ਵਿਸ਼ੇਸ਼ ਲੇਖ

ਚੁਰਾਂ ’ਤੇ ਰੋਟੀਆਂ ਲਾਹੁਣ ਦਾ ਰਿਵਾਜ਼ ਹੁਣ ਨਹੀਂ ਰਿਹਾ

ਸਵਾਣੀਆਂ ਵਿਆਹਾਂ ਵਿੱਚ ਰੋਟੀਆਂ ਪਕਾਉਂਦੀਆਂ ਨਾ,
ਅਲੋਪ ਹੋਇਆ ਪਿੰਡਾਂ ਵਿੱਚੋਂ ਚੁਰਾਂ ਦਾ ਰਿਵਾਜ਼ ਜੀ।
ਪੈਲੇਸਾਂ ’ਚ ਕਰ ਲੈਂਦੇ ਉੱਕਾ-ਪੁੱਕਾ ਖਾਣਾ ਵਿੱਚੇ,
ਆਪ ਹੋ ਸਿਆਣੇ ਬਹੁਤਾ ਖੋਲ੍ਹੀਏ ਕੀ ਪਾਜ ਜੀ।
ਬਿਮਾਰੀਆਂ ’ਚ ਗ੍ਰਸਤ ਹੋਇਆ ਸਾਰਾ ਹੀ ਪੰਜਾਬ ਹੁਣ,
ਬੰਦਾ ਵੀ ਤਾਂ ਕੁਦਰਤ ਨਾਲ ਕਰੇ ਨਾ ਲਿਹਾਜ ਜੀ।
ਸੌ ਵਿਚੋਂ ਨੱਬੇ ਬੰਦੇ ਬੁੜੀਆਂ ਬਿਮਾਰ ਰਹਿੰਦੇ,
ਘੇਰ ਲਿਆ ਦੁੱਖਾਂ ਨੇ ਤਾਂ ਸਾਰਾ ਹੀ ਸਮਾਜ ਜੀ।

ਉਹ ਸਮੇਂ ਬਹੁਤ ਪਿਛਾਂਹ ਰਹਿ ਗਏ ਹਨ, ਜਦੋਂ ਬਿਲਕੁਲ ਉੱਪਰ ਲੱਗੀ ਫੋਟੋ ਵਾਂਗ ਘਰਾਂ ਦੀਆਂ ਸੁਆਣੀਆਂ ਕਿਸੇ ਵਿਆਹ-ਸ਼ਾਦੀ ਵਾਲੇ ਘਰ ਇਉਂ ਇਕੱਠੀਆਂ ਹੋ ਕੇ ਚੁਰ ਉੱਪਰ ਰੋਟੀਆਂ ਬਣਾਇਆ ਕਰਦੀਆਂ ਸਨ, ਅਤੇ ਨਾਲੋ-ਨਾਲ ਸ਼ਗਨਾਂ ਦੇ ਗੀਤ ਵੀ ਗਾਇਆ ਕਰਦੀਆਂ ਸਨ। ਬੇਸ਼ੱਕ ਕਿਸੇ ਗਮ ਦੇ ਮੌਕੇ ’ਤੇ ਵੀ ਇਉਂ ਹੀ ਪੁਰਾਤਨ ਸਮਿਆਂ ਵਿੱਚ ਰੋਟੀਆਂ ਬਣਾਈਆਂ ਜਾਂਦੀਆਂ ਰਹੀਆਂ ਹਨ ਪਰ ਇਸ ਦਾ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਸੀ। ਵਿਆਹ ਵੇਲੇ ਦੋਹੇ ਸਿੱਠ੍ਹਣੀਆਂ ਅਤੇ ਸ਼ਗਨਾਂ ਦੇ ਗੀਤ ਗਾਉਣੇ ਹੱਸਣਾ-ਖੇਡਣਾ ਅਤੇ ਖੁਸ਼ੀ ਜਾਹਿਰ ਕਰਨੀ। ਇਸੇ ਤਰ੍ਹਾਂ ਕਿਸੇ ਮਰਗ ਵਾਲੇ ਘਰ ਵੀ ਇਉਂ ਸਿਆਣੀਆਂ ਸੁਆਣੀਆਂ ਰੋਟੀਆਂ ਬਣਾਇਆ ਕਰਦੀਆਂ ਸਨ, ਪਰ ਮਹੌਲ ਗਮਗੀਨ ਹੁੰਦਾ ਸੀ।
ਇਸ ਤਰ੍ਹਾਂ ਕਰਨ ਨਾਲ ਪੈਲੇਸਾਂ ਦਾ, ਪਰੀਹਾਂ (ਵੇਟਰਾਂ) ਦਾ ਖਰਚਾ ਵੀ ਘਟਦਾ ਸੀ ਤੇ ਭੋਜਨ ਸੁਆਦਲਾ ਤੇ ਬਹੁਤ ਜ਼ਿਆਦਾ ਮਸਾਲਿਆਂ ਵਾਲਾ ਵੀ ਨਹੀਂ ਸੀ ਹੁੰਦਾ ਭਾਵ ਬਿਲਕੁਲ ਜਿਵੇਂ ਘਰ ਵਿੱਚ ਚੁੱਲ੍ਹੇ ’ਤੇ ਬਣਾਏ ਖਾਣੇ ਵਾਂਗ ਹੀ ਜਾਪਦਾ ਸੀ। ਇਸੇ ਤਰ੍ਹਾਂ ਹਰ ਇੱਕ ਆਂਢੀ-ਗੁਆਂਢੀ ਨੇ ਆਪੋ-ਆਪਣੇ ਹਿੱਸੇ ਦਾ ਕੰਮ ਬਿਨਾਂ ਕਿਸੇ ਝਿਜਕ ਤੇ ਸ਼ਰਮ ਤੋਂ ਕਰਨ ਦਾ ਰਿਵਾਜ ਰਿਹਾ ਹੈ ਪੰਜਾਬ ਵਿੱਚ। ਘਰ-ਘਰ ਤੋਂ ਮੰਜੇ ਬਿਸਤਰੇ ਇਕੱਠੇ ਕਰਨੇ, ਦੁੱਧ ਇਕੱਠਾ ਕਰਨਾ, ਇਹ ਨੌਜਵਾਨ ਮੁੰਡੇ ਕਰਿਆ ਕਰਦੇ ਸਨ।

