ਸਿਆਸਤਖਬਰਾਂਦੁਨੀਆ

ਚੀਨ ਨੇ ਜੰਮੂ-ਕਸ਼ਮੀਰ ‘ਚ ਹੋਣ ਵਾਲੀ ਜੀ-20 ਮੀਟਿੰਗ ਦਾ ਕੀਤਾ ਬਾਈਕਾਟ

ਬੀਜਿੰਗ-ਭਾਰਤ 22 ਤੋਂ 24 ਮਈ ਤਕ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਵਿਚ ਤੀਜੀ ਜੀ-20 ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਜੰਮੂ-ਕਸ਼ਮੀਰ ਵਿਚ ਅਗਲੇ ਹਫ਼ਤੇ ਤੋਂ ਹੋਣ ਵਾਲੀ ਜੀ-20 ਮੀਟਿੰਗ ਵਿਚ ਸ਼ਾਮਲ ਨਹੀਂ ਹੋਵੇਗਾ ਤੇ ਉਹ ਇਸ ਤਰ੍ਹਾਂ ਦੀ ਮੀਟਿੰਗ ‘ਵਿਵਾਦਤ ਖੇਤਰ’ ਵਿਚ ਕਰਵਾਉਣ ਦਾ ਸਖ਼ਤੀ ਨਾਲ ਵਿਰੋਧ ਕਰਦਾ ਹੈ। ਚੀਨ ਪਾਕਿਸਤਾਨ ਦਾ ਕਰੀਬੀ ਸਹਿਯੋਗੀ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਸ਼੍ਰੀਨਗਰ ਵਿਚ ਇਸ ਤਰ੍ਹਾਂ ਦੇ ਕੌਮਾਂਤਰੀ ਆਯੋਜਨ ਨਾਲ ਦੇਸ਼ ਤੇ ਦੁਨੀਆ ਵਿਚ ਹਾਂ ਪੱਖੀ ਸੁਨੇਹਾ ਜਾਵੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਇੱਥੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ, “ਚੀਨ ਵਿਵਾਦਤ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਜੀ-20 ਮੀਟਿੰਗ ਕਰਵਾਉਣ ਦਾ ਸਖ਼ਤੀ ਨਾਲ ਵਿਰੋਧ ਕਰਦਾ ਹੈ। ਅਸੀਂ ਅਜਿਹੀਆਂ ਮੀਟਿੰਗਾਂ ਵਿਚ ਸ਼ਾਮਲ ਨਹੀਂ ਹੋਵਾਂਗੇ।”
ਦੱਸ ਦੇਈਏ ਕਿ ਪਾਕਿਸਤਾਨ ਤੇ ਚੀਨ ਨੇ ਪਹਿਲਾਂ ਵੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਬਾਰੇ ਕਈ ਟਿੱਪਣੀਆਂ ਕੀਤੀਆਂ ਹਨ। ਭਾਰਤ ਪਹਿਲਾਂ ਵੀ ਜੰਮੂ-ਕਸ਼ਮੀਰ ‘ਤੇ ਚੀਨ ਤੇ ਪਾਕਿਸਤਾਨ ਦੇ ਬਿਆਨਾਂ ਨੂੰ ਖਾਰਿਜ ਕਰ ਚੁੱਕਿਆ ਹੈ। ਜੂਨ 2020 ਵਿਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਤਿੱਖੀ ਝੜਪ ਤੋਂ ਬਾਅਦ ਦੁਵੱਲੇ ਸਬੰਧਾਂ ਵਿਚ ਕਾਫ਼ੀ ਤਣਾਅ ਪੈਦਾ ਹੋ ਗਿਆ। ਭਾਰਤ ਨੇ ਕਿਹਾ ਕਿ ਜਦੋਂ ਤਕ ਸਰਹੱਦੀ ਖੇਤਰ ਵਿਚ ਸ਼ਾਂਤੀ ਨਹੀਂ ਹੋਵੇਗੀ, ਉਦੋਂ ਤਕ ਦੁਵੱਲੇ ਸਬੰਧ ਆਮ ਨਹੀਂ ਹੋ ਸਕਦੇ। ਭਾਰਤ ਤੇ ਚੀਨ ਵਿਚਾਲੇ 3 ਸਾਲਾਂ ਤੋਂ ਪੂਰਬੀ ਲੱਦਾਖ ਵਿਚ ਰੇੜਕਾ ਹੈ।

Comment here