ਸਿਆਸਤਵਿਸ਼ੇਸ਼ ਲੇਖ

ਚੀਨ ਦੇ ‘ਸੁਪਰ ਪਾਵਰ’ ਬਣਨ ਦੇ ਚੱਕਰ ਚ ਭਾਰਤ ਨਾਲ ਅੜਿੱਕਣੇ ਮੜਿੱਕਣੇ

ਚੀਨ ਤੇ ਭਾਰਤ ਵਿਚਕਾਰ ਚਲ ਰਹੀ ਗੱਲਬਾਤ ਮੁੜ ਤੋਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੀ ਭਾਵੇਂ ਇਸ ਵਾਰ ਦੀ ਇਹ 13ਵੀਂ ਬੈਠਕ ਸੀ। ਗੱਲਬਾਤ ਦੀ ਇਸ ਨਾਕਾਮੀ ਪਿੱਛੇ ਭਾਰਤ ਸਰਕਾਰ ਵਲੋਂ ਲਿਆ ਇਕ ਸਖ਼ਤ ਸਟੈਂਡ ਵੀ ਹੈ। ਆਜ਼ਾਦੀ ਮਗਰੋਂ ਭਾਰਤ ਨਾਲ ਚੀਨ ਦੀ ਜੰਗ ਮਗਰੋਂ, ਚੀਨ ਸਲਾਮੀ ਦੀ ਟੁਕੜੀ ਵਾਲੀ ਨੀਤੀ ਅਪਣਾ ਕੇ, ਹੌਲੀ ਹੌਲੀ ਭਾਰਤ ਦੀ ਸੀਮਾ ਰੇਖਾ ਪਾਰ ਕਰ ਕੇ ਅੱਗੇ ਹੀ ਵਧਦਾ ਆਇਆ ਹੈ। ‘ਸਲਾਮੀ’ ਨੀਤੀ ਇਹ ਹੁੰਦੀ ਹੈ ਕਿ ਤੁਸੀਂ ਛੋਟੇ ਛੋਟੇ ਟੁਕੜੇ ਤੇ ਅਪਣੇ ਕਦਮ ਵਧਾਉਂਦੇ ਰਹੋ। ਅੱਜ ਤਕ ਕਦੇ ਵੀ ਭਾਰਤ ਚੀਨ ਨਾਲ ਸਿੱਧੇ ਤੌਰ ਉਤੇ ਇਸ ਤਰ੍ਹਾਂ ਆਹਮੋ ਸਾਹਮਣਾ ਨਹੀਂ ਹੋਇਆ। ਚੀਨ ਇਸ ਨੂੰ ਭਾਰਤ ਵਲੋਂ ਅਪਣੀ ਤਾਕਤ ਵਧਾਉਣ ਦੇ ਕਦਮ ਵਜੋਂ ਵੇਖ ਰਿਹਾ ਹੈ ਜਿਸ ਦੇ ਸਿੱਧੇ ਤਾਰ ਭਾਰਤ ਦੀ ਅਮਰੀਕਾ ਨਾਲ ਵਧਦੀ ਨੇੜਤਾ ਨਾਲ ਜੋੜੇ ਜਾਂਦੇ ਹਨ। ਪਰ ਭਾਰਤ ਤੇ ਅਮਰੀਕਾ ਦੀ ਨੇੜਤਾ ਵਿਚਕਾਰ ਭਾਰਤ ਨਾਲ ਰੂਸ ਦੀ ਨੇੜਤਾ ਵੀ ਆੜੇ ਆਉਂਦੀ ਹੈ ਕਿਉਂਕਿ ਆਜ਼ਾਦ ਭਾਰਤ ਹਮੇਸ਼ਾ ਹੀ ਰੂਸ ਦੇ ਕਰੀਬ ਰਿਹਾ ਹੈ। ਚੀਨ ਨੂੰ ਵੀ ਜਾਪਦਾ ਹੈ ਕਿ ਭਾਰਤ ਦੀ ਚੀਨ ਨਾਲ ਨੇੜਤਾ ਨਾਲ ਭਾਰਤ ਵਲੋਂ ਉਸ ਕੋਲੋਂ ਅਸਲੇ ਦੀ ਮੰਗ ਵਧ ਸਕਦੀ ਹੈ। ਭਾਰਤ ਹੁਣ ਤਕ ਰੂਸ ਤੋਂ ਹੀ ਅਸਲਾ ਖ਼ਰੀਦਦਾ ਆਇਆ ਹੈ। ਪਰ ਜਦੋਂ ਭਾਰਤ ਨਾਲ ਅਮਰੀਕਾ ਦੇ ਰਿਸ਼ਤੇ ਬਣੇ, ਭਾਰਤ ਅਮਰੀਕਾ ਤੋਂ ਕੁੱਝ ਅਸਲਾ ਖ਼ਰੀਦ ਵੀ ਆਇਆ ਪਰ ਅਮਰੀਕਾ ਵਲੋਂ ਭਾਰਤ ਦੀ ਤਾਕਤ ਵਧਾਉਣ ਲਈ ਕੋਈ ਖ਼ਾਸ ਕਦਮ ਨਾ ਚੁਕਿਆ ਗਿਆ। ਭਾਰਤ ਅਪਣੀ ਸਮੁੰਦਰੀ ਤਾਕਤ ਵੀ ਵਧਾ ਰਿਹਾ ਹੈ ਤੇ ਚਾਹੁੰਦਾ ਹੈ ਕਿ ਭਾਰਤ ਦੀ, ਅਪਣੇ ਸਮੁੰਦਰੀ ਪਾਣੀਆਂ ਤੇ 1500 ਕਿਲੋਮੀਟਰ ਤਕ ਪੂਰੀ ਨਜ਼ਰ ਰਹੇ। ਇਹ ਸਰਦਾਰੀ  ਚੀਨ ਨੂੰ ਚੁਭਦੀ ਹੈ ਕਿਉਂਕਿ ਉਹ ਅਪਣੇ ਆਪ ਨੂੰ ਸੱਭ ਤੋਂ ਤਾਕਤਵਰ ਦੇਸ਼ ਵਜੋਂ ਵੇਖਦਾ ਹੈ। ਇਸ ਸੋਚ ਨੂੰ ਅੱਗੇ ਵਧਾਉਣ ਦੇ ਨਜ਼ਰੀਏ ਨਾਲ ਚੀਨ ਨੇ ਭਾਰਤ ਦੇ ਸਾਰੇ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾ ਲਏ ਹਨ। ਇਸ ਸਾਰੇ ਹਿੱਸੇ ਵਿਚ ਵਪਾਰ ਵਧਾਉਣ ਵਾਸਤੇ ਜੋ ਸੜਕ ਕੱਢੀ ਜਾ ਰਹੀ ਹੈ, ਉਸ ਨਾਲ ਸਾਰੇ ਦੇਸ਼ਾਂ ਦਾ ਆਰਥਕ ਵਿਕਾਸ ਹੋਵੇਗਾ ਤੇ ਨਾਲ ਹੀ ਉਨ੍ਹਾਂ ਦਾ ਚੀਨ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਜਾਏਗਾ।ਇਹੀ ਕਾਰਨ ਹੈ ਕਿ ਚੀਨ ਵੀ ਅਪਣੀ ਮਰਜ਼ੀ ਕਰਨ ਦੀ ਜ਼ਿੱਦ ਤੇ ਅੜਿਆ ਹੈ ਅਤੇ ਭਾਰਤ ਵੀ ਅਪਣੇ ਆਪ ਨੂੰ ਅਮਰੀਕਾ ਦੇ ਸਾਥੀ ਵਜੋਂ ਤਾਕਤਵਰ ਸਮਝ ਰਿਹਾ ਹੈ। ਅਮਰੀਕਾ ਦਾ ਭਾਰਤ ਨਾਲ ਰਿਸ਼ਤਾ ਉਹ ਨਹੀਂ ਜੋ ਉਸ ਦਾ ਪਾਕਿਸਤਾਨ ਨਾਲ ਹੈ। ਅਮਰੀਕਾ ਪਾਕਿਸਤਾਨ ਦੀ ਮਦਦ ਦਿਲ ਖੋਲ੍ਹ ਕੇ ਕਰਦਾ ਸੀ ਪਰ ਭਾਰਤ ਨੂੰ ਅਮਰੀਕਾ ਅਜੇ ਵੀ ਅਪਣਾ ਅਸਲਾ ਵੇਚਣ ਦੀ ਵੱਡੀ ਮਾਰਕੀਟ ਸਮਝ ਰਿਹਾ ਹੈ। ਦੂਜੇ ਪਾਸੇ ਅਮਰੀਕਾ ਦੀ ਨਵੀਂ ਸਰਕਾਰ ਚੀਨ ਨਾਲ ਵੀ ਰਿਸ਼ਤੇ ਸੁਧਾਰਨਾ ਚਾਹੁੰਦੀ ਹੈ ਤੇ ਦੁਨੀਆਂ ਵਿਚ ਅਪਣੀ ਦਖ਼ਲ-ਅੰਦਾਜ਼ੀ ਘਟਾਉਣਾ ਚਾਹੁੰਦੀ ਹੈ। ਅਫ਼ਗ਼ਾਨਿਸਤਾਨ ਵਿਚੋਂ ਅਪਣੇ ਆਪ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਣ ਦੇ ਚੱਕਰ ਵਿਚ ਅਮਰੀਕਾ ਨੇ ਅਪਣਾ ਅਸਲਾ ਵੀ ਤਾਲਿਬਾਨ ਨੂੰ ਸੌਂਪ ਦਿਤਾ। ਸੋ ਜਿਥੇ ਭਾਰਤ ਅਮਰੀਕਾ ਨਾਲ ਵਧਦੀ ਨੇੜਤਾ ਕਾਰਨ ਚੀਨ ਨਾਲ ਸਖ਼ਤੀ ਨਾਲ ਪੇਸ਼ ਆ ਰਿਹਾ ਹੈ, ਉਥੇ ਚੀਨ ਅਪਣੀ ਜ਼ਿੱਦ ਦਾ ਕਾਰਨ ਆਪ ਹੈ। ਚੀਨ ਇਸ ਸਮੇਂ ਦੁਨੀਆਂ ਵਿਚ ਸੁਪਰ ਪਾਵਰ ਅਖਵਾਉਣ ਦੀ ਕਾਹਲ ਵਿਚ ਅਮਰੀਕਾ ਨੂੰ ਜ਼ੋਰਦਾਰ ਟੱਕਰ ਦੇਣ ਦੀ ਤਿਆਰੀ ਵਿਚ ਹੈ। ਨਾ ਉਹ ਪੈਸੇ ਲਈ ਤੇ ਨਾ ਹੀ ਅਸਲੇ ਵਾਸਤੇ ਕਿਸੇ ਹੋਰ ’ਤੇ ਨਿਰਭਰ ਹੈ। ਇਨ੍ਹਾਂ ਹਾਲਾਤ ਵਿਚ ਭਾਰਤ ਨੂੰ ਅਪਣੀ ਕੂਟਨੀਤੀ ਦੀ ਯੋਜਨਾ ਤਿਆਰ ਕਰ ਕੇ ਨਜਿੱਠਣਾ ਚਾਹੀਦਾ ਹੈ। ਪਿਛਲੀ ਝੜਪ ਵਿਚ 20 ਫ਼ੌਜੀ ਸ਼ਹੀਦ ਹੋਏ ਸਨ। ਸਿਆਸਤਦਾਨ ਕਦੇ ਸਰਹੱਦ ਤੇ ਖ਼ਤਰੇ ਵਿਚ ਨਹੀਂ ਘਿਰਿਆ ਹੁੰਦਾ। ਸੋ ਇਸ ਕਰ ਕੇ ਉਹ ਖ਼ਤਰੇ ਸਹੇੜ ਲੈਂਦਾ ਹੈ। ਅਮਰੀਕਾ ਵੀ ਅਪਣੇ ਫ਼ੌਜੀਆਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣੋਂ ਬਚਾਉਣ ਵਾਸਤੇ ਜੰਗਾਂ ਤੋਂ ਮੂੰਹ ਮੋੜ ਰਿਹਾ ਹੈ। ਭਾਰਤ ਨੂੰ ਵੀ ਸੈਨਿਕ ਫ਼ੈਸਲੇ ਲੈਣ ਲਗਿਆਂ ਅਪਣੇ ਨੌਜਵਾਨ ਫ਼ੌਜੀਆਂ ਨੂੰ ਵੀ ਯਾਦ ਰਖਣਾ ਚਾਹੀਦਾ ਹੈ।

-ਨਿਮਰਤ ਕੌਰ

Comment here