ਮੇਲ ਨੂੰ ਜਾਂ ਆਈ ਹੋਈ ਬਰਾਤ ਨੂੰ ਰੋਟੀ ਚਾਹ ਪਾਣੀ ਦੀ ਸੇਵਾ ਨੌਜਵਾਨ ਮੁੰਡੇ ਰਲ-ਮਿਲ ਕੇ ਕਰਦੇ ਰਹੇ ਹਨ। ਬਰਾਤੀਆਂ ਨੂੰ ਬਿਸਤਰੇ ਵਿਛਾ ਕੇ ਦੇਣੇ, ਜੇਕਰ ਸਿਆਲ ਦਾ ਵਿਆਹ ਹੋਣਾ ਤਾਂ ਗਰਮ ਪਾਣੀ ਦਾ ਇੰਤਜ਼ਾਮ, ਤੇ ਜੇਕਰ ਗਰਮੀ ਦਾ ਵਿਆਹ ਹੋਣਾ ਤਾਂ ਠੰਢੇ ਨਹਾਉਣ ਵਾਲੇ ਪਾਣੀ ਦਾ ਇੰਤਜਾਮ ਰਲ-ਮਿਲ ਕੇ ਨੌਜਵਾਨ ਆਂਢ-ਗੁਆਂਢ ਦੇ ਦੋਸਤ-ਮਿੱਤਰ ਹੀ ਕਰਿਆ ਕਰਦੇ ਸਨ। ਬਿਲਕੁਲ ਕੋਈ ਵੀ ਇਸ ਸੇਵਾ ਪ੍ਰਤੀ ਹੀਣ ਭਾਵਨਾ ਮਹਿਸੂਸ ਨਹੀਂ ਸੀ ਕਰਦਾ ਇੱਕ-ਦੂਸਰੇ ਤੋਂ ਅੱਗੇ ਹੋ-ਹੋ ਕੇ ਸਾਰਾ ਕੰਮ ਹੱਥੀਂ ਕਰਨ ’ਚ ਫਖਰ ਮਹਿਸੂਸ ਕਰਦੇ ਸਨ।

