ਸਿਆਸਤਖਬਰਾਂਦੁਨੀਆ

ਚੀਨ ਨੇ ਦੱਖਣ-ਪੂਰਬੀ ਏਸ਼ੀਆ ਨਾਲ ਦੋਸਤਾਨਾ ਸਬੰਧਾਂ ਨੂੰ ਦਰਸਾਇਆ

ਜਕਾਰਤਾ-ਇੱਥੇ ਹੋ ਰਹੇ ਆਸਿਆਨ ਸੰਮੇਲਨ ਦੌਰਾਨ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਦੌਰਾਨ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਤੇ ਖ਼ੇਤਰ ਦੇ ਚੋਟੀ ਦੇ ਵਪਾਰਕ ਸਾਂਝੇਦਾਰ ਦੇ ਰੂਪ ’ਚ ਆਪਣੇ ਦੇਸ਼ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
ਵਿਵਾਦਿਤ ਦੱਖਣੀ ਚੀਨ ਸਾਗਰ ’ਚ ਬੀਜਿੰਗ ਦੇ ਨਵੇਂ ਹਮਲੇ ਦੇ ਜਵਾਬ ’ਚ ਲੀ ਨੇ ਦੱਖਣ-ਪੂਰਬੀ ਏਸ਼ੀਆ ਨਾਲ ਚੀਨ ਦੇ ਦੋਸਤਾਨਾ ਸਬੰਧਾਂ ਦੇ ਲੰਬੇ ਇਤਿਹਾਸ ਦਾ ਹਵਾਲਾ ਦਿੱਤਾ, ਜਿਸ ’ਚ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਾਂਝੇ ਯਤਨਾਂ ਤੇ ਦੋਵਾਂ ਪੱਖਾਂ ਵਲੋਂ ਗੱਲਬਾਤ ਤੇ ਮੀਡੀਆ ਰਾਹੀਂ ਮਤਭੇਦਾਂ ਨੂੰ ਸੁਲਝਾਉਣ ਦਾ ਜ਼ਿਕਰ ਕੀਤਾ ਗਿਆ। ਲੀ ਨੇ ਕਿਹਾ, ‘‘ਜਿੰਨਾ ਚਿਰ ਅਸੀਂ ਸਹੀ ਰਸਤੇ ’ਤੇ ਚੱਲਦੇ ਹਾਂ, ਭਾਵੇਂ ਕੋਈ ਵੀ ਤੂਫ਼ਾਨ ਆਉਣ, ਚੀਨ-ਆਸਿਆਨ ਸਹਿਯੋਗ ਹਮੇਸ਼ਾ ਦੀ ਤਰ੍ਹਾਂ ਮਜ਼ਬੂਤ ਰਹੇਗਾ ਤੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅੱਗੇ ਵਧੇਗਾ।’’
ਇਸ ਦੇ ਨਾਲ ਹੀ ਦੱਖਣੀ ਚੀਨ ਸਾਗਰ ’ਚ ਚੀਨੀ ਹਮਲੇ ਦਾ ਵਿਰੋਧ ਕਰਦਿਆਂ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰ ਸੰਘ (ਆਸਿਆਨ) ਦੇ ਕੁਝ ਦੇਸ਼ਾਂ ਨੇ ਬੀਜਿੰਗ ’ਤੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਪਾਣੀਆਂ ’ਚ ਵਿਸਥਾਰਵਾਦੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ ਹੈ। ਦੂਜੇ ਦੇਸ਼ਾਂ ਦੇ ਨੇਤਾਵਾਂ ਨੇ ਚੀਨ ਦੇ ਨਵੇਂ ਨਕਸ਼ੇ ਦਾ ਵਿਰੋਧ ਕੀਤਾ ਹੈ। ਨੇਤਾਵਾਂ ਦਾ ਦੋਸ਼ ਹੈ ਕਿ ਨਕਸ਼ਾ ਬੀਜਿੰਗ ਵਲੋਂ ਉਨ੍ਹਾਂ ਦੇ ਤੱਟਵਰਤੀ ਪਾਣੀਆਂ ’ਚ ਕਬਜ਼ੇ ਨੂੰ ਦਰਸਾਉਂਦਾ ਹੈ। ਲੀ ਨੇ ਕਿਹਾ ਕਿ ਉਨ੍ਹਾਂ ਨੇ ਬਦਲਾਅ ਨਾਲ ਭਰੀ ਦੁਨੀਆ ’ਚ ਪੂਰਬੀ ਏਸ਼ੀਆ ’ਚ ਸ਼ਾਂਤੀ ਬਣਾਈ ਰੱਖੀ ਹੈ।

Comment here