਹ ਔਸੀਆਂ ਪਾਉਂਦੀ ਕਾਵਾਂ ਹੱਥ ਸੁਨੇਹਾ ਦਿੰਦੀ ਸੀ:
ਚੁੰਝ ਵੇ ਤੇਰੀ ਕਾਲਿਆ ਕਾਵਾਂ ਮੈਂ ਸੋਨੇ ਨਾਲ ਮੜ੍ਹਾਵਾਂ
ਜਾਹ ਆਖੀਂ ਮੇਰੇ ਮਾਹੀਏ ਨੂੰ ਮੈਂ ਨਿੱਤ ਔਸੀਆਂ ਪਾਵਾਂ।
..
ਕਿਤੋਂ ਬੋਲ ਵੇ ਚੰਦਰਿਆ ਕਾਵਾਂ
ਕੋਇਲਾਂ ਕੂਕਦੀਆਂ।
..
ਕਾਂ ਨਾਲ ਮਨੁੱਖ ਦਾ ਗਹਿਰਾ ਸਬੰਧ ਹੋਣ ਕਰਕੇ ਹੀ ਇਸ ਦਾ ਜ਼ਿਕਰ ਸਾਡੇ ਸੱਭਿਆਚਾਰ, ਲੋਕਧਾਰਾ ਦੇ ਨਾਲ ਨਾਲ ਮੁਹਾਵਰੇ, ਅਖਾਣ, ਬਾਲ ਕਹਾਣੀਆਂ, ਬੋਲੀਆਂ, ਸਿੱਠਣੀਆਂ ਤੇ ਸਾਡੇ ਲੋਕ ਗੀਤਾਂ ਵਿੱਚ ਹੁੰਦਾ ਹੈ:
ਖਾਧੇ ਸੀ ਮਾਂਹ ਜੰਮੇ ਸੀ ਕਾਂ
ਕਾਵਾਂ ਰੌਲੀ ਪਾਉਂਦੀਆਂ
ਨਾਜ਼ਰ ਤੇਰੀਆਂ ਨਾਨਕੀਆਂ।
..
ਪਾਣੀ ਛੰਨੇ ਵਿੱਚੋਂ ਕਾਂ ਪੀਤਾ
ਤੇਰੇ ’ਚੋਂ ਰੱਬ ਦਿਸਿਆ
ਤੈਨੂੰ ਸਜਦਾ ਹੀ ਤਾਂ ਕੀਤਾ।
..
ਕੋਈ ਉੱਡਦਾ ਕਾਂ ਜਾਂਦਾ
ਇਸ਼ਕ ਮੁਕਾ ਦਿੰਦਾ
ਲੱਗ ਮੌਤ ਦਾ ਨਾਂ ਜਾਂਦਾ।
ਪੰਜਾਬੀ ਲੋਕਧਾਰਾ ਵਿੱਚ ਅਨੇਕਾਂ ਕਹਾਣੀਆਂ ਕਾਂ ਤੇ ਚਿੜੀ ਨਾਲ ਸਬੰਧਿਤ ਮਿਲਦੀਆਂ ਹਨ ਜਿਨ੍ਹਾਂ ਵਿੱਚ ਕਾਂ ਨੂੰ ਜਰਵਾਣਾ ਪਾਤਰ ਤੇ ਚਿੜੀ ਨੂੰ ਮਜ਼ਲੂਮ ਪਾਤਰ ਬਣਾ ਕੇ ਪੇਸ਼ ਕੀਤਾ ਗਿਆ ਹੈ। ਹਰ ਕਹਾਣੀ ਵਿੱਚ ਕਾਂ ਧੱਕਾ ਕਰਦਾ ਦਿਖਾਇਆ ਜਾਂਦਾ ਹੈ, ਪਰ ਅੰਤ ਵਿੱਚ ਚਿੜੀ ਦੀ ਜਿੱਤ ਦਿਖਾਈ ਜਾਂਦੀ ਹੈ। ਇਸੇ ਤਰ੍ਹਾਂ ਹੀ ਅਖਾਣ, ਮੁਹਾਵਰਿਆਂ ਵਿੱਚ ਵੀ ਕਾਂ ਦਾ ਨਾਂ ਆਉਂਦਾ ਹੈ:
* ਕਾਵਾਂ ਦੇ ਕਿਹਾਂ ਢੱਗੇ ਨਹੀਂ ਮਰਦੇ।
* ਕਾਂ ਕਾਵਾਂ ਦੇ, ਭਰਾ ਭਰਾਵਾਂ ਦੇ।
ਇਸ ਤੋਂ ਇਲਾਵਾ ਗੁਰਬਾਣੀ ਵਿੱਚ ਕਾਂ ਨੂੰ ਮਨਮੁਖ ਤੇ ਹੰਸ ਨੂੰ ਗੁਰਮੁਖ ਕਿਹਾ ਗਿਆ ਹੈ। ਕਈ ਥਾਈਂ ਤੁਲਨਾਤਮਕ ਅਲੰਕਾਰ ਦੇ ਰੂਪ ਵਿੱਚ ਵਰਤਿਆ ਗਿਆ ਹੈ ਤੇ ਜਿੱਥੇ ਪ੍ਰਭੂ ਤੋਂ ਵਿਸਰੇ ਮਨੁੱਖ ਦੀ ਤੁਲਨਾ ਕਾਂ ਨਾਲ ਕੀਤੀ ਹੈ:
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ।।
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ ਗੁਰਮਤਿ ਨਾਮੁ ਰਿਦੈ ਮਲੁ ਧੋਹੈ।।
..
ਕਲਰ ਕੇਰੀ ਛਪੜੀ, ਕਊਆ ਮਲਿ ਮਲਿ ਨਾਇ।।
ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ।।
ਬਾਬਾ ਫ਼ਰੀਦ ਜੀ ਨੇ ਵੀ ਆਪਣੇ ਸ਼ਲੋਕਾਂ ਵਿੱਚ ਸਰੀਰ ਵਿਚਲੇ ਵਿਕਾਰਾਂ ਦੀ ਤੁਲਨਾ ਕਾਂ ਨਾਲ ਕੀਤੀ ਹੈ। ਬਾਬਾ ਫ਼ਰੀਦ ਜੀ ਕਹਿੰਦੇ ਹਨ ਕਿ ਜੇਕਰ ਗੁਰੂ ਦੀ ਨਦਰ ਹੋ ਜਾਵੇ ਤਾਂ ਵਿਕਾਰਾਂ ਨਾਲ ਭਰਿਆ ਮਨੁੱਖ ਵੀ ਗੁਰਮੁਖ ਬਣ ਜਾਂਦਾ ਹੈ।
ਫਰੀਦਾ ਤਨੁ ਸੁਕਾ ਪਿੰਜਰੁ ਥੀਆ, ਤਲੀਆਂ ਖੂੰਡਹਿ ਕਾਗ।।
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ।।
..
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ।।
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ।।
ਕਾਂ ਦਾ ਪੁਰਾਤਨ ਧਰਮ ਗ੍ਰੰਥਾਂ ਤੇ ਵੇਦਾਂ ਵਿੱਚ ਵੀ ਜ਼ਿਕਰ ਆਉਂਦਾ ਹੈ। ਇੱਕ ਕਥਾ ਅਨੁਸਾਰ ਮਹਾਭਾਰਤ ਕਾਲ ਵਿੱਚ ਜਦੋਂ ਯੁਧਿਸ਼ਟਰ ਹਿਮਾਲਿਆ ’ਤੇ ਗਏ ਸਨ ਤਾਂ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਕਾਂ ਵੀ ਗਿਆ ਸੀ ਜਿਸ ਕਰਕੇ ਕਾਂ ਨੂੰ ਸਵਰਗ ਦੀ ਪ੍ਰਾਪਤੀ ਹੋਈ ਸੀ। ਪਰ ਕਾਂ ਨੂੰ ਇਹ ਮਾਣ ਸਨਮਾਨ ਸ਼ਰਾਧਾਂ ਵਿੱਚ ਹੀ ਮਿਲਦਾ ਹੈ। ਸ਼ਰਾਧ ਪੱਖ ਵਿੱਚ ਜਦੋਂ ਲੋਕ ਆਪਣੇ ਵੱਡੇ ਵਡੇਰਿਆਂ ਦੇ ਸ਼ਰਾਧ ਕਰਦੇ ਹਨ ਤਾਂ ਪਹਿਲੀ ਪੱਤਲ ਕਾਂ ਦੀ ਕੱਢਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਕਾਂ ਨੂੰ ਖਵਾਇਆ ਭੋਜਨ ਮ੍ਰਿਤ ਵਿਅਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਰਮਾਇਣ ਵਿੱਚ ਵੀ ਸ੍ਰੀ ਰਾਮ ਚੰਦਰ ਦਾ ਇੱਕ ਕਾਂ ਨਾਲ ਪਿਆਰ ਤੇ ਖੇਡ ਚੋਹਲ ਵਿਖਾਏ ਗਏ ਹਨ ਭਾਵੇਂ ਕਿ ਉੱਥੇ ਵੀ ਕਾਂ ਦੀ ਅੱਖ ਸ੍ਰੀ ਰਾਮ ਚੰਦਰ ਜੀ ਦੇ ਹੱਥ ਵਿੱਚ ਫੜੀ ਰੋਟੀ ’ਤੇ ਹੈ। ਕ੍ਰਿਸ਼ਨ ਲੀਲਾ ਵਿੱਚ ਵੀ ਇੱਕ ਕਾਲਾ ਕਾਂ ਕ੍ਰਿਸ਼ਨ ਦੇ ਹੱਥੋਂ ਰੋਟੀ ਤੇ ਮੱਖਣ ਖੋਹ ਕੇ ਲੈ ਜਾਂਦਾ ਹੈ।
