ਸਿਆਸਤਖਬਰਾਂਦੁਨੀਆ

ਚੀਨ ਨੂੰ ਟੱਕਰ ਦੇਣ ਲਈ ਅਮਰੀਕਾ ਵਧਾਏਗਾ ਗੁਆਮ-ਆਸਟ੍ਰੇਲੀਆ ’ਚ ਫੌਜੀ ਸ਼ਕਤੀ

ਵਾਸ਼ਿੰਗਟਨ-ਅਮਰੀਕਾ ਦੱਖਣੀ ਚੀਨ ਸਾਗਰ ਅਤੇ ਜਾਪਾਨ ਦੇ ਤੱਟ ’ਤੇ ਚੀਨ ਦੇ ਵਧਦੇ ਜ਼ੁਲਮ ’ਤੇ ਲਗਾਮ ਲਗਾਉਣ ਲਈ ਗੁਆਮ ਅਤੇ ਆਸਟ੍ਰੇਲੀਆ ’ਚ ਸਥਿਤ ਪ੍ਰਸ਼ਾਂਤ ਮਹਾਸਾਗਰ ’ਚ ਆਪਣੇ ਫੌਜੀ ਟਿਕਾਣਿਆਂ ਦਾ ਆਧੁਨਿਕੀਕਰਨ ਕਰ ਰਿਹਾ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਆਪਣੀ ਵਿਆਪਕ ਸਮੀਖਿਆ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਚੀਨ ਅਤੇ ਰੂਸ ਦੇ ਖਤਰੇ ਨਾਲ ਨਜਿੱਠਣ ਲਈ ਬਣਾਏ ਗਏ ਫੌਜੀ ਟਿਕਾਣਿਆਂ ’ਤੇ ਫੌਜਾਂ ਦੀ ਤਾਇਨਾਤੀ ਵਧਾਈ ਜਾਵੇਗੀ। ਪੈਂਟਾਗਨ ਦੀ ਚੋਟੀ ਦੀ ਅਧਿਕਾਰੀ ਮਾਰਾ ਕਾਰਲਿਨ ਨੇ ਕਿਹਾ ਕਿ ਚੀਨ ਦੇ ਖਤਰੇ ਨਾਲ ਨਜਿੱਠਣ ਲਈ ਗੁਆਮ ਅਤੇ ਆਸਟ੍ਰੇਲੀਆ ’ਚ ਫੌਜੀ ਤਾਇਨਾਤੀ ਵਧਾਈ ਜਾਵੇਗੀ। ਉਸ ਨੇ ਕਿਹਾ, ’ਆਸਟ੍ਰੇਲੀਆ ਵਿੱਚ ਤੁਸੀਂ ਦੇਖੋਗੇ ਕਿ ਨਵੇਂ ਲੜਾਕੂ ਅਤੇ ਬੰਬਾਰ ਤਾਇਨਾਤ ਕੀਤੇ ਜਾਣਗੇ। ਤੁਸੀਂ ਦੇਖੋਗੇ ਕਿ ਪੈਦਲ ਸੈਨਾ ਦੀ ਸਿਖਲਾਈ ਵਧੇਗੀ ਅਤੇ ਰਣਨੀਤਕ ਕਿਲਾਬੰਦੀ ਵਿੱਚ ਸਹਿਯੋਗ ਵਧੇਗਾ। ਗੁਆਮ ਅਤੇ ਆਸਟ੍ਰੇਲੀਆ ਵਿੱਚ ਅਮਰੀਕਾ ਦੀ ਫੌਜੀ ਕਿਲਾਬੰਦੀ ਭਾਰਤ ਲਈ ਚੰਗੀ ਖਬਰ ਹੈ।
ਅਮਰੀਕਾ ਪੱਛਮੀ ਏਸ਼ੀਆ ਵਿੱਚ ਆਪਣੀਆਂ ਫੌਜਾਂ ਦੀ ਤਾਇਨਾਤੀ ਨੂੰ ਬਰਕਰਾਰ ਰੱਖੇਗਾ
ਭਾਰਤ, ਤਾਇਵਾਨ, ਜਾਪਾਨ ਅਤੇ ਦੱਖਣ ਪੂਰਬੀ ਏਸ਼ੀਆ ਦੇ ਦੇਸ਼ ਚੀਨ ਦੇ ਹਮਲਾਵਰ ਰੁਖ ਤੋਂ ਪ੍ਰੇਸ਼ਾਨ ਹਨ। ਚੀਨ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ ਸਰਹੱਦ ’ਤੇ ਵੱਡੇ ਪੱਧਰ ’ਤੇ ਹਥਿਆਰ ਤਾਇਨਾਤ ਕਰ ਰਿਹਾ ਹੈ। ਐਲਏਸੀ ’ਤੇ ਹਜ਼ਾਰਾਂ ਚੀਨੀ ਸੈਨਿਕ ਤਾਇਨਾਤ ਹਨ।ਅਮਰੀਕਾ ਦੀ ਇਸ ਤਾਇਨਾਤੀ ਨਾਲ ਚੀਨ ਨੂੰ ਦੋਵਾਂ ਮੋਰਚਿਆਂ ’ਤੇ ਸੰਘਰਸ਼ ਕਰਨਾ ਪਵੇਗਾ।ਇਸ ਤੋਂ ਇਲਾਵਾ ਈਰਾਨ ’ਤੇ ਲਗਾਮ ਲਗਾਉਣ ਲਈ ਅਮਰੀਕਾ ਪੱਛਮੀ ਏਸ਼ੀਆ ’ਚ ਆਪਣੀਆਂ ਫੌਜਾਂ ਦੀ ਤਾਇਨਾਤੀ ਜਾਰੀ ਰੱਖੇਗਾ। ਪੈਂਟਾਗਨ ਦੀ ਚੋਟੀ ਦੀ ਅਧਿਕਾਰੀ ਮਾਰਾ ਕਾਰਲਿਨ ਨੇ ਕਿਹਾ ਹੈ ਕਿ ਯੂਰਪ ’ਚ ਰੂਸ ਦੇ ਹਮਲੇ ’ਤੇ ਰੋਕ ਲਗਾਉਣ ਲਈ ਭਰੋਸੇਯੋਗ ਤਾਕਤ ਵਧਾਈ ਜਾਵੇਗੀ ਤਾਂ ਕਿ ਨਾਟੋ ਫੌਜਾਂ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਣ।
