ਵਾਸ਼ਿੰਗਟਨ- ਚੀਨ ਜਦ ਇੱਕ ਵਾਰ ਫੇਰ ਕਰੋਨਾ ਵਾਇਰਸ ਦੀ ਮਾਰ ਹੇਠ ਆ ਰਿਹਾ ਹੈ ਤੇ ਵੂਹਾਨ ਸ਼ਹਿਰ ਨੂੰ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਸੀਲ ਕਰਨਾ ਪਿਆ ਹੈ, ਉਸ ਵਕਤ ਇਸ ਵਾਇਰਸ ਲਈ ਇੱਕ ਵਾਰ ਫੇਰ ਚੀਨ ਤੇ ਉਂਗਲ ਉੱਠੀ ਹੈ। ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਅਮਰੀਕੀ ਰਿਪਬਲੀਕਨ ਪਾਰਟੀ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੀ ਲੈਬ ਵਿਚੋਂ ਹੀ ਕੋਰੋਨਾ ਵਾਇਰਸ ਦੇ ਲੀਕ ਹੋਣ ਦੇ ਕਈ ਸਬੂਤ ਮੌਜੂਦ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਾ ਸਿਰਫ਼ ਇਹ ਵਾਇਰਸ ਵੁਹਾਨ ਲੈਬ ਤੋਂ ਲੀਕ ਹੋਇਆ, ਸਗੋਂ ਚੀਨੀ ਵਿਗਿਆਨਕਾਂ ਨੇ ਇਨਸਾਨਾਂ ਨੂੰ ਇਨਫੈਕਟਡ ਕਰਨ ਲਈ ਇਸ ਵਾਇਰਸ ਨੂੰ ਮੋਡੀਫਾਈ ਵੀ ਕੀਤਾ। ਸੀਨੀਅਰ ਰਿਪਬਲੀਕਨ ਨੇਤਾ ਮਾਈਕ ਮੈਕਾਲ ਨੇ ਕੋਰੋਨਾ ਦੀ ਉਤਪਤੀ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ ਰਿਪਬਲੀਕਨ ਪਾਰਟੀ ਦਾ ਇਹ ਸਿੱਟਾ ਅਮਰੀਕੀ ਸੁਰੱਖਿਆ ਏਜੰਸੀਆਂ ਤੋਂ ਵੱਖ ਹੈ। ਅਜੇ ਅਮਰੀਕੀ ਸੁਰੱਖਿਆ ਏਜੰਸੀਆਂ ਕੋਰੋਨਾ ਦੀ ਉਤਪਤੀ ਨੂੰ ਲੈ ਕੇ ਕਿਸੇ ਸਿੱਟੇ ’ਤੇ ਨਹੀਂ ਪਹੁੰਚੀਆਂ। ਬੀਤੇ ਮਹੀਨੇ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ ਕੋਵਿਡ-19 ਮਹਾਮਾਰੀ ਦੀ ਉਤਪਤੀ ਦੀ ਜਾਂਚ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ‘ਦੁੱਗਣਾ’ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਸਿੱਟਾ ਕੱਢਣ ਲਈ ਨਾਕਾਫ਼ੀ ਸਬੂਤ ਹਨ ਕਿ ‘ਕੀ ਇਹ ਕਿਸੇ ਇੰਫੈਕਟਡ ਜਾਨਵਰ ਦੇ ਨਾਲ ਮਨੁੱਖੀ ਸੰਪਰਕ ਨਾਲ ਉਭਰਿਆ ਹੈ ਜਾਂ ਪ੍ਰਯੋਗਸ਼ਾਲਾ ਵਿਚ ਵਾਪਰੀ ਘਟਨਾ ਨਾਲ ਉਭਰਿਆ ਹੈ।’ ਬਾਈਡੇਨ ਨੇ ਅਮਰੀਕੀ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਨੂੰ ਜਾਂਚ ਵਿਚ ਮਦਦ ਕਰਨ ਦਾ ਹੁਕਮ ਦਿੱਤਾ ਸੀ ਅਤੇ ਚੀਨ ਨੂੰ ਮਹਾਮਾਰੀ ਦੀ ਉਤਪਤੀ ਨੂੰ ਲੈ ਕੇ ਅੰਤਰਰਾਸ਼ਟਰੀ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਬਾਈਡੇਨ ਨੇ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ 90 ਦਿਨਾਂ ਦੇ ਅੰਦਰ ਰਿਪੋਰਟ ਦੇਣ ਨੂੰ ਕਿਹਾ ਸੀ। ਪਰ ਚੀਨ ਲਗਾਤਾਰ ਇਨ੍ਹਾਂ ਦੋਸ਼ਾਂ ਦਾ ਵਿਰੋਧ ਕਰਦਾ ਰਿਹਾ ਹੈ। ਟਰੰਪ ਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਚੀਨੀ ਵਾਇਰਸ ਕਹੇ ਜਾਣ ’ਤੇ ਚੀਨ ਨੇ ਜ਼ੋਰਦਾਰ ਇਤਰਾਜ਼ ਦਰਜ ਕਰਾਇਆ ਸੀ। ਹੁਣ ਵੀ ਉਹ ਜਾਂਚ ਲਈ ਹਾਮੀ ਨਹੀਂ ਭਰ ਰਿਹਾ।
Comment here