ਸਿਆਸਤਖਬਰਾਂਦੁਨੀਆ

ਚੀਨ ਨੂੰ ਤਾਲਿਬਾਨ ਨੇ ਸਭ ਤੋਂ ਖਾਸ ਕਰੀਬੀ ਦੱਸਿਆ

ਪੇਸ਼ਾਵਰ – ਯੁੱਧ ਪ੍ਰਭਾਵਿਤ ਅਫ਼ਗਾਨਿਸਤਾਨ ਵੱਡੇ ਪੱਧਰ ’ਤੇ ਭੁੱਖਮਰੀ ਅਤੇ ਆਰਥਿਕ ਸੰਕਟ ਦੇ ਖ਼ਦਸ਼ੇ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਦਰਮਿਆ ਤਾਲਿਬਾਨ ਨੇ ਚੀਨ ਨੂੰ ਆਪਣਾ ‘ਸਭ ਤੋਂ ਅਹਿਮ ਭਾਈਵਾਲ’ ਦੱਸਦਿਆਂ ਕਿਹਾ ਹੈ ਕਿ ਉਸ ਨੂੰ ਅਫ਼ਗਾਨਿਸਤਾਨ ਦੇ ਪੁਨਰ-ਨਿਰਮਾਣ ਤੇ ਤਾਂਬੇ ਦੇ ਉਸ ਦੇ ਖੁ਼ਸ਼ਹਾਲ ਭੰਡਾਰ ਦਾ ਦੋਹਨ ਕਰਨ ਲਈ ਚੀਨ ਤੋਂ ਉਮੀਦ ਹੈ।  ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਇਹ ਸਮੂਹ ਚੀਨ ਦੀ ‘ਵਨ ਬੈਲਟ, ਵਨ ਰੋਡ’ ਪਹਿਲ ਦਾ ਸਮਰਥਨ ਕਰਦਾ ਹੈ, ਜੋ ਬੰਦਰਗਾਹਾਂ, ਰੇਲਵੇ, ਸੜਕਾਂ ਅਤੇ ਉਦਯੋਗਿਕ ਪਾਰਕਾਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਚੀਨ ਨੂੰ ਅਫਰੀਕਾ, ਏਸ਼ੀਆ ਅਤੇ ਯੂਰਪ ਨਾਲ ਜੋੜੇਗੀ। ਜਿਓ ਨਿਊਜ਼ ਨੇ ਮੁਜਾਹਿਦ ਦੇ ਹਵਾਲੇ ਨਾਲ ਕਿਹਾ, ‘‘ਚੀਨ ਸਾਡਾ ਸਭ ਤੋਂ ਮਹੱਤਵਪੂਰਨ ਭਾਈਵਾਲ ਹੈ ਅਤੇ ਸਾਡੇ ਲਈ ਇੱਕ ਬੁਨਿਆਦੀ ਅਤੇ ਵਿਸ਼ੇਸ਼ ਮੌਕਾ ਪੇਸ਼ ਕਰਦਾ ਹੈ ਕਿਉਂਕਿ ਇਹ ਸਾਡੇ ਦੇਸ਼ ’ਚ ਨਿਵੇਸ਼ ਅਤੇ ਮੁੜ ਨਿਰਮਾਣ ਲਈ ਤਿਆਰ ਹੈ।’’ ਮੁਜਾਹਿਦ ਨੇ ਵੀਰਵਾਰ ਇੱਕ ਇਤਾਲਵੀ ਅਖਬਾਰ ਨੂੰ ਦਿੱਤੇ ਇੰਟਰਵਿਊ ’ਚ ਇਹ ਟਿੱਪਣੀ ਕੀਤੀ। ਮੁਜਾਹਿਦ ਨੇ ਕਿਹਾ, ‘‘ਦੇਸ਼ ’ਚ ਤਾਂਬੇ ਦੀਆਂ ਬਹੁਤ ਸਾਰੀਆਂ ਖਾਨਾਂ ਹਨ, ਜਿਨ੍ਹਾਂ ਨੂੰ ਚੀਨ ਦੀ ਸਹਾਇਤਾ ਨਾਲ ਮੁੜ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਚੀਨ ਦੁਨੀਆ ਭਰ ਦੇ ਬਾਜ਼ਾਰਾਂ ਲਈ ਸਾਡਾ ਰਸਤਾ ਹੈ।’’ ਚੀਨ ਤਾਲਿਬਾਨ ਪ੍ਰਤੀ ਕੁਝ ਸਾਕਾਰਾਤਮਕ ਬਿਆਨ ਦੇ ਰਿਹਾ ਹੈ ਅਤੇ ਉਮੀਦ ਜਤਾਈ ਹੈ ਕਿ ਵਿਦਰੋਹੀ ਉਦਾਰ ਅਤੇ ਸੂਝਵਾਨ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਦੀ ਪਾਲਣਾ ਕਰਨਗੇ, ਹਰ ਤਰ੍ਹਾਂ ਦੇ ਅੱਤਵਾਦ ਦਾ ਮੁਕਾਬਲਾ ਕਰਨਗੇ, ਦੂਜੇ ਦੇਸ਼ਾਂ ਨਾਲ ਸਦਭਾਵਨਾ ਨਾਲ ਰਹਿਣਗੇ ਅਤੇ ਆਪਣੇ ਲੋਕਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਸੁਰੱਖਿਆ ਦੀਆਂ ਇੱਛਾਵਾਂ ਰੱਖਣਗੇ। ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਰੂਸ ਨੂੰ ਵੀ ਇਕ ਅਹਿਮ ਭਾਈਵਾਲ ਦੇ ਰੂਪ ਦੇਖਦਾ ਹੈ ਅਤੇ ਰੂਸ ਨਾਲ ਚੰਗੇ ਸਬੰਧ ਕਾਇਮ ਰੱਖੇਗਾ। ਇਸ ਤੋਂ ਪਹਿਲਾਂ ਭਾਰਤ ਬਾਰੇ ਵੀ ਤਾਲਿਬਾਨ ਅਜਿਹੇ ਬਿਆਨ ਦੇ ਚੁੱਕਿਆ ਹੈ।

Comment here