ਨਵੀਂ ਦਿੱਲੀ-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਤੇ ਪਾਕਿਸਤਾਨ ਦੋਵੇਂ ਭਾਰਤ ਖ਼ਿਲਾਫ਼ ਇਕੱਠੇ ਹਨ ਅਤੇ ਮਿਲ ਕੇ ਹਮਲਾ ਕਰ ਸਕਦੇ ਹਨ। ਉਹ ਸਾਬਕਾ ਸੈਨਿਕਾਂ ਨਾਲ ਗੱਲਬਾਤ ਕਰ ਰਹੇ ਸਨ। ਰਾਹੁਲ ਨੇ ਇਸ ਗੱਲਬਾਤ ਸਬੰਧੀ ਵੀਡੀਓ ਨੂੰ ਆਪਣੇ ਯੂਟਿਊਬ ਚੈਨਲ ’ਤੇ ਸਾਂਝਾ ਕਰਦਿਆਂ ਕਿਹਾ, ‘‘ਭਾਰਤ ਬਹੁਤ ਜ਼ਿਆਦਾ ਕਮਜ਼ੋਰ ਹੈ ਅਤੇ ਉਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇਸ ਨੂੰ ਵੱਡਾ ਝਟਕਾ ਲੱਗੇਗਾ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਗਲਵਾਨ ਅਤੇ ਡੋਕਲਾਮ ਵਿੱਚ ਭਾਰਤੀ ਤੇ ਚੀਨੀ ਫੌਜੀਆਂ ਦਰਮਿਆਨ ਝੜਪਾਂ ਪਾਕਿਸਤਾਨ ਨਾਲ ਮਿਲ ਕੇ ਭਾਰਤ ’ਤੇ ਹਮਲਾ ਕਰਨ ਦੀ ਚੀਨ ਦੀ ਰਣਨੀਤੀ ਦਾ ਹਿੱਸਾ ਹਨ।
ਉਧਰ, ਰੱਖਿਆ ਮਾਹਿਰ ਪ੍ਰਫੁੱਲ ਬਕਸ਼ੀ ਨੇ ਕਿਹਾ ਕਿ ਭਾਰਤੀ ਫ਼ੌਜ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। ਕਾਂਗਰਸ ਨੇਤਾ ਨੇ ਕਿਹਾ, ‘ਪਹਿਲਾਂ ਸਾਡੇ ਦੋ ਦੁਸ਼ਮਣ ਚੀਨ ਅਤੇ ਪਾਕਿਸਤਾਨ ਸਨ ਅਤੇ ਸਾਡੀ ਨੀਤੀ ਉਨ੍ਹਾਂ ਨੂੰ ਵੱਖ-ਵੱਖ ਕਰਨ ਦੀ ਸੀ। ਪਹਿਲਾਂ ਕਿਹਾ ਜਾਂਦਾ ਸੀ ਕਿ ਟੂ ਫਰੰਟ ਵਾਰ ਨਹੀਂ ਹੋਣੀ ਚਾਹੀਦੀ, ਫਿਰ ਲੋਕ ਕਹਿੰਦੇ ਹਨ ਕਿ ਢਾਈ ਫਰੰਟ ਦੀ ਵਾਰ ਚੱਲ ਰਹੀ ਹੈ। ਯਾਨੀ ਪਾਕਿਸਤਾਨ, ਚੀਨ ਅਤੇ ਅੱਤਵਾਦ। ਅੱਜ ਇਹ ਇੱਕ ਅਜਿਹਾ ਮੋਰਚਾ ਹੈ ਜਿਸ ਵਿੱਚ ਚੀਨ ਅਤੇ ਪਾਕਿਸਤਾਨ ਇਕੱਠੇ ਹਨ। ਜੇਕਰ ਜੰਗ ਹੁੰਦੀ ਹੈ ਤਾਂ ਦੋਵਾਂ ਨਾਲ ਹੋਵੇਗੀ। ਉਹ ਨਾ ਸਿਰਫ ਫੌਜੀ ਸਗੋਂ ਆਰਥਿਕ ਤੌਰ ‘ਤੇ ਵੀ ਇਕੱਠੇ ਕੰਮ ਕਰ ਰਹੇ ਹਨ।
ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘2014 ਤੋਂ ਬਾਅਦ ਸਾਡੀ ਆਰਥਿਕ ਵਿਵਸਥਾ ਸੁਸਤ ਹੋ ਗਈ ਹੈ। ਸਾਡੇ ਦੇਸ਼ ਵਿੱਚ ਅਸ਼ਾਂਤੀ, ਲੜਾਈ, ਭੰਬਲਭੂਸਾ ਅਤੇ ਨਫ਼ਰਤ ਫੈਲੀ ਹੋਈ ਹੈ।
ਸਾਡੀ ਮਾਨਸਿਕਤਾ ਅਜੇ ਵੀ ਢਾਈ ਮੋਰਚਿਆਂ ਵਾਲੀ ਹੈ। ਮਾਨਸਿਕਤਾ ਸਾਂਝੀ ਕਾਰਵਾਈਆਂ ਅਤੇ ਸਾਈਬਰ ਯੁੱਧ ਦੀ ਨਹੀਂ ਹੈ। ਭਾਰਤ ਹੁਣ ਬਹੁਤ ਕਮਜ਼ੋਰ ਹੈ। ਚੀਨ ਅਤੇ ਪਾਕਿਸਤਾਨ ਦੋਵੇਂ ਸਾਡੇ ਖਿਲਾਫ ਤਿਆਰੀ ਕਰ ਰਹੇ ਹਨ, ਇਸ ਲਈ ਮੈਂ ਦੁਹਰਾਉਂਦਾ ਰਹਿੰਦਾ ਹਾਂ ਕਿ ਸਰਕਾਰ ਚੁੱਪ ਨਹੀਂ ਰਹਿ ਸਕਦੀ। ਸਰਕਾਰ ਨੂੰ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਰਹੱਦ ‘ਤੇ ਕੀ ਹੋਇਆ ਸੀ। ਅਸੀਂ ਕੀ ਕਦਮ ਚੁੱਕਣੇ ਹਨ, ਅਸੀਂ ਅੱਜ ਤੋਂ ਸ਼ੁਰੂ ਕਰਨਾ ਹੈ। ਦਰਅਸਲ, ਸਾਨੂੰ ਪੰਜ ਸਾਲ ਪਹਿਲਾਂ ਕੰਮ ਕਰਨਾ ਚਾਹੀਦਾ ਸੀ, ਪਰ ਅਸੀਂ ਨਹੀਂ ਕੀਤਾ। ਜੇਕਰ ਅਸੀਂ ਜਲਦੀ ਕਾਰਵਾਈ ਨਾ ਕੀਤੀ, ਤਾਂ ਨੁਕਸਾਨ ਬਹੁਤ ਵੱਡਾ ਹੋਵੇਗਾ। ਮੈਂ ਅਰੁਣਾਚਲ ਅਤੇ ਲੱਦਾਖ ਵਿੱਚ ਸਰਹੱਦ ‘ਤੇ ਜੋ ਕੁਝ ਹੋ ਰਿਹਾ ਹੈ, ਉਸ ਨੂੰ ਲੈ ਕੇ ਬਹੁਤ ਚਿੰਤਤ ਹਾਂ।
ਚੀਨ-ਪਾਕਿ ਇਕੱਠੇ ਭਾਰਤ ‘ਤੇ ਕਰ ਸਕਦੇ ਨੇ ਹਮਲਾ : ਰਾਹੁਲ

Comment here