ਜੇਕਰ ਦੋਸਤਾਂ ਵਿਚੋਂ ਕਿਸੇ ਇੱਕ ਜਾਂ ਦੋ ਦੋਸਤਾਂ ਨੇ ਬਹੁਤ ਵਧੀਆ ਸੇਵਾ ਕੀਤੀ ਹੁੰਦੀ ਤਾਂ ਉਨ੍ਹਾਂ ਨੌਜਵਾਨਾਂ ’ਤੇ ਇਸ ਚੰਗੇ ਕੰਮ ਲਈ ਸਾਰੇ ਪਿੰਡ ਦੇ ਪਤਵੰਤਿਆਂ ਦੀ ਨਜ਼ਰ ਹੁੰਦੀ ਸੀ। ਭਾਵੇਂ ਵੱਡੇ ਪਿੰਡ ਦੇ ਦੂਸਰੇ ਪਾਸੇ ਕਿਸੇ ਅਗਵਾੜ ਵਿੱਚ ਵਿਆਹ ਹੋਣਾ ਤਾਂ ਉਨ੍ਹਾਂ ਜ਼ਿਆਦਾ ਕੰਮ ਕਰਨ ਵਾਲਿਆਂ ਨੂੰ ਉਚੇਚੇ ਤੌਰ ’ਤੇ ਬੁਲਾਇਆ ਜਾਂਦਾ ਰਿਹਾ ਹੈ ਕਿ ਇਹ ਨੌਜਵਾਨ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਤੇ ਵੱਡਿਆਂ ਵੱਲੋਂ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ ਰਹੀ ਹੈ। ਇਹੀ ਉਨ੍ਹਾਂ ਸਮਿਆਂ ਵਿੱਚ ਬਹੁਤ ਵੱਡਾ ਇਨਾਮ ਵੀ ਹੋਇਆ ਕਰਦਾ ਸੀ। ਨੌਜਵਾਨਾਂ ਨੇ ਨਾਲੇ ਆਪਣੀ ਜਿੰਮੇਵਾਰੀ ਨਿਭਾਉਣੀ ਨਾਲੇ ਬਜੁਰਗਾਂ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲੈਣਾ। ਇਹ ਉਸ ਸਮੇਂ ਦੇ ਸਮਾਜ ਦਾ ਅਨਿੱਖੜਵਾਂ ਅੰਗ ਰਿਹਾ ਹੈ।

ਹੌਲੀ-ਹੌਲੀ ਅਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਲਿਆ ਹੈ, ਤੇ ਨਾਲ ਦੀ ਨਾਲ ਹੀ ਹੱਥੀਂ ਕੰਮ-ਧੰਦਾ ਕਰਨ ਤੋਂ ਕੰਨੀਂ ਕਤਰਾਉਣ ਲੱਗ ਪਏ ਹਾਂ, ਇਸ ਕਾਰਜ ਵਿੱਚ ਸਾਡੀਆਂ ਬੀਬੀਆਂ ਵੀ ਪਿੱਛੇ ਨਹੀਂ, ਅਸੀਂ ਘਰੀਂ ਵਿਆਹ ਕਰਨੇ ਬਿਲਕੁਲ ਹੀ ਭੁੱਲ ਗਏ ਹਾਂ, ਪੈਲੇਸਾਂ ਵਿੱਚ ਵਿਆਹ-ਸ਼ਾਦੀਆਂ ਤੇ ਮਰਗ ਦੇ ਭੋਗ ਪਾਉਣ ਲੱਗ ਪਏ ਹਾਂ। ਉੱਥੇ ਜਾ ਕੇ ਕੀ ਹੁੰਦਾ ਹੈ ਤੇ ਆਪਾਂ ਕੀ ਕਰਦੇ ਹਾਂ, ਇਹ ਗੱਲ ਕਿਸੇ ਤੋਂ ਵੀ ਗੁੱਝੀ ਨਹੀਂ ਹੈ। ਕੀ ਕਦੇ ਕਿਸੇ ਨੇ ਆਪ ਚੁੱਕ ਕੇ ਪਾਣੀ ਦਾ ਗਲਾਸ ਵੀ ਪੀਤਾ ਹੈ ਪੈਲੇਸ ’ਚ ਜਾ ਕੇ? ਆਪੋ-ਆਪਣੀ ਇਮਾਨਦਾਰੀ ਨਾਲ ਸੋਚੋ! ਫਿਰ ਚੁਰਾਂ ਤੇ ਰੋਟੀਆਂ ਪਕਾਉਣੀਆਂ ਤਾਂ ਬਹੁਤ ਦੂਰ ਦੀ ਗੱਲ ਹੈ।

