ਬੀਜਿੰਗ-ਚੀਨ ਸ਼੍ਰੀਲੰਕਾ ਦੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਜਿੱਥੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਰਿਹਾਇਸ਼ ‘ਤੇ ਹੱਲਾ ਬੋਲ ਦਿੱਤਾ ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਚ ਅੱਗ ਲਾ ਦਿੱਤੀ। ਸ਼੍ਰੀਲੰਕਾ ‘ਚ ਅਰਬਾਂ ਡਾਲਰ ਦਾ ਨਿਵੇਸ਼ ਕਰਨ ਵਾਲੇ ਚੀਨ ਨੇ ਟਾਪੂ ਦੇਸ਼ ਸ਼੍ਰੀਲੰਕਾ ‘ਚ ਮੌਜੂਦ ਆਪਣੇ ਸੈਂਕੜੇ ਨਾਗਰਿਕਾਂ ਨੂੰ ਹਿਦਾਇਤ ਜਾਰੀ ਕਰਦੇ ਹੋਏ ਉਥੇ ਕਿਸੇ ਵੀ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਨਹੀਂ ਲੈਣ ਦੀ ਚਿਤਾਵਨੀ ਦਿੱਤੀ ਹੈ।
ਸਰਕਾਰ ਦੇ ਕੰਟਰੋਲ ਵਾਲੀ ਅਖ਼ਬਾਰ ‘ਗਲੋਬਲ ਟਾਈਮਸ’ ਦੇ ਮੁਤਾਬਕ ਕੋਲੰਬੋ ‘ਚ ਚੀਨੀ ਦੂਤਘਰ ਨੇ ਸ਼ਨੀਵਾਰ ਨੂੰ ਇਕ ਨੋਟਿਸ ਜਾਰੀ ਕੀਤਾ, ਜਿਸ ‘ਚ ਸ਼੍ਰੀਲੰਕਾ ‘ਚ ਚੀਨੀ ਨਾਗਰਿਕਾਂ ਨੂੰ ਸਥਾਨਕ ਸੁਰੱਖਿਆ ਸਥਿਤੀ ‘ਤੇ ਪੂਰਾ ਧਿਆਨ ਦੇਣ ਤੇ ਵਿਰੋਧ ਦੇ ਫ਼ੈਲਣ ਦੇ ਮੱਦੇਨਜ਼ਰ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ।
ਦੂਤਘਰ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਚੀਨੀ ਨਾਗਰਿਕ ਸਾਵਧਾਨ ਰਹਿਣ ਤੇ ਸੁਰੱਖਿਅਤ ਰਹਿਣ, ਬਾਹਰ ਜਾਣ ਤੋਂ ਬਚਣ ਤੇ ਦੂਤਘਰ ਦੇ ਨੋਟਿਸ ਤੇ ਸਮੇਂ-ਸਮੇਂ ‘ਤੇ ਦਿੱਤੀਆਂ ਜਾਣ ਵਾਲੀਆਂ ਸੂਚਨਾਵਾਂ ਤੋਂ ਜਾਣੂ ਰਹਿਣ। ਚੀਨ ਦੇ ਸੈਂਕੜੇ ਨਾਗਰਿਕ ਸ਼੍ਰੀਲੰਕਾ ‘ਚ ਅਰਬਾਂ ਡਾਲਰ ਦੇ ਨਿਵੇਸ਼ ਨਾਲ ਬਣਾਏ ਜਾ ਰਹੇ ਚੀਨ ਦੇ ਵੱਖ-ਵੱਖ ਪ੍ਰਾਜੈਕਟ ‘ਚ ਕੰਮ ਕਰਦੇ ਹਨ। ਇਨ੍ਹਾਂ ਪ੍ਰਾਜੈਕਟਾਂ ‘ਚ ਹੰਬਨਟੋਟਾ ਬੰਦਰਗਾਹ ਤੇ ਕੋਲੰਬੋ ਬੰਦਰਗਾਹ ਸ਼ਹਿਰ ਪ੍ਰਾਜੈਕਟ ਸ਼ਾਮਲ ਹਨ। ਅਖ਼ਬਾਰ ਦੇ ਮੁਤਾਬਕ ਚੀਨੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਨਾ ਹੋਣ ਤੇ ਨਾਲ ਹੀ ਕਿਹਾ ਕਿ ਉਸ ਦੇ ਨਾਗਰਿਕ ਕਿਸੇ ਵੀ ਪ੍ਰਦਰਸ਼ਨ ਨੂੰ ਦੇਖਣ ਲਈ ਬਾਹਰ ਨਾ ਨਿਕਲਣ।
ਚੀਨ ਨੇ ਆਪਣੇ ਨਾਗਰਿਕਾਂ ਨੂੰ ਸ੍ਰੀਲੰਕਾ ਹਿੰਸਕ ਪ੍ਰਦਰਸ਼ਨਾਂ ’ਚ ਜਾਣ ਤੋਂ ਵਰਜਿਆ

Comment here