ਕਾਂ ਇੱਕ ਚੁਸਤ ਤੇ ਚਲਾਕ ਪੰਛੀ ਹੈ ਤੇ ਜਿਸ ਨੂੰ ਚੰਗੇ ਮਾੜੇ ਦੀ ਬਿੜਕ ਦੂਜੇ ਪੰਛੀਆਂ ਦੇ ਮੁਕਾਬਲੇ ਪਹਿਲਾਂ ਹੋ ਜਾਂਦੀ ਹੈ। ਇਹ ਕਾਰਵਿਡੀ ਕੁਲ ਦਾ ਮੈਂਬਰ ਹੈ ਤੇ ਕਾਰਵਸ ਪ੍ਰਜਾਤੀ ਦੀਆਂ ਲਗਪਗ 20 ਪ੍ਰਜਾਤੀਆਂ ਨੂੰ ਕਾਂ ਜਾਂ ਅੰਗਰੇਜ਼ੀ ਵਿੱਚ ਕ੍ਰੋ ਕਿਹਾ ਜਾਂਦਾ ਹੈ। ਕਾਂ ਦੀ ਨਿਊ ਕੈਲੇਡੋਨੀਅਨ ਨਸਲ ਸਭ ਤੋਂ ਸਿਆਣੀ ਮੰਨੀ ਜਾਂਦੀ ਹੈ। ਭਾਰਤ ਵਿੱਚ ਪਾਇਆ ਜਾਣ ਵਾਲਾ ਘਰੇਲੂ ਕਾਂ ਕਾਰਵਸ ਸਪਲੈਂਡੈਸ ਪ੍ਰਜਾਤੀ ਦਾ ਹੈ ਤੇ ਇਹ ਭਾਰਤ, ਬਰਮਾ, ਸ੍ਰੀਲੰਕਾ ਸਮੇਤ ਮਲੇਸ਼ੀਆ ਤੱਕ ਪਾਇਆ ਜਾਂਦਾ ਹੈ। ਇਹ ਮਨੁੱਖੀ ਆਬਾਦੀ ਵਿੱਚ ਰਹਿੰਦਾ ਵੀ ਉਸ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖਦਾ ਹੈ। ਇਸ ਕਰਕੇ ਹੀ ਇਹ ਆਪਣਾ ਆਲ੍ਹਣਾ ਨਹਿਰ ਦੇ ਕਿਨਾਰੇ ਉੱਚੇ ਦਰੱਖਤਾਂ ਜਾਂ ਬੀੜ ਵਿੱਚ ਬਣਾਉਂਦਾ ਹੈ। ਕਾਂ ਹਮੇਸ਼ਾਂ ਝੁੰਡਾਂ ਵਿੱਚ ਰਹਿੰਦਾ ਹੈ ਜਿਸ ਵਿੱਚ ਉਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੁੰਦੀ ਹੈ, ਪਰ ਜਦੋਂ ਉਹ ਚੋਗ ਲੈਣ ਜਾਂਦੇ ਹਨ ਤਾਂ ਉਹ ਛੋਟੇ ਝੁੰਡਾਂ ਵਿੱਚ ਵੰਡੇ ਜਾਂਦੇ ਹਨ। ਦਿਨ ਸਮੇਂ ਇਹ ਦੂਰ ਤੱਕ ਨਿਕਲ ਜਾਂਦੇ ਹਨ, ਪਰ ਰਾਤ ਪੈਣ ਤੋਂ ਪਹਿਲਾਂ ਆਪਣੇ ਟਿਕਾਣਿਆਂ ’ਤੇ ਵਾਪਸ ਆ ਜਾਂਦੇ ਹਨ।
ਕਾਵਾਂ ਦੀਆਂ ਸੰਸਾਰ ਵਿੱਚ ਬਹੁਤ ਸਾਰੀਆਂ ਨਸਲਾਂ ਪਾਈਆਂ ਜਾਂਦੀਆਂ ਹਨ, ਪਰ ਆਕਾਰ ਤੇ ਅਨੁਪਾਤ ਮੁਤਾਬਕ ਇਨ੍ਹਾਂ ਵਿੱਚ ਘੱਟ ਹੀ ਭਿੰਨਤਾ ਵੇਖਣ ਨੂੰ ਮਿਲਦੀ ਹੈ। ਹਰ ਨਸਲ ਦੀ ਆਵਾਜ਼ ਵਿੱਚ ਥੋੜ੍ਹਾ ਫਰਕ ਜ਼ਰੂਰ ਹੁੰਦਾ ਹੈ। ਆਮ ਜੀਵਾਂ ਦੇ ਮੁਕਾਬਲੇ ਕਾਂ ਦਾ ਦਿਮਾਗ਼ ਥੋੜ੍ਹਾ ਵੱਡਾ ਹੁੰਦਾ ਹੈ। ਜਿਸ ਕਰਕੇ ਹੀ ਉਹ ਨੁਕਸਾਨ ਪਹੁੰਚਾਉਣ ਵਾਲੇ ਚਿਹਰੇ ਦੀ ਪਛਾਣ ਰੱਖਣ ਦੀ ਸੂਝ ਰੱਖਦਾ ਹੈ। ਇਸ ਸੂਝ ਸਦਕਾ ਹੀ ਜਦੋਂ ਕਿਸੇ ਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਸਾਥੀ ਇਕੱਠੇ ਹੋ ਕੇ ਸੋਗ ਮਨਾਉਂਦੇ ਹਨ ਤੇ ਕਾਵਾਂ ਰੌਲੀ ਪਾ ਦਿੰਦੇ ਹਨ।
