ਬੀਜਿੰਗ: ਪੁਲਾੜ ਯਾਤਰੀਆਂ ਲਈ ਜ਼ਰੂਰੀ ਸਮਾਨ ਲੈ ਕੇ ਚੀਨ ਦਾ ਇੱਕ ਕਾਰਗੋ ਪੁਲਾੜ ਯਾਨ ਮੰਗਲਵਾਰ ਨੂੰ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਪਹੁੰਚ ਗਿਆ। ਅਗਲੇ ਮਹੀਨੇ ਤਿੰਨ ਨਵੇਂ ਪੁਲਾੜ ਯਾਤਰੀ ਇਸ ਸਟੇਸ਼ਨ ‘ਤੇ ਆਉਣ ਵਾਲੇ ਹਨ। ਤਿਆਨਝੋ-4 ਨਾਂ ਦੇ ਪੁਲਾੜ ਯਾਨ ਨੂੰ ਚੀਨ ਦੇ ਹੈਨਾਨ ਸੂਬੇ ‘ਚ ਸਥਿਤ ਵੇਨਚਾਂਗ ਸਪੇਸ ਲਾਂਚ ਸੈਂਟਰ ਤੋਂ ਲੌਂਗ ਮਾਰਚ-7ਵਾਈ5 ਰਾਕੇਟ ਰਾਹੀਂ ਸਵੇਰੇ 1:56 ‘ਤੇ ਲਾਂਚ ਕੀਤਾ ਗਿਆ। ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਇਹ ਪੁਲਾੜ ਯਾਨ ਕਰੀਬ ਸੱਤ ਘੰਟੇ ਬਾਅਦ ਪੁਲਾੜ ਸਟੇਸ਼ਨ ‘ਤੇ ਪਹੁੰਚਿਆ। ਕਾਰਗੋ ਪੁਲਾੜ ਯਾਨ ਨੇ ਸਪੇਸ ਵਿੱਚ ਤਿੰਨ ਚੀਨੀ ਯਾਤਰੀਆਂ ਦੇ ਛੇ ਮਹੀਨਿਆਂ ਦੇ ਠਹਿਰਨ ਲਈ ਲੋੜੀਂਦੀ ਸਪਲਾਈ, ਖੋਜ ਉਪਕਰਨ ਅਤੇ ਹੋਰ ਹਿੱਸੇ ਲੈ ਕੇ ਗਏ ਹਨ। ਇਸ ਦੀ ਮਦਦ ਨਾਲ ਚੀਨੀ ਪੁਲਾੜ ਯਾਤਰੀ ਸਪੇਸ ਸਟੇਸ਼ਨ ਦੀ ਮੁਰੰਮਤ ਦਾ ਕੰਮ ਵੀ ਕਰ ਸਕਣਗੇ। ਚੀਨ ਨੇ ਆਪਣੇ ਪੁਲਾੜ ਪ੍ਰੋਗਰਾਮ ਦੇ ਹਿੱਸੇ ਵਜੋਂ 2003 ਵਿੱਚ ਆਪਣਾ ਪਹਿਲਾ ਪੁਲਾੜ ਯਾਤਰੀ ਪੁਲਾੜ ਵਿੱਚ ਭੇਜਿਆ ਸੀ। ਸਾਬਕਾ ਸੋਵੀਅਤ ਯੂਨੀਅਨ ਅਤੇ ਅਮਰੀਕਾ ਤੋਂ ਬਾਅਦ ਚੀਨ ਆਪਣੇ ਸਰੋਤਾਂ ਦੀ ਵਰਤੋਂ ਕਰਕੇ ਅਜਿਹਾ ਕਰਨ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ।
Comment here