ਸਿਆਸਤਸਿਹਤ-ਖਬਰਾਂਖਬਰਾਂ

ਚੀਨ ਯਾਤਰੀਆਂ ਲਈ ਨਿਯਮਾਂ ’ਚ ਕੋਈ ਬਦਲਾਅ ਨਹੀਂ : ਐਂਥਨੀ ਅਲਬਾਨੀਜ਼

ਸਿਡਨੀ-ਚੀਨ ’ਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਅਮਰੀਕਾ, ਭਾਰਤ ਅਤੇ ਜਾਪਾਨ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਲਾਜ਼ਮੀ ਕਰ ਦਿੱਤਾ ਹੈ। ਇਸ ਸੰਬੰਧੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਕੋਵਿਡ-19 ਟੈਸਟਿੰਗ ਦੀ ਜ਼ਰੂਰਤ ਦੇ ਬਾਵਜੂਦ ਆਸਟਰੇਲੀਆ ਚੀਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਲਈ ਆਪਣੇ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕਰ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਆਸਟਰੇਲੀਆ ਦੇ ਪੀ.ਐੱਮ ਨੇ ਕਿਹਾ ਕਿ ਅਸੀਂ ਇਸ ਸਬੰਧੀ ਸਿਹਤ ਮਾਹਿਰਾਂ ਤੋਂ ਸਹੀ ਸਲਾਹ ਲਵਾਂਗੇ। ਫਿਲਹਾਲ ਯਾਤਰਾ ਨਿਯਮਾਂ ਨੂੰ ਲੈ ਕੇ ਕੋਈ ਬਦਲਾਅ ਨਹੀਂ ਹੋਇਆ ਹੈ, ਪਰ ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ। ਦਰਅਸਲ ਚੀਨ ’ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਉਪਾਵਾਂ ’ਚ ਢਿੱਲ ਦਿੱਤੀ ਗਈ ਹੈ। ਇਸ ਲਈ ਅਮਰੀਕਾ, ਭਾਰਤ ਅਤੇ ਜਾਪਾਨ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਲਾਜ਼ਮੀ ਕਰ ਦਿੱਤਾ ਹੈ। ਜਦੋਂ ਕੋਵਿਡ-19 ਦੁਨੀਆ ਭਰ ਵਿੱਚ ਫੈਲਣ ਲੱਗਾ, ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ। ਸਾਲ 2020 ਵਿੱਚ ਚੀਨ ਨੇ ਕਈ ਪ੍ਰਮੁੱਖ ਆਸਟਰੇਲੀਆਈ ਨਿਰਯਾਤ ’ਤੇ ਵਪਾਰਕ ਪਾਬੰਦੀਆਂ ਵੀ ਲਗਾਈਆਂ। ਹਾਲਾਂਕਿ ਹੁਣ ਆਸਟਰੇਲੀਆ ਅਤੇ ਚੀਨ ਨੇ ਕੂਟਨੀਤਕ ਗੱਲਬਾਤ ਮੁੜ ਸ਼ੁਰੂ ਕਰ ਦਿੱਤੀ ਹੈ।
ਇਸ ਮਹੀਨੇ ਆਸਟਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ 2019 ਤੋਂ ਬਾਅਦ ਚੀਨ ਦਾ ਦੌਰਾ ਕਰਨ ਵਾਲੇ ਦੇਸ਼ ਦੇ ਪਹਿਲੇ ਸਰਕਾਰੀ ਮੰਤਰੀ ਬਣ ਗਏ। ਮੀਡੀਆ ਮੁਤਾਬਕ ਆਸਟਰੇਲੀਆ ਦੇ ਵਪਾਰ ਮੰਤਰੀ ਡੌਨ ਫਰੇਲ ਨੇ 2023 ਦੀ ਸ਼ੁਰੂਆਤ ’ਚ ਚੀਨ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਤੋਂ ਇਹ ਪੁੱਛੇ ਜਾਣ ’ਤੇ ਕੀ ਉਹ ਚੀਨ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਨੇ ਕਿਹਾ ਕਿ ਨਵੰਬਰ ’ਚ ਇੰਡੋਨੇਸ਼ੀਆ ’ਚ ਹੋਣ ਵਾਲੇ ਜੀ-20 ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ‘ਬਹੁਤ ਸਕਾਰਾਤਮਕ’ ਮੁਲਾਕਾਤ ਹੋਈ ਸੀ, ਪਰ ਅਸੀਂ ਅਜੇ ਇਸ ਯਾਤਰਾ ’ਤੇ ਚਰਚਾ ਦਾ ਇੰਤਜ਼ਾਰ ਕਰਾਂਗੇ। ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ।

Comment here