ਕਾਂ ਦੀ ਅੱਖ ਬਹੁਤ ਤੇਜ਼ ਹੁੰਦੀ ਹੈ ਇਸ ਕਰਕੇ ਹੀ ਕਿਸੇ ਤੇਜ਼ ਤਰਾਰ ਵਿਅਕਤੀ ਦੀ ਤੁਲਨਾ ਕਾਂ ਨਾਲ ਕੀਤੀ ਜਾਂਦੀ ਹੈ। ਕਾਂ ਦੀ ਪ੍ਰਜਣਨ ਕਿਰਿਆ ਅਪਰੈਲ ਤੋਂ ਜੂਨ ਮਹੀਨਿਆਂ ਵਿਚਕਾਰ ਹੁੰਦੀ ਹੈ ਤੇ ਕਾਂ ਦੇ ਬੱਚਿਆਂ ਨੂੰ ਕਾਕੜੇ ਕਿਹਾ ਜਾਂਦਾ ਹੈ। ਬੱਚਿਆਂ ਦਾ ਪਾਲਣ-ਪੋਸ਼ਣ ਨਰ ਤੇ ਮਾਦਾ ਕਾਂ ਦੋਵੇਂ ਮਿਲ ਕੇ ਕਰਦੇ ਹਨ। ਕਾਂ ਇੱਕ ਸਰਬਆਹਾਰੀ ਪੰਛੀ ਹੈ, ਇਸ ਲਈ ਉਹ ਘੁੱਗੀ ਤੇ ਦੂਜੇ ਹੋਰ ਪੰਛੀਆਂ ਦੇ ਆਂਡੇ ਭੰਨ ਕੇ ਪੀ ਜਾਂਦਾ ਹੈ।
ਭਾਰਤ ਵਿੱਚ ਤਿੰਨ ਤਰ੍ਹਾਂ ਦੇ ਕਾਂ ਪਾਏ ਜਾਂਦੇ ਹਨ ਜਿਨ੍ਹਾਂ ਵਿੱਚ ਘੋਗੜ ਕਾਂ, ਜੰਗਲੀ ਜਾਂ ਪਹਾੜੀ ਕਾਂ ਤੇ ਘਰੇਲੂ ਕਾਂ ਹਨ। ਜੇਕਰ ਘੋਗੜ ਕਾਂ ਦੀ ਗੱਲ ਕਰੀਏ ਤਾਂ ਇਹ ਆਮ ਕਾਵਾਂ ਨਾਲੋਂ ਆਕਾਰ ਵਿੱਚ ਥੋੜ੍ਹੇ ਜਿਹੇ ਵੱਡੇ ਹੁੰਦੇ ਹਨ। ਇਹ ਰੌਲਾ ਵੀ ਘੱਟ ਪਾਉਂਦੇ ਹਨ ਤੇ ਇਹ ਸੁਸਤ ਕਿਸਮ ਦੇ ਹੁੰਦੇ ਹਨ। ਇਹ ਜ਼ਿਆਦਤਰ ਗੰਦੀਆਂ ਥਾਵਾਂ ’ਤੇ ਰਹਿੰਦੇ ਹਨ। ਜੰਗਲੀ ਕਾਂ ਆਕਾਰ ਵਿੱਚ ਛੋਟੇ ਹੁੰਦੇ ਹਨ ਅਤੇ ਇਹ ਆਬਾਦੀ ਤੋਂ ਦੂਰ ਪਹਾੜਾਂ ਜਾਂ ਜੰਗਲਾਂ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਪਾਏ ਜਾਣ ਵਾਲੇ ਘਰੇਲੂ ਕਾਂ ਦੀ ਗਰਦਨ ਤੇ ਛਾਤੀ ਸੁਰਮਈ ਤੇ ਬਾਕੀ ਸਾਰਾ ਰੰਗ ਕਾਲਾ ਹੁੰਦਾ ਹੈ। ਉਸ ਦੀ ਪੂਛ ਵਿੱਚ ਚਮਕੀਲੇ, ਕਾਸ਼ਨੀ, ਨੀਲੇ ਅਤੇ ਹਰੇ ਰੰਗ ਦੀ ਭਾਹ ਹੁੰਦੀ ਹੈ। ਇਹ ਮਨੁੱਖੀ ਆਬਾਦੀ ਨੇੜੇ ਪਿੰਡਾਂ, ਸ਼ਹਿਰਾਂ ਵਿੱਚ ਰਹਿੰਦੇ ਹਨ। ਇਹ ਕੀੜੇ ਮਕੌੜੇ, ਟੁੱਕ ਤੇ ਮੁਰਦਾਰ ਆਦਿ ਖਾਂਦੇ ਹਨ।