ਅੱਜ ਅੱਧਿਓਂ ਵੱਧ ਪੰਜਾਬ ਵਾਸੀ ਜਨਾਨੀਆਂ ਚਾਹੇ ਮਰਦ ਬੁਰੀ ਤਰ੍ਹਾਂ ਬਿਮਾਰੀਆਂ ਵਿੱਚ ਲਪੇਟੇ ਹੋਏ ਹਾਂ। ਗੋਡੇ ਗਿੱਟੇ ਕੰਮ ਕਰਨੋਂ ਹਟ ਗਏ ਹਨ। ਸਾਹ ਦਮਾ, ਕਾਲਾ ਪੀਲੀਆ, ਸ਼ੂਗਰ, ਬਲੱਡ ਪ੍ਰੈਸ਼ਰ, ਪੱਥਰੀ ਆਦਿਕ ਅਨੇਕਾਂ ਹੀ ਹੋਰ ਦੀਆਂ ਹੋਰ ਬਿਮਾਰੀਆਂ ਦਾ ਆਪਾਂ ਸਾਰੇ ਹੀ ਸ਼ਿਕਾਰ ਹੋ ਚੁੱਕੇ ਹਾਂ। ਇਸ ਲਈ ਆਪਾਂ ਆਪ ਤਾਂ ਕੀ ਪਾਣੀ ਦਾ ਗਲਾਸ ਚੁੱਕ ਕੇ ਪੀਣਾ ਹੈ ਬਲਕਿ ਬੁੱਢੇ ਮਾਂ-ਬਾਪ ਨੂੰ ਵੀ ਆਪ ਖੁਦ ਪਾਣੀ ਦਾ ਗਲਾਸ ਫੜਾ ਕੇ ਰਾਜ਼ੀ ਨਹੀਂ ਬਲਕਿ ਇਸ ਕਾਰਜ ਲਈ ਵੀ ਅਸੀਂ ਨੌਕਰਾਂ ’ਤੇ ਨਿਰਭਰ ਹੋ ਚੁੱਕੇ ਹਾਂ। ਅਜੋਕੇ ਮਾਹੌਲ ਵਿੱਚੋਂ ਸਾਡੀ ਅਮੀਰੀ ਅਤੇ ਸਾਡੇ ਵਿਚੋਂ ਸਾਡੀ ਮੈਂ ਦੀ ਬੋਅ ਆਉਂਦੀ ਹੈ। ਜੇਕਰ ਗੁਆਂਢੀ ਨੇ ਵਿਆਹ ਵਿੱਚ ਦਸ ਸਬਜ਼ੀਆਂ ਦਾਲਾਂ ਬਣਾਈਆਂ ਨੇ ਤਾਂ ਮੈਂ ਜੇਕਰ ਬਾਰਾਂ ਵੰਨਗੀਆਂ ਨਾ ਬਣਾਈਆਂ ਤਾਂ ਮੇਰਾ ਨੱਕ ਨਹੀਂ ਰਹਿਣਾ। ਇਸੇ ਤਰ੍ਹਾਂ ਅਜੋਕੇ ਗਮਗੀਨ ਮਾਹੌਲ ਭਾਵ ਮਰਗ ਦੇ ਭੋਗ ’ਤੇ ਵੀ ਪੰਜ-ਪੰਜ ਆਈਟਮਾਂ ਹੋਣੀਆਂ ਸੁਭਾਵਿਕ ਨੇ, ਪਰ ਹੱਥੀਂ ਕੰਮ ਕਰਨ ਵੇਲੇ ਅਸੀਂ ਅੰਤਾਂ ਦੀ ਸ਼ਰਮ ਮਹਿਸੂਸ ਕਰਦੇ ਹਾਂ। ਇਸ ਲਈ ਕਦੇ-ਕਦਾਈਂ ਪੁਰਾਤਨ ਪੰਜਾਬ ਦੇ ਉਹ ਸਮੇਂ ‘ਜਦੋਂ ਪਿੰਡਾਂ ਵਿੱਚ ਘਰ ਭਾਵੇਂ ਕੱਚੇ ਸਨ ਪਰ ਉਨ੍ਹਾਂ ਵਿੱਚ ਰਹਿਣ ਵਾਲੇ ਦਿਲਾਂ ਦੇ ਬਹੁਤ ਸਾਫ ਤੇ ਸੱਚੇ ਸਨ’ ਯਾਦ ਆਉਣਾ ਸੁਭਾਵਿਕ ਹੈ।
ਜਸਵੀਰ ਸ਼ਰਮਾ ਦੱਦਾਹੂਰ

Comment here