ਸਿਆਸਤਖਬਰਾਂਦੁਨੀਆ

ਚੀਨ ਵਲੋਂ ਅਮਰੀਕਾ ਦੀ ਬੀ3ਡਬਲਯੂ ਪਹਿਲ ਨਾਲ ਮੁਕਾਬਲੇਬਾਜ਼ੀ ਤੋਂ ਇਨਕਾਰ

ਬੀਜਿੰਗ-ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਜੂਨ ’ਚ ਜੀ-7 ਸਿਖਰ ਸੰਮੇਲਨ ਦੌਰਾਨ ਪਾਰਦਰਸ਼ਿਤਾ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ’ਤੇ ਜ਼ੋਰ ਦੇਣ ਵਾਲੀ ਪਹਿਲ ਬੀ3ਡਬਲਯੂ ਦਾ ਬਲਿਊ ਪ੍ਰਿੰਟ ਪੇਸ਼ ਕੀਤਾ ਸੀ। ਇਸ ਪਹਿਲ ਦਾ ਮਕਸਦ ‘ਮੁੱਲ-ਸੰਚਾਲਿਤ, ਉੱਚ ਮਾਪਦੰਡ ਵਾਲੀ ਅਤੇ ਪਾਰਦਰਸ਼ੀ ਬੁਨਿਆਦੀ ਢਾਂਚਾ ਸਾਂਝੇਦਾਰੀ’ ਕਾਇਮ ਕਰਨ ਦੇ ਟੀਚੇ ਨਾਲ ਵਿਕਾਸਸ਼ੀਲ ਦੇਸ਼ਾਂ ’ਚ ਵਿੱਤ ਯੋਜਨਾਵਾਂ ਨੂੰ ਮਦਦ ਦੇਣਾ ਵੀ ਹੈ। ਹਾਲਾਂਕਿ ਚੀਨ ਨੇ ਬੀ3ਡਬਲਯੂ ਪਹਿਲ ਨਾਲ ਕੋਈ ਮੁਕਾਬਲੇਬਾਜ਼ੀ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਬੀ. ਆਰ. ਆਈ. ਕੌਮਾਂਤਰੀ ਸਹਿਯੋਗ ਲਈ ਖੁੱਲ੍ਹਾ ਹੈ। ਬਾਈਡੇਨ ਦੀ ‘ਬਿਲਡ ਬੈਕ ਬੈਟਰ ਵਰਲਡ’ (ਬੀ3ਡਬਲਯੂ) ਪਹਿਲ ਦਾ ਮੁਕਾਬਲਾ ਕਰਨ ਲਈ ਚੀਨ ਆਪਣੀ ਅਰਬਾਂ ਡਾਲਰ ਦੀ ‘ਬੈਲਟ ਐਂਡ ਰੋਡ’ ਪਹਿਲ (ਬੀ. ਆਈ. ਆਈ.) ਦੀ ਨਵੇਂ ਸਿਰੇ ਤੋਂ ਬ੍ਰਾਂਡਿੰਗ ਕਰ ਰਿਹਾ ਹੈ।
ਚੀਨ ਨੇ ਕਿਹਾ ਕਿ ਉਹ ਬੀ. ਆਰ. ਆਈ. ’ਚ ਸ਼ਾਮਲ ਹੋਣ ਲਈ ਵੱਖ-ਵੱਖ ਦੇਸ਼ਾਂ ਦਾ ਸਵਾਗਤ ਕਰਦਾ ਹੈ ਅਤੇ ਇਹ ਮੁਹਿੰਮ ਸੰਪਰਕ ਵਧਾਉਣ ਦੇ ਇਰਾਦੇ ਨਾਲ ਕੌਮਾਂਤਰੀ ਸਹਿਯੋਗ ਲਈ ਖੁੱਲ੍ਹੀ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਅਧਿਕਾਰੀ ਹਾਨ ਵੇਨਸ਼ਯੋ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਬੀ. ਆਰ. ਆਈ. ਇਕੱਲੇ ਚੀਨ ਦਾ ਕੰਮ ਨਹੀਂ ਹੈ ਸਗੋਂ ਇਸ ’ਚ ਸਾਰੇ ਦੇਸ਼ ਸ਼ਾਮਲ ਹੋ ਸਕਦੇ ਹਨ। ਵਿੱਤੀ ਅਤੇ ਆਰਥਿਕ ਮਾਮਲਿਆਂ ਨਾਲ ਜੁੜੇ ਹਾਨ ਤੋਂ ਪੁੱਛਿਆ ਗਿਆ ਕਿ ਕੀ ਚੀਨ ਬੀ3ਡਬਲਯੂ ਨੂੰ ਬੀ. ਆਰ. ਆਈ. ਦੇ ਮੁਕਾਬਲੇਬਾਜ਼ੀ ਦੇ ਰੂਪ ’ਚ ਦੇਖਦਾ ਹੈ? ਹਾਨ ਨੇ ਕਿਹਾ ਕਿ ਚੀਨ ਅਤੇ ਬੀ. ਆਰ.ਆਈ. ਦੇ ਭਾਈਵਾਲ ਦੇਸ਼ਾਂ ਦਰਮਿਆਨ ਵਪਾਰ 2020 ’ਚ ਵਧ ਕੇ 9200 ਅਰਬ ਅਮਰੀਕੀ ਡਾਲਰ ਹੋ ਗਿਆ ਜਦ ਕਿ ਇਸ ਪਹਿਲ ਨਾਲ ਜੁੜੇ ਦੇਸ਼ਾਂ ’ਚ ਚੀਨੀ ਕੰਪਨੀਆਂ ਦਾ ਸਿੱਧਾ ਨਿਵੇਸ਼ ਲਗਭਗ 140 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ।

Comment here