ਅਮਰੀਕਾ ਨੂੰ ਸਭ ਤੋਂ ਵੱਡਾ ਖ਼ਤਰਾ ਚੀਨ ਤੋਂ ਹੈ
ਦਰਅਸਲ, ਅਮਰੀਕਾ ਨੇ ਮੰਨਿਆ ਹੈ ਕਿ ਜੇਕਰ ਉਸ ਨੂੰ ਕਿਸੇ ਦੇਸ਼ ਤੋਂ ਸਭ ਤੋਂ ਵੱਧ ਖ਼ਤਰਾ ਹੈ ਤਾਂ ਉਹ ਚੀਨ ਹੈ। ਇਸ ਦੇ ਨਾਲ ਹੀ ਰੂਸ ਅਤੇ ਈਰਾਨ ਨੂੰ ਦੂਜੇ ਅਤੇ ਤੀਜੇ ਵਿਰੋਧੀ ਮੰਨਿਆ ਜਾਂਦਾ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਨਾਲ ਮੁਕਾਬਲਾ ਕਰਨ ਲਈ, ਅਮਰੀਕੀ ਰੱਖਿਆ ਵਿਭਾਗ ਗੁਆਮ ਅਤੇ ਆਸਟ੍ਰੇਲੀਆ ਵਿਚ ਫੌਜੀ ਸਹੂਲਤਾਂ ਨੂੰ ਅਪਗ੍ਰੇਡ ਅਤੇ ਵਿਸਤਾਰ ਕਰੇਗਾ।ਇਸ ਤੋਂ ਇਲਾਵਾ ਅਮਰੀਕਾ ਨੇ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਖੇਤਰ ਦੇ ਕਈ ਟਾਪੂਆਂ ’ਤੇ ਬੁਨਿਆਦੀ ਢਾਂਚਾ ਬਣਾਉਣ ਅਤੇ ਰੋਤੇਸ਼ਪਾਲ ਬੇਸ ’ਤੇ ਜਹਾਜ਼ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਇੰਨਾ ਹੀ ਨਹੀਂ ਚੀਨ ਦੀ ਤਾਨਾਸ਼ਾਹੀ ਨੂੰ ਰੋਕਣ ਲਈ ਅਮਰੀਕਾ ਨੇ ਸਹਿਯੋਗ ਨੀਤੀ ਰਾਹੀਂ ਆਪਣੇ ਮਿੱਤਰ ਦੇਸ਼ਾਂ ਨਾਲ ਗਠਜੋੜ ’ਚ ਕੰਮ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਤੰਬਰ ਵਿੱਚ ਹੀ ਇਸ ਦਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਸੀ।
ਚੀਨ ਅਤੇ ਅਮਰੀਕਾ ਦੇ ਕਈ ਬਾਕੀ ਮੁੱਦਿਆਂ ਨੂੰ ਲੈ ਕੇ ਵਿਵਾਦ
ਅਮਰੀਕਾ ਨੇ ਇਹ ਕਦਮ ਬ੍ਰਿਟੇਨ ਅਤੇ ਆਸਟ੍ਰੇਲੀਆ ਵਿਚਾਲੇ ਨਵੇਂ ਰੱਖਿਆ ਗਠਜੋੜ ਦੇ ਗਠਨ ਤੋਂ ਬਾਅਦ ਚੁੱਕਿਆ ਹੈ। ਦਰਅਸਲ, ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਨੇ ਹਾਲ ਹੀ ਵਿਚ ਇਕ ਤਿਕੋਣੀ ਸੁਰੱਖਿਆ ਸਮਝੌਤੇ ਦਾ ਐਲਾਨ ਕੀਤਾ ਹੈ, ਜਿਸ ਨੂੰ ’ਓਕਸ’ ਦਾ ਨਾਂ ਦਿੱਤਾ ਗਿਆ ਹੈ। ਅਮਰੀਕਾ ਵੱਲੋਂ ਇਹ ਕਦਮ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਅਮਰੀਕਾ ਹਮੇਸ਼ਾ ਚੀਨ ’ਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਇਲਾਵਾ ਤਾਇਵਾਨ ਅਤੇ ਦੱਖਣੀ ਚੀਨ ਸਾਗਰ ਦਾ ਮੁੱਦਾ ਵੀ ਉਠਾਉਂਦਾ ਰਿਹਾ ਹੈ।

Comment here