ਅਪਰਾਧਸਿਆਸਤਖਬਰਾਂ

ਚੀਨ ਨੇ ਲਹਾਸਾ ’ਚ ਖੋਲ੍ਹਿਆ ਡਾਟਾ ਐਪਲੀਕੇਸ਼ਨ ਸੈਂਟਰ

ਬੀਜਿੰਗ-ਚੀਨ ਦੀ ਕਮਿਊਨਿਸਟ ਸਰਕਾਰ ਨੇ ਲਹਾਸਾ ਵਿੱਚ ਇੱਕ ਨਵਾਂ ਅਤੇ ਵੱਡਾ ਡਾਟਾ ਆਪਰੇਸ਼ਨ ਸੈਂਟਰ ਖੋਲ੍ਹਿਆ ਹੈ, ਜਿਸ ਨੇ ਹੁਣ ਮਾਹਿਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੀਆਂ ਅੱਖਾਂ ਵਿੱਚ ਰੜਕਣਾ ਸ਼ੁਰੂ ਹੋ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੀ ਸਰਕਾਰ ਨੇ ਇੱਥੋਂ ਦੇ ਲੋਕਾਂ ਅਤੇ ਇੱਥੋਂ ਦੀ ਆਬਾਦੀ ’ਤੇ ਨਜ਼ਰ ਰੱਖਣ ਦੇ ਮਕਸਦ ਨਾਲ ਇਹ ਕੇਂਦਰ ਖੋਲ੍ਹਿਆ ਹੈ। ਚੀਨ ਇੱਥੋਂ ਦੇ ਲੋਕਾਂ ਦੀ ਹਰ ਚੀਜ਼ ’ਤੇ ਤਿੱਖੀ ਨਜ਼ਰ ਰੱਖਣਾ ਚਾਹੁੰਦਾ ਹੈ। ਇਸ ਵੱਡੇ ਡਾਟਾ ਸੈਂਟਰ ਦੀ ਸ਼ੁਰੂਆਤ ਪਿਛਲੇ ਮਹੀਨੇ ਹੀ ਹੋਈ ਸੀ। ਚੀਨ ਦੀ ਮੀਡੀਆ ਦਾ ਕਹਿਣਾ ਹੈ ਕਿ ਖੇਤਰੀ ਪੱਧਰ ’ਤੇ ਡਾਟਾ ਇੰਟੀਗ੍ਰੇਸ਼ਨ ਅਤੇ ਐਪਲੀਕੇਸ਼ਨ ਸ਼ੇਅਰਿੰਗ ਦੀ ਰਾਹ ਵੱਲ ਸਰਕਾਰ ਦਾ ਇਹ ਪਹਿਲਾ ਵੱਡਾ ਕਦਮ ਹੈ।
ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਇਸ ਡੇਟਾ ਸੈਂਟਰ ਦੇ ਸ਼ੁਰੂ ਹੋਣ ਨਾਲ ਇੱਥੇ ਡਿਜੀਟਲ ਸੇਵਾ ਨੂੰ ਰਫ਼ਤਾਰ ਮਿਲੇਗੀ। ਸਰਕਾਰੀ ਕੰਮਕਾਜ ਤੋਂ ਇਲਾਵਾ ਆਰਥਿਕ ਤਰੱਕੀ, ਸਮਾਜਿਕ ਸ਼ਾਸਨ, ਲੋਕਾਂ ਦਾ ਜੀਵਨ ਪੱਧਰ, ਬਾਜ਼ਾਰ ਦੀ ਨਿਗਰਾਨੀ, ਵਿੱਤ, ਸਰਹੱਦੀ ਸੁਰੱਖਿਆ, ਵਾਤਾਵਰਣ, ਸੁਰੱਖਿਆ, ਐਮਰਜੈਂਸੀ ਸੇਵਾ ਅਤੇ ਮਦਦ, ਸੱਭਿਆਚਾਰ ਅਤੇ ਸੈਰ-ਸਪਾਟੇ ਨੂੰ ਵੀ ਇਸ ਦਾ ਲਾਭ ਮਿਲੇਗਾ। ਹਾਲਾਂਕਿ ਇੱਥੇ ਮਨੁੱਖੀ ਅਧਿਕਾਰ ਕਾਰਕੁਨ ਅਜਿਹਾ ਨਹੀਂ ਮੰਨਦੇ। ਦੱਸ ਦਈਏ ਕਿ ਸਤੰਬਰ ’ਚ ਹੀ ਨਿਊਯਾਰਕ ਸਥਿਤ ਹਿਊਮਨ ਰਾਈਟਸ ਵਾਚ ਨੇ ਜਾਣਕਾਰੀ ਦਿੱਤੀ ਸੀ ਕਿ ਚੀਨ ਸਰਕਾਰ ਤਿੱਬਤ ਦੇ ਲੋਕਾਂ ’ਤੇ ਆਪਣੀ ਪਕੜ ਸਖਤ ਅਤੇ ਇਨ੍ਹਾਂ ਲੋਕਾਂ ’ਤੇ ਆਪਣੀ ਨਜ਼ਰ ਰੱਖਣ ਦੇ ਮਕਸਦ ਨਾਲ ਕੁਝ ਵੱਡਾ ਕਰਨ ਜਾ ਰਹੀ ਹੈ। ਇਸ ਰਿਪੋਰਟ ਵਿਚ ਇਥੋਂ ਤੱਕ ਵੀ ਕਿਹਾ ਗਿਆ ਸੀ ਕਿ ਚੀਨ ਤਿੱਬਤ ਦੇ ਲੋਕਾਂ ਦਾ ਡੀ.ਐੱਨ.ਏ. ਸੈਂਪਲ ਲੈ ਰਿਹਾ ਹੈ। ਤਿੱਬਤ ਆਟਾਨੋਮਸ ਰੀਜਨ ਦੇ ਕਈ ਪਿੰਡਾਂ, ਕਸਬਿਆਂ ’ਚ ਹੁਣ ਤੱਕ ਹਜ਼ਾਰਾਂ ਲੋਕਾਂ ਦਾ ਡੀ.ਐੱਨ.ਏ. ਸੈਂਪਲ ਲੈ ਚੁੱਕਾ ਹੈ।
ਹਿਊਮਨ ਰਾਈਟਸ ਵਾਚਡੌਗ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਿਹਾ ਗਿਆ ਕਿ ਇੱਥੋਂ ਦੇ ਲੋਕਾਂ ਨੂੰ ਇਸ ਲਈ ਇਨਕਾਰ ਕਰਨ ਦਾ ਅਧਿਕਾਰ ਨਹੀਂ ਹੈ। ਇਸ ਸਾਲ ਅਪ੍ਰੈਲ ਵਿੱਚ, ਲਹਾਸਾ ਦੇ ਸਿਟੀ ਵਾਚ ਨੇ ਜਾਣਕਾਰੀ ਦਿੱਤੀ ਸੀ ਕਿ ਸਾਰੇ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਡੀਐਨਏ ਨਮੂਨੇ ਲਏ ਜਾ ਰਹੇ ਹਨ। ਇਸ ਤੋਂ ਪਹਿਲਾਂ ਦਸੰਬਰ 2020 ਵਿੱਚ ਤਿੱਬਤ ਦੇ ਕਿੰਗਹਾਈ ਸੂਬੇ ਵਿੱਚ ਵੀ ਸਾਰੇ ਮੁੰਡਿਆਂ ਦੇ ਡੀਐਨਏ ਨਮੂਨੇ ਇਕੱਠੇ ਕਰਨ ਦੀ ਗੱਲ ਸਾਹਮਣੇ ਆਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂ ਤੋਂ ਹੀ ਚੀਨੀ ਸਰਕਾਰ ਇੱਥੋਂ ਦੇ ਲੋਕਾਂ ਨਾਲ ਦੋਹਰਾ ਮਾਪਦੰਡ ਅਪਣਾ ਰਹੀ ਹੈ। ਹਾਲ ਹੀ ’ਚ ਚੀਨ ਦੀ ਸਰਕਾਰ ਨੇ ਇਸ ਲਈ ਨਵੀਂ ਨੀਤੀ ਬਣਾਈ ਹੈ, ਜੋ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਚੀਨ ਦੀ ਸਰਕਾਰ ਤਿੱਬਤ ਦੇ ਲੋਕਾਂ ਦੀ ਆਜ਼ਾਦੀ ਖੋਹਣਾ ਚਾਹੁੰਦੀ ਹੈ ਅਤੇ ਉਨ੍ਹਾਂ ’ਤੇ ਕਈ ਪਾਬੰਦੀਆਂ ਲਗਾਉਣਾ ਚਾਹੁੰਦੀ ਹੈ।

Comment here