ਸਿਆਸਤਖਬਰਾਂਦੁਨੀਆ

ਚੀਨ-ਪਾਕਿ ਆਰਥਿਕ ਗਲਿਆਰੇ ਦਾ ਅਨਿੱਖੜਵਾਂ ਅੰਗ—ਮੋਈਦ

ਕਰਾਚੀ-ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਨੇ ਕਿਹਾ ਕਿ ਰਣਨੀਤਿਕ ਰੂਪ ’ਚ ਮਹੱਤਵਪੂਰਣ ਗਵਾਦਰ ਬੰਦਰਗਾਹ ’ਚ ਚੀਨ ਨੂੰ ਕੋਈ ਮਿਲਟਰੀ ਬੇਸ ਦੇਣ ਦੀ ਪੇਸ਼ਕਸ਼ ਨਹੀਂ ਕੀਤੀ ਹੈ। ਉਨ੍ਹਾਂ ਨੇ ਦੁਹਰਾਇਆ ਕਿ ਕੋਈ ਵੀ ਦੇਸ਼ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਪ੍ਰਾਜੈਕਟ ’ਚ 60 ਅਰਬ ਡਾਲਰ ਦਾ ਨਿਵੇਸ਼ ਕਰ ਸਕਦਾ ਹੈ ਅਤੇ ਸਾਡੇ ਦਰਵਾਜੇ ਕਿਸੇ ਲਈ ਬੰਦ ਨਹੀਂ ਹਨ। ਅਰਬ ਸਾਗਰ ਨਾਲ ਲੱਗਦੇ ਗਵਾਦਰ ਬੰਦਰਗਾਹ ਨੂੰ ਸੀ. ਪੀ. ਈ. ਸੀ. ਦਾ ਮਹੱਤਵਪੂਰਣ ਹਿੱਸਾ ਮੰਨਿਆ ਜਾਂਦਾ ਹੈ। ਯੂਸੁਫ ਨੇ ਕਿਹਾ ਕਿ ਪਾਕਿਸਤਾਨ ’ਚ ਚੀਨ ਦੇ ਆਰਥਕ ਆਧਾਰ ਹਨ, ਜਿੱਥੇ ਦੁਨੀਆ ਦਾ ਕੋਈ ਵੀ ਦੇਸ਼ ਨਿਵੇਸ਼ ਕਰ ਸਕਦਾ ਹੈ… ਉੱਥੇ ਹੀ ਸੰਯੁਕਤ ਰਾਜ ਅਮਰੀਕਾ, ਰੂਸ ਅਤੇ ਮਧ-ਪੂਰਬ ਨੂੰ ਵੀ ਇਹ ਪੇਸ਼ਕਸ਼ ਕੀਤੀ ਜਾਂਦੀ ਹੈ। ਸਾਡੇ ਦਰਵਾਜੇ ਸਾਰੇ ਦੇਸ਼ਾਂ ਲਈ ਖੁੱਲ੍ਹੇ ਹਨ।
ਜ਼ਿਕਰਯੋਗ ਹੈ ਕਿ ਗਵਾਦਰ ਵਿਚ ਪਿਛਲੇ ਮਹੀਨੇ ਬੇਲੋੜੀ ਚੌਕੀਆਂ, ਪਾਣੀ ਅਤੇ ਬਿਜਲੀ ਦੀ ਭਾਰੀ ਕਮੀ ਅਤੇ ਗੈਰ-ਕਾਨੂੰਨੀ ਮੱਛੀ ਫੜਨ ਦੇ ਖਿਲਾਫ ਭਾਰੀ ਵਿਰੋਧ ਪ੍ਰਦਰਸ਼ਨ ਹੋਏ ਸਨ।
ਇਹ ਵਿਰੋਧ ਪ੍ਰਦਰਸ਼ਨ ਗਵਾਦਰ ਵਿਚ ਚੀਨ ਦੀ ਮੌਜੂਦਗੀ ਨੂੰ ਲੈ ਕੇ ਵਧ ਰਹੀ ਅਸੰਤੁਸ਼ਟੀ ਦੇ ਜਵਾਬ ਵਿਚ ਹੋਏ। ਚੀਨ ਦੀ ਬੰਦਰਗਾਹ 60 ਅਰਬ ਅਮਰੀਕੀ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਸੀ. ਪੀ. ਈ. ਸੀ. ਦਾ ਅਨਿੱਖੜਵਾਂ ਅੰਗ ਹੈ। ਸੀ. ਪੀ. ਈ. ਸੀ. ਚੀਨ ਦੀ ਕਈ ਅਰਬ ਡਾਲਰ ਦੀ ਬੈਲਟ ਐਂਡ ਰੋਡ ਪਹਿਲ ਦਾ ਪ੍ਰਮੁੱਖ ਪ੍ਰੋਜੈਕਟ ਹੈ। ਭਾਰਤ ਸੀ. ਪੀ. ਈ. ਸੀ. ਨੂੰ ਲੈ ਕੇ ਚੀਨ ਕੋਲ ਵਿਰੋਧ ਦਰਜ ਕਰ ਚੁੱਕਾ ਹੈ, ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਹੋ ਕੇ ਲੰਘਦਾ ਹੈ। ਇਸ ਪ੍ਰਾਜੈਕਟ ਤਹਿਤ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਿਆ ਜਾਵੇਗਾ।
ਯੂਸੁਫ ਨੇ ਚੀਨ ਨੂੰ ਇਸਲਾਮਾਬਾਦ ਦਾ ਕਰੀਬੀ ਦੋਸਤ ਦੱਸਿਆ। ਇਹ ਪੁੱਛੇ ਜਾਣ ’ਤੇ ਕਿ ਕੀ ਪਾਕਿਸਤਾਨ ਨੇ ਚੀਨ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਦੁਨੀਆ ਭਰ ਦੇ ਅਤੇ ਖਾਸ ਤੌਰ ’ਤੇ ਸ਼ਿਨਜਿਆਂਗ ਦੇ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਦਾਅ ’ਤੇ ਲਗਾਇਆ ਹੈ ਤਾਂ ਯੂਸਫ ਨੇ ਕਿਹਾ ਕਿ ਪਾਕਿਸਤਾਨ ਸ਼ਿਨਜਿਆਂਗ ’ਚ ਮੁਸਲਮਾਨਾਂ ’ਤੇ ਖਿਲਾਫ਼ ਕਥਿਤ ਅੱਤਿਆਚਾਰਾਂ ਦੀ ਪੱਛਮੀ ਧਾਰਨਾ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ, ’’ਚੀਨ ਨਾਲ ਸਾਡੇ ਭਰੋਸੇਮੰਦ ਸਬੰਧ ਹਨ ਅਤੇ ਇੱਥੋਂ ਸਾਡੇ ਰਾਜਦੂਤ ਅਤੇ ਹੋਰ ਵਫਦ ਵੀ ਸ਼ਿਨਜਿਆਂਗ ਸੂਬੇ ’ਚ ਗਏ ਹਨ।’’ ਉਨ੍ਹਾਂ ਕਿਹਾ ਕਿ ਜੇਕਰ ਪੱਛਮੀ ਦੇਸ਼ਾਂ ਨੂੰ ਚੀਨ ਤੋਂ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਬੀਜਿੰਗ ਨਾਲ ਗੱਲ ਕਰਨੀ ਚਾਹੀਦੀ ਹੈ।

Comment here