ਸਿਆਸਤਖਬਰਾਂਦੁਨੀਆ

ਚੀਨ ਬੈਲਿਸਟਿਕ ਮਿਜ਼ਾਈਲ ਬਣਾਉਣ ’ਚ ਸਾਊਦੀ ਅਰਬ ਦੀ ਕਰ ਰਿਹੈ ਮਦਦ

ਦੁਬਈ-ਅਮਰੀਕੀ ਖੁਫ਼ੀਆ ਏਜੰਸੀਆਂ ਦੀ ਇਕ ਰਿਪੋਰਟ ’ਚ ਚੀਨ ਅਤੇ ਸਾਊਦੀ ਅਰਬ ਦੀ ਦੋਸਤੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਹੈ। ਅਮਰੀਕੀ ਰਿਪੋਰਟਾਂ ਮੁਤਾਬਕ ਸਾਊਦੀ ਅਰਬ ਚੀਨ ਨਾਲ ਮਿਲ ਕੇ ਆਪਣੀਆਂ ਬੈਲਿਸਟਿਕ ਮਿਜ਼ਾਈਲਾਂ ਬਣਾ ਰਿਹਾ ਹੈ। ਰਿਪੋਰਟਾਂ ਤੇ ਸੈਟੇਲਾਈਟ ਤਸਵੀਰਾਂ ’ਚ ਸਾਊਦੀ ਅਰਬ ਦਾ ਮਿਜ਼ਾਈਲ ਨਿਰਮਾਣ ਪਲਾਂਟ ਵੀ ਸਾਹਮਣੇ ਆਇਆ ਹੈ। ਇਸ ਖੁਲਾਸੇ ਤੋਂ ਬਾਅਦ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੁਣ ਬਾਈਡੇਨ ਪ੍ਰਸ਼ਾਸਨ ਲਈ ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਮੁਸ਼ਕਿਲ ਹੋ ਸਕਦਾ ਹੈ। ਸਾਊਦੀ ਅਰਬ ਤੇ ਈਰਾਨ ਦੀ ਦੁਸ਼ਮਣੀ ਜਗ ਜ਼ਾਹਿਰ ਹੈ। ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ’ਚ ਸਾਊਦੀ ਅਰਬ ਦੇ ਰਾਜਦੂਤ ਨੇ ਬਿਆਨ ਦਿੱਤਾ ਸੀ ਕਿ ਈਰਾਨ ਗੱਲਬਾਤ ਨੂੰ ਲੈ ਕੇ ਗੰਭੀਰ ਨਹੀਂ ਹੈ।
ਸੀ. ਐੱਨ. ਐੱਨ. ਦੀ ਇਕ ਰਿਪੋਰਟ ’ਚ ਅਮਰੀਕੀ ਖੁਫ਼ੀਆ ਏਜੰਸੀ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਾਊਦੀ ਅਰਬ ਪਹਿਲਾਂ ਹੀ ਚੀਨ ਤੋਂ ਬੈਲਿਸਟਿਕ ਮਿਜ਼ਾਈਲਾਂ ਖਰੀਦਦਾ ਰਿਹਾ ਹੈ, ਹੁਣ ਤੱਕ ਉਹ ਆਪਣੀਆਂ ਮਿਜ਼ਾਈਲਾਂ ਬਣਾਉਣ ਦੇ ਸਮਰੱਥ ਨਹੀਂ ਹੈ। ਸੀ. ਐੱਨ. ਐੱਨ. ਨੇ ਸੈਟੇਲਾਈਟ ਤਸਵੀਰਾਂ ਦੇ ਆਧਾਰ ’ਤੇ ਦਾਅਵਾ ਕੀਤਾ ਹੈ ਕਿ ਸਾਊਦੀ ਰਾਜ ਇਸ ਸਮੇਂ ਘੱਟੋ-ਘੱਟ ਇਕ ਸਥਾਨ ’ਤੇ ਹਥਿਆਰਾਂ ਦਾ ਨਿਰਮਾਣ ਕਰ ਰਿਹਾ ਹੈ। ਵ੍ਹਾਈਟ ਹਾਊਸ ਵਿਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਮੇਤ ਕਈ ਅਮਰੀਕੀ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਾਲ ਹੀ ਦੇ ਮਹੀਨਿਆਂ ’ਚ ਇਸ ਟਾਪ ਸੀਕ੍ਰੇਟ ਖੁਫੀਆ ਜਾਣਕਾਰੀ ਬਾਰੇ ਬ੍ਰੀਫਿੰਗ ਦਿੱਤੀ ਗਈ ਹੈ। ਇਸ ’ਚ ਦੱਸਿਆ ਗਿਆ ਹੈ ਕਿ ਚੀਨ ਅਤੇ ਸਾਊਦੀ ਅਰਬ ਵਿਚਾਲੇ ਸੰਵੇਦਨਸ਼ੀਲ ਬੈਲਿਸਟਿਕ ਮਿਜ਼ਾਈਲ ਤਕਨੀਕ ਦਾ ਵੱਡੇ ਪੱਧਰ ’ਤੇ ਤਬਾਦਲਾ ਹੋਇਆ ਹੈ।
ਇਸ ਖੁਲਾਸੇ ਤੋਂ ਬਾਅਦ ਬਾਈਡੇਨ ਪ੍ਰਸ਼ਾਸਨ ਹੁਣ ਮੁਲਾਂਕਣ ਕਰ ਰਿਹਾ ਹੈ ਕਿ ਕੀ ਬੈਲਿਸਟਿਕ ਮਿਜ਼ਾਈਲ ਬਣਾਉਣ ਦੀ ਸਾਊਦੀ ਦੀ ਕੋਸ਼ਿਸ਼ ਖੇਤਰੀ ਸ਼ਕਤੀ ਦੀ ਗਤੀਸ਼ੀਲਤਾ ਨੂੰ ਬਦਲ ਸਕਦੀ ਹੈ। ਈਰਾਨ ਅਤੇ ਸਾਊਦੀ ਅਰਬ ਪੁਰਾਣੇ ਦੁਸ਼ਮਣ ਹਨ। ਅਜਿਹੀ ਹਾਲਤ ’ਚ ਜੇਕਰ ਸਾਊਦੀ ਬੈਲਿਸਟਿਕ ਮਿਜ਼ਾਈਲਾਂ ਬਣਾਉਣ ਦਾ ਕੰਮ ਸ਼ੁਰੂ ਕਰਦਾ ਹੈ ਤਾਂ ਈਰਾਨ ਦੇ ਆਪਣੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਤੋਂ ਪਿੱਛੇ ਹਟਣ ਦੀ ਸੰਭਾਵਨਾ ਘੱਟ ਹੈ। ਅਜਿਹੀ ਹਾਲਤ ’ਚ ਅਮਰੀਕਾ ਦੇ ਸਾਹਮਣੇ ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਅਤੇ ਸਾਊਦੀ ਨੂੰ ਚੀਨ ਦੀ ਗੋਦ ’ਚ ਜਾਣ ਤੋਂ ਰੋਕਣ ਦੀ ਦੋਹਰੀ ਚੁਣੌਤੀ ਹੈ।

Comment here