ਸਿਆਸਤਖਬਰਾਂਦੁਨੀਆ

ਚੀਨ ਨੇ ਮੈਂਡਰਿਨ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਮੁਹਿੰਮ ਕੀਤੀ ਤੇਜ਼

ਬੀਜਿੰਗ-ਬੀਤੇ ਦਿਨੀਂ ਚੀਨ ਦੀ ਕੈਬਨਿਟ, ਸਟੇਟ ਕੌਂਸਲ ਦੁਆਰਾ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਕਿ ਮੈਂਡਰਿਨ ਦੀ ਵਰਤੋਂ ‘‘ਅਸੰਤੁਲਿਤ ਅਤੇ ਅਢੁਕਵੀਂ” ਹੈ ਅਤੇ ਆਧੁਨਿਕ ਆਰਥਿਕਤਾ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇਸ ਵਿੱਚ ਸੁਧਾਰ ਕੀਤੇ ਜਾਣ ਦੀ ਲੋੜ ਹੈ। ਆਲੋਚਕਾਂ ਨੇ ਸਿੱਖਿਆ ਪ੍ਰਣਾਲੀ ਅਤੇ ਰੁਜ਼ਗਾਰ ਦੀਆਂ ਜ਼ਰੂਰਤਾਂ ਵਿੱਚ ਤਬਦੀਲੀਆਂ ਦਾ ਵਿਰੋਧ ਕੀਤਾ ਹੈ, ਜੋ ਘੱਟ ਗਿਣਤੀ ਭਾਸ਼ਾਵਾਂ ਦੇ ਖਾਤਮੇ ਦਾ ਕਾਰਨ ਬਣ ਰਹੀਆਂ ਹਨ। ਉਹਨਾਂ ਨੇ ਇਸ ਨੂੰ ਸੱਭਿਆਚਾਰ ਨੂੰ ਤਬਾਹ ਕਰਨ ਦੀ ਮੁਹਿੰਮ ਦੱਸਿਆ।
ਚੀਨ ਨੇ ਮੈਂਡਰਿਨ ਨੂੰ ਉਤਸ਼ਾਹਿਤ ਕਰਨ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ। ਚੀਨ ਨੇ ਕਿਹਾ ਹੈ ਕਿ 2025 ਤੱਕ ਉਸ ਦੇ 85 ਫੀਸਦੀ ਨਾਗਰਿਕ ਰਾਸ਼ਟਰੀ ਭਾਸ਼ਾ ਦੀ ਵਰਤੋਂ ਕਰਨਗੇ। ਇਸ ਪਹਿਲ ਨਾਲ ਚੀਨ ਦੀਆਂ ਖੇਤਰੀ ਉਪਭਾਸ਼ਾਵਾਂ ਜਿਵੇਂ ਕਿ ਕੈਂਟੋਨੀਜ਼ ਅਤੇ ਹੋਕੀਨ ’ਤੇ ਖਤਰਾ ਮੰਡਰਾਉਣ ਲੱਗਾ ਹੈ ਅਤੇ ਤਿੱਬਤੀ, ਮੰਗੋਲੀਆਈ ਅਤੇ ਉਇਗਰ ਵਰਗੀਆਂ ਘੱਟ ਗਿਣਤੀ ਭਾਸ਼ਾਵਾਂ ’ਤੇ ਵੀ ਦਬਾਅ ਵੱਧ ਗਿਆ ਹੈ।  2025 ਦੇ ਟੀਚੇ ਦੇ ਨਾਲ ਮੈਂਡਰਿਨ ਨੂੰ 2035 ਤੱਕ ਇੱਕ ਗਲੋਬਲ ਭਾਸ਼ਾ ਬਣਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਮੈਂਡਰਿਨ ਨੂੰ ਵਧਾਵਾ ਦੇਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਪਿਛਲੇ ਸਾਲ ਅੰਦਰੂਨੀ ਮੰਗੋਲੀਆ ਖੇਤਰ ਵਿੱਚ ਮੰਗੋਲੀਆਈ ਭਾਸ਼ਾ ਦੀ ਥਾਂ ਮੈਂਡਰਿਨ ਨੂੰ ਸਿੱਖਿਆ ਦੀ ਭਾਸ਼ਾ ਵਜੋਂ ਲਾਗੂ ਕਰਨ ਦਾ ਵਿਰੋਧ ਹੋਇਆ ਸੀ।

Comment here