ਕਾਂ ਨੂੰ ਲੈ ਕੇ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਸ਼ਗਨ- ਅਪਸ਼ਗਨ ਪ੍ਰਚੱਲਿਤ ਹਨ। ਪ੍ਰਾਚੀਨ ਜਰਮਨ ਦੇ ਲੋਕ ਇਸ ਨੂੰ ਸਿਆਣਪ ਦਾ ਪ੍ਰਤੀਕ ਮੰਨਦੇ ਸਨ। ਅਮਰੀਕਨ ਘਰਾਂ ਵਿੱਚ ਵੀ ਇਹ ਕਾਫ਼ੀ ਪ੍ਰਸਿੱਧ ਹੈ। ਭਾਰਤ ਵਿੱਚ ਵੀ ਇਸ ਨਾਲ ਬਹੁਤ ਸਾਰੇ ਸ਼ਗਨ-ਅਪਸ਼ਗਨ ਜੁੜੇ ਹੋਏ ਹਨ। ਕਾਂ ਦਾ ਬਨੇਰੇ ’ਤੇ ਬੋਲਣਾ ਸ਼ਗਨ ਮੰਨਿਆ ਜਾਂਦਾ ਹੈ ਤੇ ਘਰ ਵਿੱਚ ਮਹਿਮਾਨ ਦੇ ਆਉਣ ਦਾ ਸੰਦੇਸ਼ ਸਮਝਿਆ ਜਾਂਦਾ ਹੈ, ਪਰ ਜ਼ਿਆਦਾ ਕਾਵਾਂ ਦੇ ਰੌਲੇ ਨੂੰ ਕਾਵਾਂ ਰੌਲੀ ਕਿਹਾ ਜਾਂਦਾ ਹੈ ਜੋ ਕਿ ਕਿਸੇ ਅਣਹੋਣੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਇਲਾਕਿਆਂ ਵਿੱਚ ਕਾਂ ਦਾ ਮੱਥੇ ਲੱਗਣਾ ਮਾੜਾ ਸਮਝਿਆ ਜਾਂਦਾ ਹੈ, ਪਰ ਅਸਲ ਵਿੱਚ ਕਾਂ ਮਨੁੱਖੀ ਆਬਾਦੀ ਦਾ ਸੂਚਕ ਹੈ ਕਿਉਂਕਿ ਕਾਂ ਇਕੱਲਾ ਨਹੀਂ ਰਹਿੰਦਾ। ਉਹ ਆਪਣੀ ਖੁਰਾਕ ਲਈ ਹਮੇਸ਼ਾਂ ਪਿੰਡਾਂ, ਸ਼ਹਿਰਾਂ ਦੇ ਨੇੜੇ ਹੀ ਆਪਣਾ ਟਿਕਾਣਾ ਬਣਾਉਂਦਾ ਹੈ। ਅਜੋਕੇ ਸਮੇਂ ਵਿੱਚ ਸੰਚਾਰ ਸਾਧਨਾਂ ਦੇ ਵਿਕਸਤ ਹੋਣ ਨਾਲ ਭਾਵੇਂ ਕਾਂ ਦਾ ਬਨੇਰੇ ’ਤੇ ਬੋਲਣਾ ਬੀਤੇ ਸਮੇਂ ਦੀ ਬਾਤ ਬਣਕੇ ਰਹਿ ਗਿਆ ਹੈ, ਪਰ ਫਿਰ ਵੀ ਕਾਂ ਦਾ ਸਾਡੇ ਸੱਭਿਆਚਾਰ ਤੇ ਲੋਕਧਾਰਾ ਵਿੱਚ ਅਹਿਮ ਸਥਾਨ ਹੈ।
ਮਨਜੀਤ ਮਾਨ

Comment here